ਪੁਲਿਸ ਅਤੇ CIA ਸਟਾਫ ਨੇ ਕੋਠੇ ਟੱਪ ਟੱਪ ਪਾਇਆ ਬਦਮਾਸ਼ਾਂ ਨੂੰ ਘੇਰਾ
ਵੱਖ-ਵੱਖ ਇਲਾਕਿਆਂ ਵਿੱਚ ਗੋਲੀਆਂ ਚਲਾ ਕੇ ਦਹਿਸ਼ਤ ਫੈਲਾਉਣ ਵਾਲੇ ਪੰਜ ਨੌਜਵਾਨ ਡੇਢ ਘੰਟੇ ਦੇ ਆਪਰੇਸ਼ਨ ਤੋਂ ਬਾਅਦ ਗ੍ਰਿਫਤਾਰ
ਰੋਹਿਤ ਗੁਪਤਾ
ਗੁਰਦਾਸਪੁਰ 4 ਮਈ 2025- ਬਟਾਲਾ ਅਤੇ ਆਸ ਪਾਸ ਦੇ ਇਲਾਕਿਆਂ ਵਿੱਚ ਗੋਲੀਬਾਰੀ ਕਰਕੇ ਦਹਿਸ਼ਤ ਫੈਲਾਉਣ ਵਾਲੇ ਪੰਜ ਨੌਜਵਾਨਾਂ ਨੂੰ ਪੁਲਿਸ ਨੇ ਸ਼ਨੀਵਾਰ ਨੂੰ ਲਗਭਗ ਡੇਢ ਘੰਟੇ ਤੱਕ ਚੱਲੇ ਇੱਕ ਆਪ੍ਰੇਸ਼ਨ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ। ਸਾਰਿਆਂ ਦੀ ਉਮਰ ਵੀ ਤੋਂ 23 ਸਾਲ ਦੇ ਵਿੱਚ ਦੱਸੀ ਜਾ ਰਹੀ ਹੈ। ਇਸ ਕਾਰਵਾਈ ਵਿੱਚ ਮੁੱਖ ਭੂਮਿਕਾ ਸੀਆਈਏ ਸਟਾਫ ਨੇ ਨਿਭਾਈ, ਜਿਸਦੇ ਇੰਚਾਰਜ ਅਤੇ ਕਰਮਚਾਰੀਆਂ ਨੇ ਲੋਕਾਂ ਦੀਆਂ ਛੱਤਾਂ 'ਤੇ ਜਾ ਕੇ ਅਪਰਾਧੀਆਂ ਨੂੰ ਫੜ ਲਿਆ। ਇਸ ਕਾਰਵਾਈ ਵਿੱਚ ਲਗਭਗ 25 ਤੋਂ 30 ਪੁਲਿਸ ਕਰਮਚਾਰੀ ਮੌਜੂਦ ਸਨ, ਜਿਨ੍ਹਾਂ ਨੇ ਇੱਕ ਗੁਪਤ ਸੂਚਨਾ ਦੇ ਅਧਾਰ ਤੇ ਸ਼ਹਿਰ ਦੇ ਅੰਦਰੂਨੀ ਇਲਾਕੇ ਦੇ ਵਿੱਚ ਸਥਿਤ ਇੱਕ ਘਰ ਨੂੰ ਘੇਰਾ ਪਾ ਲਿਆ।
ਪੁਲਿਸ ਨੇ ਪਹਿਲਾਂ ਇੱਕ ਬਦਮਾਸ਼ ਨੂੰ ਫੜਿਆ, ਜਦੋਂ ਕਿ ਬਾਅਦ ਵਿੱਚ ਉਸਦੇ ਚਾਰ ਹੋਰ ਸਾਥੀਆਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ। ਡੀਐਸਪੀ ਸਿਟੀ ਸੰਜੀਵ ਕੁਮਾਰ ਨੇ ਦੱਸਿਆ ਕਿ ਸੂਚਨਾ ਮਿਲੀ ਸੀ ਕਿ ਠਠਿਆਰਾਂ ਮੁਹੱਲੇ ਦੇ ਇੱਕ ਘਰ ਵਿੱਚ ਅਪਰਾਧਿਕ ਪਿਛੋਕੜ ਵਾਲੇ ਕੁਝ ਨੌਜਵਾਨ ਲੁਕੇ ਹੋਏ ਹਨ, ਜਿਸ 'ਤੇ ਉਹ ਸੀਆਈਏ ਸਟਾਫ ਅਤੇ ਹੋਰ ਪੁਲਿਸ ਮੁਲਾਜ਼ਮਾਂ ਨਾਲ ਮੌਕੇ 'ਤੇ ਪਹੁੰਚੇ ਅਤੇ ਕਾਫ਼ੀ ਜੱਦੋ-ਜਹਿਦ ਤੋਂ ਬਾਅਦ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਵੱਲੋਂ ਜਲਦੀ ਹੀ ਇਹਨਾਂ ਬਾਰੇ ਹੋਰ ਖੁਲਾਸੇ ਕੀਤੇ ਜਾਣ ਦੀ ਸੰਭਾਵਨਾ ਹੈ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਬਟਾਲਾ ਤੇ ਆਲੇ ਦੁਆਲੇ ਦੇ ਇਲਾਕਿਆਂ ਵਿੱਚ ਲਗਾਤਾਰ ਗੋਲੀਬਾਰੀ ਦੀ ਘਟਨਾਵਾਂ ਵਾਪਰ ਰਹੀਆਂ ਹਨ, ਜਿਨਾਂ ਦੇ ਕਾਫੀ ਹੱਦ ਤੱਕ ਸੁੱਲਝਣ ਦੇ ਆਸਾਰ ਬਣ ਗਏ ਹਨ।