ਜੇ ਮੰਤਰੀ ਦੀ ਕੋਠੀ ਅੱਗੇ ਲਾਇਆ ਧਰਨਾ ਤਾਂ ਹੋਵੇਗੀ ਸਖ਼ਤ ਕਾਰਵਾਈ
ਰਵੀ ਜੱਖੂ
ਚੰਡੀਗੜ੍ਹ, 31 ਅਕਤੂਬਰ 2025- ਪੰਜਾਬ ਸਰਕਾਰ ਤਾਜ਼ਾ ਫੁਰਮਾਨ ਜਾਰੀ ਕੀਤਾ ਹੈ। ਜਿਸ ਵਿੱਚ ਸਾਫ਼ ਸਾਫ਼ ਲਿਖਿਆ ਹੋਇਆ ਹੈ ਕਿ ਬਿਜਲੀ ਮੰਤਰੀ ਦੇ ਘਰ ਅੱਗੇ ਧਰਨਾ ਦੇਣ ਵਾਲਿਆਂ ਖਿਲਾਫ਼ ਵਿਭਾਗ ਕਾਰਵਾਈ ਕਰੇਗਾ।
ਜਾਣਕਾਰੀ ਅਨੁਸਾਰ, ਪੀ.ਐਸ.ਈ.ਬੀ. ਇੰਪਲਾਈਜ਼ ਜੁਆਇੰਟ ਫੋਰਮ ਅਤੇ ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ ਵੱਲੋਂ 2 ਨਵੰਬਰ 2025 ਨੂੰ ਬਿਜਲੀ ਮੰਤਰੀ ਦੀ ਰਿਹਾਇਸ਼ ਅੱਗੇ ਵਿਸ਼ਾਲ ਸੂਬਾ ਪੱਧਰੀ ਰੋਸ ਧਰਨੇ ਦਾ ਐਲਾਨ ਕੀਤਾ ਗਿਆ ਹੈ, ਜਿਸ ਨੂੰ ਲੈ ਕੇ ਸਰਕਾਰ ਵੱਲੋਂ ਉਕਤ ਨਿਰਦੇਸ਼ ਜਾਰੀ ਕੀਤੇ ਗਏ ਹਨ।
ਪੱਤਰ ਵਿੱਚ ਕੀਤੇ ਗਏ ਹਨ ਨਿਰਦੇਸ਼ ?
ਜਾਰੀ ਪੱਤਰ ਅਨੁਸਾਰ, ਬਿਜਲੀ ਮੰਤਰੀ ਦੀ ਕੋਠੀ ਦੇ ਬਾਹਰ ਰੋਸ ਪ੍ਰਦਰਸ਼ਨ ਕਰਨ ਵਾਲੇ ਮੁਲਾਜ਼ਮਾਂ ਖਿਲਾਫ਼ ਵਿਭਾਗੀ ਕਾਰਵਾਈ ਕੀਤੀ ਜਾਵੇਗੀ। ਇਸ ਵਿੱਚ ਕਿਹਾ ਗਿਆ ਹੈ ਕਿ ਮੁਲਾਜ਼ਮਾਂ ਨੂੰ ਸਿਰਫ਼ ਮੈਡੀਕਲ ਆਧਾਰ 'ਤੇ ਹੀ ਛੁੱਟੀ ਦਿੱਤੀ ਜਾਵੇਗੀ, ਹੋਰ ਕੋਈ ਵੀ ਆਧਾਰ ਛੁੱਟੀ ਲਈ ਮੰਨਿਆ ਨਹੀਂ ਜਾਵੇਗਾ।
''ਤਨਖਾਹ ਜਾਰੀ ਨਾ ਕਰਨ ਤੇ ਬ੍ਰੇਕ ਇੰਨ ਸਰਵਿਸ ਪਾਈ ਜਾਵੇ''
ਇਸ ਦੇ ਨਾਲ ਹੀ ਜਿਹੜਾ ਵੀ ਅਧਿਕਾਰੀ ਜਾਂ ਕਰਮਚਾਰੀ ਧਰਨਾ ਪ੍ਰੋਗਰਾਮਾਂ ਵਿੱਚ ਭਾਗ ਲੈਂਦਾ ਹੈ ਅਤੇ ਇਸ ਦੌਰਾਨ ਡਿਊਟੀ 'ਤੇ ਹਾਜ਼ਰ ਨਹੀਂ ਰਹਿੰਦਾ, ਉਸ ਦੀ ਗ਼ੈਰ-ਹਾਜ਼ਰੀ ਲਗਾਈ ਜਾਵੇ। 'ਕੰਮ ਨਹੀਂ ਤਨਖਾਹ ਨਹੀਂ' ਦਾ ਸਿਧਾਂਤ ਲਾਗੂ ਕਰਦੇ ਹੋਏ ਤਨਖਾਹ ਨਾ ਦਿੱਤੀ ਜਾਵੇ ਅਤੇ ਬ੍ਰੇਕ ਇੰਨ ਸਰਵਿਸ ਪਾਈ ਜਾਵੇ।