ਨਗਰ ਨਿਗਮ ਬਠਿੰਡਾ ਦੀ ਐਫਐਂਡਸੀਸੀ ਮੀਟਿੰਗ ਵਿੱਚ 14 ਕਰੋੜ 87 ਲੱਖ ਰੁਪਏ ਦੇ ਵਰਕ ਆਰਡਰ ਜਾਰੀਅਸ਼ੋਕ ਵਰਮਾ
ਅਸ਼ੋਕ ਵਰਮਾ
ਬਠਿੰਡਾ, 12 ਅਗਸਤ 2025: ਅੱਜ ਮੇਅਰ ਪਦਮਜੀਤ ਸਿੰਘ ਮਹਿਤਾ ਦੀ ਅਗਵਾਈ ਹੇਠ ਹੋਈ ਐਫ ਐਂਡ ਸੀ ਸੀ ਮੀਟਿੰਗ ਦੌਰਾਨ ਸ਼ਹਿਰ ਦੇ ਵਿਕਾਸ ਕਾਰਜਾਂ ਲਈ 14 ਕਰੋੜ 87 ਲੱਖ ਰੁਪਏ ਦੇ ਵਰਕ ਆਰਡਰ ਜਾਰੀ ਕੀਤੇ ਗਏ। ਮੇਅਰ ਪਦਮਜੀਤ ਸਿੰਘ ਮਹਿਤਾ ਦੇ ਨਾਲ ਕਮਿਸ਼ਨਰ ਮੈਡਮ ਕੰਚਨ, ਐਫ ਐਂਡ ਸੀ ਸੀ ਮੈਂਬਰ ਰਤਨ ਰਾਹੀ, ਉਮੇਸ਼ ਗੋਗੀ ਅਤੇ ਮੈਡਮ ਪ੍ਰਵੀਨ ਗਰਗ, ਐਸਈ ਸੰਦੀਪ ਗੁਪਤਾ ਅਤੇ ਸੰਦੀਪ ਰੋਮਾਣਾ ਤੇ ਐਕਸਈਐਨ ਨੀਰਜ ਕੁਮਾਰ ਉਕਤ ਮੀਟਿੰਗ ਵਿੱਚ ਮੌਜੂਦ ਸਨ। ਮੀਟਿੰਗ ਬਾਰੇ ਜਾਣਕਾਰੀ ਦਿੰਦਿਆਂ ਮੇਅਰ ਪਦਮਜੀਤ ਸਿੰਘ ਮਹਿਤਾ ਨੇ ਦੱਸਿਆ ਕਿ ਐਫ ਐਂਡ ਸੀ ਸੀ ਮੀਟਿੰਗ ਦੌਰਾਨ ਬਠਿੰਡਾ ਦੇ ਵੱਖ-ਵੱਖ ਪਾਰਕਾਂ ਵਿੱਚ ਓਪਨ ਏਅਰ ਜਿੰਮ ਸਥਾਪਤ ਕਰਨ, ਬੱਚਿਆਂ ਲਈ ਝੂਲੇ ਲਗਾਉਣ, ਬਠਿੰਡਾ ਦੇ ਵੱਖ-ਵੱਖ ਖੇਤਰਾਂ ਦੀਆਂ ਸੜਕਾਂ 'ਤੇ ਪ੍ਰੀਮਿਕਸ ਪਾਉਣ, ਇੰਟਰਲਾਕਿੰਗ ਟਾਈਲਾਂ ਲਗਾਉਣ, ਮਾਡਲ ਟਾਊਨ ਫੇਜ਼ 1 ਵਿੱਚ ਫੁਹਾਰੇ ਲਗਾਉਣ, ਰਿੰਗ ਰੋਡ ਰੇਲਵੇ ਅੰਡਰਬ੍ਰਿਜ ਤੋਂ ਮਾਨਸਾ ਰੋਡ ਆਈ.ਟੀ.ਆਈ. ਤੱਕ ਮੀਂਹ ਦੇ ਪਾਣੀ ਦੀ ਨਿਕਾਸੀ ਦੇ ਪ੍ਰਬੰਧ ਕਰਨ ਲਈ ਵਰਕ ਆਰਡਰ ਜਾਰੀ ਕੀਤੇ ਗਏ ਹਨ।ਉਨ੍ਹਾਂ ਕਿਹਾ ਕਿ ਗਿਲਪਤੀ-ਸਿਵੀਆਂ ਰੋਡ 'ਤੇ ਸਟਰੀਟ ਲਾਈਟਾਂ ਲਈ ਵਰਕ ਆਰਡਰ ਜਾਰੀ ਕਰਨ ਦੇ ਨਾਲ-ਨਾਲ ਬਠਿੰਡਾ ਦੇ ਬਾਹਰੀ ਖੇਤਰਾਂ ਵਿੱਚ ਸਟਰੀਟ ਲਾਈਟਾਂ ਦਾ ਪ੍ਰਬੰਧ ਕਰਨ ਸਮੇਤ 1000 ਟ੍ਰੀ ਗਾਰਡ ਖਰੀਦੇ ਜਾਣਗੇ। ਮੇਅਰ ਮਹਿਤਾ ਨੇ ਕਿਹਾ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਆਮ ਲੋਕਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਕੀਤੇ ਜਾ ਰਹੇ ਯਤਨਾਂ ਤਹਿਤ ਅਮਰਪੁਰਾ ਬਸਤੀ ਵਿੱਚ ਆਮ ਆਦਮੀ ਕਲੀਨਿਕ ਨੂੰ ਅਪਗ੍ਰੇਡ ਕੀਤਾ ਜਾਵੇਗਾ ਅਤੇ ਡਾਕਟਰ ਕਿਸ਼ੋਰੀ ਰਾਮ ਰੋਡ 'ਤੇ ਆਮ ਆਦਮੀ ਕਲੀਨਿਕ ਖੋਲ੍ਹਿਆ ਜਾਵੇਗਾ। ਉਨ੍ਹਾਂ ਕਿਹਾ ਕਿ ਅਮਰੀਕ ਸਿੰਘ ਰੋਡ 'ਤੇ ਸਥਿਤ ਮਹਾਰਾਜਾ ਅਗਰਸੇਨ ਪਾਰਕ ਦਾ ਵੀ ਨਵੀਨੀਕਰਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬਠਿੰਡਾ ਨੂੰ ਸੁੰਦਰ ਬਣਾਉਣ ਲਈ ਬਠਿੰਡਾ ਦੀਆਂ ਸਾਰੀਆਂ ਸੜਕਾਂ 'ਤੇ ਪ੍ਰੀਮਿਕਸ ਪਾਉਣ, ਇੰਟਰਲਾਕਿੰਗ ਟਾਈਲਾਂ ਲਗਾਉਣ, ਪੈਚ ਵਰਕ ਲਗਾਉਣ ਅਤੇ ਕੰਕਰੀਟ ਪਾਉਣ ਦੇ ਕੰਮ ਦੇ ਵਰਕ ਆਰਡਰ ਜਾਰੀ ਕੀਤੇ ਗਏ ਹਨ, ਜਦੋਂ ਕਿ ਬਾਦਲ ਰੋਡ 'ਤੇ ਗਿਆਨੀ ਜ਼ੈਲ ਸਿੰਘ ਕਾਲਜ ਟੀ ਪੁਆਇੰਟ ਤੋਂ ਮਹਾਰਾਜਾ ਰਣਜੀਤ ਸਿੰਘ ਟੈਕਨੀਕਲ ਯੂਨੀਵਰਸਿਟੀ ਤੱਕ ਸਲਿੱਪ ਰੋਡ ਬਣਾਉਣ ਦਾ ਕੰਮ ਵੀ ਜਾਰੀ ਕੀਤਾ ਗਿਆ ਹੈ।
ਮੇਅਰ ਨੇ ਕਿਹਾ ਕਿ ਉਹ ਬਠਿੰਡਾ ਨੂੰ ਸਮੱਸਿਆ ਮੁਕਤ ਅਤੇ ਦੇਸ਼ ਦਾ ਇੱਕ ਆਦਰਸ਼ ਸ਼ਹਿਰ ਬਣਾਉਣ ਲਈ ਵਚਨਬੱਧ ਹਨ, ਜਿਸ ਲਈ ਯਤਨ ਜਾਰੀ ਹਨ। ਇਸ ਦੌਰਾਨ ਕਮਿਸ਼ਨਰ ਮੈਡਮ ਕੰਚਨ ਨੇ ਕਿਹਾ ਕਿ ਮੇਅਰ ਸ਼੍ਰੀ ਪਦਮਜੀਤ ਸਿੰਘ ਮਹਿਤਾ ਬਠਿੰਡਾ ਨੂੰ ਇੱਕ ਆਦਰਸ਼ ਸ਼ਹਿਰ ਬਣਾਉਣ ਲਈ ਸਖ਼ਤ ਮਿਹਨਤ ਕਰ ਰਹੇ ਹਨ, ਜਿਸ ਵਿੱਚ ਨਗਰ ਨਿਗਮ ਦਾ ਪੂਰਾ ਸਟਾਫ਼ ਸਹਿਯੋਗ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਜਾਰੀ ਕੀਤਾ ਗਿਆ ਵਰਕ ਆਰਡਰ ਬਠਿੰਡਾ ਨੂੰ ਬਦਲ ਦੇਵੇਗਾ, ਜਿਸਦੀ ਤਸਵੀਰ ਜਲਦੀ ਹੀ ਬਠਿੰਡਾ ਵਾਸੀਆਂ ਨੂੰ ਦਿਖਾਈ ਦੇਵੇਗੀ।