ਦੋਰਾਹਾ ਕੋਆਪਰੇਟਿਵ ਮਾਰਕੀਟਿੰਗ ਸੋਸਾਇਟੀ ਦੀ ਪ੍ਰਬੰਧਕ ਕਮੇਟੀ ਭੰਗ, ਪ੍ਰਸ਼ਾਸਕ ਨਿਯੁਕਤ; 2022 ਤੋਂ ਆਡਿਟ ਨਾ ਹੋਣ ਅਤੇ ਕਥਿਤ ਬੇਨਿਯਮੀਆਂ ਦੀ ਹੋਵੇਗੀ ਜਾਂਚ
ਪ੍ਰਸ਼ਾਸਕ ਸਾਬਰ ਅਲੀ ਨੇ ਮੌਕੇ 'ਤੇ ਪਹੁੰਚ ਕੇ ਸੰਭਾਲਿਆ ਚਾਰਜ, ਵਿਸ਼ੇਸ਼ ਆਡਿਟ ਕਰਵਾਉਣ ਦੀ ਕੀਤੀ ਸਿਫ਼ਾਰਸ਼
ਖੰਨਾ, 14 ਨਵੰਬਰ ( ਰਵਿੰਦਰ ਢਿੱਲੋਂ / ਬਾਤਿਸ਼)
ਦੋਰਾਹਾ ਕੋਆਪਰੇਟਿਵ ਮਾਰਕੀਟਿੰਗ ਸੋਸਾਇਟੀ ਵਿੱਚ ਕਥਿਤ ਵਿੱਤੀ ਬੇਨਿਯਮੀਆਂ ਅਤੇ ਲੰਬੇ ਸਮੇਂ ਤੋਂ ਆਡਿਟ ਨਾ ਹੋਣ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਸਹਿਕਾਰੀ ਵਿਭਾਗ ਵੱਲੋਂ ਪ੍ਰਬੰਧਕ ਕਮੇਟੀ ਨੂੰ ਭੰਗ ਕਰ ਦਿੱਤਾ ਗਿਆ ਹੈ ਅਤੇ ਸੋਸਾਇਟੀ ਦਾ ਕੰਮਕਾਜ ਚਲਾਉਣ ਲਈ ਪ੍ਰਸ਼ਾਸਕ ਨਿਯੁਕਤ ਕੀਤਾ ਗਿਆ ਹੈ। ਨਿਯੁਕਤ ਪ੍ਰਸ਼ਾਸਕ ਸਾਬਰ ਅਲੀ ਨੇ ਸ਼ਨੀਵਾਰ ਨੂੰ ਸੋਸਾਇਟੀ ਵਿਖੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਅਤੇ ਰਿਕਾਰਡ ਦੀ ਜਾਂਚ ਕਰਨ ਸਬੰਧੀ ਅਗਲੀ ਕਾਰਵਾਈ ਕੀਤੀ।
ਮੌਕੇ 'ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਸ਼ਾਸਕ ਸਾਬਰ ਅਲੀ ਨੇ ਦੱਸਿਆ ਕਿ ਉਪ ਰਜਿਸਟਰਾਰ ਸਹਿਕਾਰੀ ਸਭਾਵਾਂ, ਲੁਧਿਆਣਾ ਵੱਲੋਂ ਜਾਰੀ ਹੁਕਮਾਂ ਦੀ ਪਾਲਣਾ ਕਰਦਿਆਂ ਉਨ੍ਹਾਂ ਨੂੰ ਇਹ ਜ਼ਿੰਮੇਵਾਰੀ ਸੌਂਪੀ ਗਈ ਹੈ। ਮੁੱਢਲੀ ਜਾਣਕਾਰੀ ਅਨੁਸਾਰ ਸੋਸਾਇਟੀ ਦਾ ਸਾਲ 2022 ਤੋਂ ਆਡਿਟ ਨਹੀਂ ਹੋਇਆ, ਜਦਕਿ ਇਸ ਦਾ ਕਾਰੋਬਾਰ ਕਾਫ਼ੀ ਵੱਡੇ ਪੱਧਰ 'ਤੇ ਹੈ ਅਤੇ ਹਰ ਸਾਲ ਲੱਖਾਂ-ਕਰੋੜਾਂ ਰੁਪਏ ਦਾ ਲੈਣ-ਦੇਣ ਹੁੰਦਾ ਹੈ। ਆਡਿਟ ਨਾ ਹੋਣਾ ਅਤੇ ਖਾਤਿਆਂ ਵਿੱਚ ਕਥਿਤ ਅਣਅਧਿਕਾਰਤ ਲੈਣ-ਦੇਣ ਹੋਣ ਦੇ ਸੰਕੇਤ ਮਿਲਣ ਕਾਰਨ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਵਿਭਾਗੀ ਹੁਕਮਾਂ ਅਨੁਸਾਰ ਪਹਿਲਾਂ ਮਾਛੀਵਾੜਾ ਤੋਂ ਮਨਪ੍ਰੀਤ ਸਿੰਘ ਕੋਲ ਸੋਸਾਇਟੀ ਦੇ ਮੈਨੇਜਰ ਦਾ ਵਾਧੂ ਚਾਰਜ ਸੀ, ਜਿਸ ਨੂੰ ਹਟਾ ਕੇ ਸਾਹਨੇਵਾਲ ਤੋਂ ਵਿਜੇ ਕੁਮਾਰ ਨੂੰ ਮੈਨੇਜਰ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਇਸ ਦੇ ਨਾਲ ਹੀ ਸੋਸਾਇਟੀ ਦਾ ਰਿਕਾਰਡ ਅਤੇ ਚਾਬੀਆਂ ਸਬੰਧਤ ਅਧਿਕਾਰੀ ਤੋਂ ਪ੍ਰਾਪਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਸਾਬਰ ਅਲੀ ਨੇ ਦੋਸ਼ ਲਾਇਆ ਕਿ ਜਦੋਂ ਉਹ ਸੋਸਾਇਟੀ ਵਿਖੇ ਪਹੁੰਚੇ ਤਾਂ ਸਾਬਕਾ ਮੈਨੇਜਰ ਮਨਪ੍ਰੀਤ ਸਿੰਘ ਉੱਥੇ ਮੌਜੂਦ ਸਨ। ਉਨ੍ਹਾਂ ਵੱਲੋਂ ਰਿਕਾਰਡ ਮੰਗੇ ਜਾਣ 'ਤੇ ਮਨਪ੍ਰੀਤ ਸਿੰਘ ਕਥਿਤ ਤੌਰ 'ਤੇ ਚਾਬੀ ਲੈ ਕੇ ਬਾਹਰ ਚਲੇ ਗਏ ਅਤੇ ਰਿਕਾਰਡ ਸੌਂਪਣ ਵਿੱਚ ਸਹਿਯੋਗ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਇਸ ਸਬੰਧੀ ਐੱਸ.ਡੀ.ਐੱਮ. ਨੂੰ ਵੀ ਲਿਖਤੀ ਤੌਰ 'ਤੇ ਜਾਣੂ ਕਰਵਾਇਆ ਜਾਵੇਗਾ ਤਾਂ ਜੋ ਲੋੜੀਂਦਾ ਰਿਕਾਰਡ ਪ੍ਰਾਪਤ ਕੀਤਾ ਜਾ ਸਕੇ।
ਪ੍ਰਸ਼ਾਸਕ ਨੇ ਅੱਗੇ ਦੱਸਿਆ ਕਿ ਸੋਸਾਇਟੀ ਦੇ ਰੋਜ਼ਾਨਾ ਕੈਸ਼ ਲੈਣ-ਦੇਣ, ਪੈਟਰੋਲ ਪੰਪ ਦੇ ਖਰਚਿਆਂ, ਦੁਕਾਨਾਂ ਦੇ ਕਿਰਾਏ ਅਤੇ ਹੋਰ ਵਿੱਤੀ ਰਿਕਾਰਡ ਦੀ ਜਾਂਚ ਕੀਤੀ ਜਾਵੇਗੀ। ਉਨ੍ਹਾਂ ਮੁਤਾਬਕ ਮੌਕੇ 'ਤੇ ਮੌਜੂਦ ਕੁਝ ਕਰਮਚਾਰੀਆਂ ਤੋਂ ਵੀ ਪੁੱਛਗਿੱਛ ਕੀਤੀ ਗਈ ਹੈ। ਕਥਿਤ ਤੌਰ 'ਤੇ 35 ਹਜ਼ਾਰ ਰੁਪਏ ਦੀ ਅਦਾਇਗੀ ਸਬੰਧੀ ਵੀ ਸਪੱਸ਼ਟੀਕਰਨ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਵਿੱਤੀ ਬੇਨਿਯਮੀ ਜਾਂ ਗਬਨ ਸਾਹਮਣੇ ਆਉਣ 'ਤੇ ਜ਼ਿੰਮੇਵਾਰ ਵਿਅਕਤੀਆਂ ਵਿਰੁੱਧ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ।
ਉਨ੍ਹਾਂ ਇਹ ਵੀ ਕਿਹਾ ਕਿ ਉਪ ਰਜਿਸਟਰਾਰ ਅਤੇ ਸਬੰਧਤ ਸਹਾਇਕ ਰਜਿਸਟਰਾਰ ਨੂੰ ਲਿਖ ਕੇ ਵਿਸ਼ੇਸ਼ ਆਡਿਟ ਕਰਵਾਉਣ ਦੀ ਸਿਫ਼ਾਰਸ਼ ਕੀਤੀ ਜਾਵੇਗੀ। ਆਡਿਟ ਅਤੇ ਰਿਕਾਰਡ ਦੀ ਜਾਂਚ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਕਿ ਸੋਸਾਇਟੀ ਨੂੰ ਕੋਈ ਵਿੱਤੀ ਨੁਕਸਾਨ ਹੋਇਆ ਹੈ ਜਾਂ ਕਿਸੇ ਪੱਧਰ 'ਤੇ ਗਬਨ ਜਾਂ ਬੇਨਿਯਮੀਆਂ ਹੋਈਆਂ ਹਨ।
ਪ੍ਰਸ਼ਾਸਕ ਸਾਬਰ ਅਲੀ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਵੱਲੋਂ ਪੂਰੀ ਕਾਰਵਾਈ ਨਿਯਮਾਂ ਅਨੁਸਾਰ ਅਤੇ ਬਿਨਾਂ ਕਿਸੇ ਸਿਆਸੀ ਦਖ਼ਲਅੰਦਾਜ਼ੀ ਦੇ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸੋਸਾਇਟੀ ਦਾ ਕੰਮਕਾਜ ਪ੍ਰਭਾਵਿਤ ਨਾ ਹੋਵੇ, ਇਸ ਲਈ ਨਵੇਂ ਮੈਨੇਜਰ ਜਾਂ ਸਬੰਧਤ ਕਰਮਚਾਰੀ ਨੂੰ ਚਾਰਜ ਦੇ ਕੇ ਕੰਮਕਾਜ ਸੁਚਾਰੂ ਢੰਗ ਨਾਲ ਚਲਾਇਆ ਜਾਵੇਗਾ। ਮਾਮਲੇ ਦੀ ਅਸਲ ਸੱਚਾਈ ਵਿਸ਼ੇਸ਼ ਆਡਿਟ ਅਤੇ ਵਿਭਾਗੀ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗੀ।
- Download Babushahi App
-
-