ਚੰਡੀਗੜ੍ਹ ਪੁਲਿਸ ਵੱਲੋਂ ਕੀਤੇ ਜਬਰ ਖਿਲਾਫ ਕਿਸਾਨਾਂ ਨੇ ਬਠਿੰਡਾ ਜ਼ਿਲ੍ਹੇ ਦੇ ਪਿੰਡਾਂ ਵਿੱਚ ਅਰਥੀਆਂ ਸਾੜੀਆਂ
ਅਸ਼ੋਕ ਵਰਮਾ
ਬਠਿੰਡਾ, 16 ਮਈ 2026 :ਕੇਂਦਰ ਸਰਕਾਰ ਵੱਲੋਂ ਭਾਖੜਾ ਬਿਆਸ ਮੈਨੇਜਮੈਂਟ (ਬੀ ਬੀ ਐੱਮ ਬੀ) ਵਿੱਚੋਂ ਪੰਜਾਬ ਦੀ ਸਥਾਈ ਮੈਂਬਰੀ ਖ਼ਤਮ ਕਰਨ ਦੇ ਨੋਟੀਫਿਕੇਸ਼ਨ ਨੂੰ ਰੱਦ ਕਰਵਾਉਣ, ਅਤੇ ਰਿਪੇਰੀਅਨ - ਬੇਸਨ ਕਾਨੂੰਨ ਅਨੁਸਾਰ ਪਾਣੀ ਦੀ ਵੰਡ ਦੀ ਮੰਗ ਲਈ ਕੱਲ ਸੰਯੁਕਤ ਕਿਸਾਨ ਮੋਰਚੇ ਵਿੱਚ ਸ਼ਾਮਿਲ ਕਿਸਾਨ ਜਥੇਬੰਦੀਆਂ ਵੱਲੋਂ ਚੰਡੀਗੜ੍ਹ ਰਾਜਪਾਲ ਭਵਨ ਵੱਲ ਪੰਜਾਬ ਦੇ ਰਾਜਪਾਲ ਨੂੰ ਮੰਗ ਪੱਤਰ ਦੇਣ ਜਾਂਦਿਆਂ ਚੰਡੀਗੜ੍ਹ ਵਿਖੇ ਸਖਤ ਨਾਕੇ ਲਾ ਕੇ ਕਿਸਾਨਾਂ ਨੂੰ ਰੋਕਣ ਉਹਨਾਂ ਤੇ ਪਾਣੀ ਦਾ ਬੁਛਾੜਾਂ, ਅੱਥਰੂ ਗੈਸ ਛੱਡਣ, ਲਾਠੀ ਚਾਰਜ ਕਰਨ ਤੇ ਗ੍ਰਿਫਤਾਰ ਕਰਨ ਵਿਰੁੱਧ ਐਸ ਕੇ ਐਮ ਦੇ ਸੱਦੇ ਤੇ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿਲਾ ਬਠਿੰਡਾ ਨੇ ਰਾਮਪੁਰਾ, ਜਿਉਂਦ, ਮੌੜ ਮੰਡੀ, ਤਲਵੰਡੀ ਸਾਬੋ, ਸੰਗਤ ਮੰਡੀ, ਗੋਨਿਆਣਾ ਮੰਡੀ,ਭਗਤਾ, ਭੁੱਚੋ ਮੰਡੀ ਅਤੇ ਨਥਾਣਾ ਵਿਖੇ ਕੇਂਦਰ ਦੀ ਭਾਜਪਾ ਸਰਕਾਰ ਅਤੇ ਰਾਜਪਾਲ ਪੰਜਾਬ ਦੇ ਪੁਤਲੇ ਗਏ। ਅੱਜ ਦੇ ਇਕੱਠਾਂ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ (ਬੁਰਜ ਗਿੱਲ), ਕਿਰਤੀ ਕਿਸਾਨ ਯੂਨੀਅਨ, ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ (ਧਨੇਰ) ਕੁਲ ਹਿੰਦ ਕਿਸਾਨ ਸਭਾ ਨੇ ਵੀ ਸ਼ਮੂਲੀਅਤ ਕੀਤੀ।
ਅੱਜ ਦੇ ਇਕੱਠਾਂ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਜਗਦੇਵ ਸਿੰਘ ਜੋਗੇਵਾਲਾ,ਜਗਸੀਰ ਸਿੰਘ ਝੁੰਬਾ, ਮਾਲਣ ਕੌਰ ਕੋਠਾ ਗੁਰੂ ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾ ਜਨਰਲ ਸਕੱਤਰ ਬਲਲਕਨ ਸਿੰਘ ਬਰਾੜ, ਕਿਰਤੀ ਕਿਸਾਨ ਯੂਨੀਅਨ ਦੇ ਜਿਲਾ ਪ੍ਰਧਾਨ ਸਵਰਨ ਸਿੰਘ ਪੂਹਲੀ, ਬੀ ਕੇ ਯੂ ਡਕੌਂਦਾ ਦੇ ਆਗੂ ਬੂਟਾ ਸਿੰਘ ਤੁੰਗਵਾਲੀ, ਬੀ ਕੇ ਯੂ ਡਕੌਂਦਾ ਦੇ ਆਗੂ ਹਰਵਿੰਦਰ ਸਿੰਘ ਕੋਟਲੀ ਨੇ ਕਿਸਾਨਾਂ ਤੇ ਕੀਤੇ ਜਬਰ ਦੀ ਜ਼ੋਰਦਾਰ ਨਿਖੇਧੀ ਕਰਦਿਆਂ ਕਿਹਾ ਕਿ ਚੰਡੀਗੜ੍ਹ ਦੀ ਭਾਜਪਾ ਸਰਕਾਰ ਕਿਸਾਨਾਂ ਨੂੰ ਉਹਨਾਂ ਦੀ ਰਾਜਧਾਨੀ ਵਿੱਚ ਦਾਖਲੇ ਤੇ ਰੋਕ ਲਾ ਕੇ ਉਹਨਾਂ ਦਾ ਜਮਹੂਰੀ ਅਧਿਕਾਰ ਕੁਚਲ ਰਹੀ ਹੈ। ਉਹਨਾਂ ਕਿਹਾ ਕਿ ਜੇਕਰ ਕੇਂਦਰ ਦੀ ਮੋਦੀ ਸਰਕਾਰ ਨੇ ਪੰਜਾਬ ਪ੍ਰਤੀ ਆਪਣਾ ਵਤੀਰਾ ਅਤੇ ਨੀਤੀਆਂ ਨਾ ਬਦਲਿਆ ਤਾਂ ਪਹਿਲਾਂ ਵਾਂਗ ਕੇਂਦਰੀ ਹਕੂਮਤ ਨੂੰ ਸੂਬੇ ਦੀ ਕਿਸਾਨੀ ਦੇ ਤਿੱਖੇ ਵਿਰੋਧ ਦਾ ਸਾਹਮਣਾ ਕਰਨਾ ਪਵੇਗਾ।
ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਪਾਣੀ ਦੀ ਕੁਦਰਤੀ ਦਾਤ ਨੂੰ ਵਪਾਰਕ ਵਸਤੂ ਬਣਾ ਕੇ ਸਰਮਾਏਦਾਰਾਂ ਦੇ ਹਵਾਲੇ ਕਰਨਾ ਬੰਦ ਕੀਤਾ ਜਾਵੇ, ਫੈਕਟਰੀਆਂ ਵੱਲੋਂ ਪਾਣੀ ਨੂੰ ਜਹਿਰੀਲਾ ਕਰਕੇ ਧਰਤੀ ਹੇਠਾਂ, ਦਰਿਆਵਾਂ ਵਿੱਚ ਪਾਉਣ ਤੇ ਸਖਤ ਸਜਾ ਯੋਗ ਕਾਨੂੰਨ ਬਣਾਇਆ ਜਾਵੇ, ਪਾਣੀਆਂ ਦੀ ਸੰਭਾਲ ਦੇ ਸੁਚੱਜੇ ਪ੍ਰਬੰਧ ਕੀਤੇ ਜਾਣ, ਹਰਿਆਣਾ ਤੇ ਰਾਜਸਥਾਨ ਨਾਲ ਪਾਣੀ ਦੇ ਰੱਟੇ ਨੂੰ ਮਿਲ ਬੈਠ ਕੇ ਹੱਲ ਕੀਤਾ ਜਾਵੇ। ਅੱਜ ਦੇ ਇਕੱਠਾਂ ਨੂੰ ਗੁਲਾਬ ਸਿੰਘ ਜਿਉਂਦ, ਅਵਤਾਰ ਸਿੰਘ ਪੂਹਲਾ, ਸਿਮਰਜੀਤ ਸਿੰਘ ਚੱਕ ਫਤਿਹ ਸਿੰਘ ਵਾਲਾ, ਜਸਪਾਲ ਸਿੰਘ ਗੋਠਾਗੁਰੂ, ਅਮਰੀਕ ਸਿੰਘ ਸਿਵੀਆਂ, ਜਸਕਰਨ ਸਿੰਘ ਕੋਟ ਗੁਰੂ, ਹਰਪ੍ਰੀਤ ਸਿੰਘ ਚੱਠੇਵਾਲਾ, ਭੋਲਾ ਸਿੰਘ ਰਾਏ ਖਾਨਾ, ਸਿਕੰਦਰ ਸਿੰਘ ਘੁੰਮਣ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਆਗੂ ਸੇਵਕ ਸਿੰਘ ਅਤੇ ਟੀ ਐਸ ਯੂ ਭੰਗਲ ਦੇ ਆਗੂ ਚੰਦਰ ਸ਼ਰਮਾ ਨੇ ਵੀ ਸੰਬੋਧਨ ਕੀਤਾ। ਇਸ ਤੋਂ ਇਲਾਵਾ ਟੋਲ ਪਲਾਜ਼ਾ ਵਰਕਰ ਯੂਨੀਅਨ ਅਤੇ ਠੇਕਾ ਮੁਲਾਜ਼ਮ ਮੋਰਚਾ ਵੱਲੋਂ ਵੀ ਜ਼ਬਰ ਵਿਰੁੱਧ ਕੀਤੇ ਪ੍ਰੋਗਰਾਮਾਂ ਦੀ ਪ੍ਰਸ਼ੰਸਾ ਕੀਤੀ ਗਈ।
- Download Babushahi App
-
-