ਗਲੌਕ ਪਿਸਤੌਲ ਤੇ 20 ਕਾਰਤੂਸ ਸਮੇਤ ਦੋ ਕਾਬੂ
ਸੁਖਮਿੰਦਰ ਭੰਗੂ
ਲੁਧਿਆਣਾ 6 ਅਕਤੂਬਰ 2026
ਗੈਂਗਸਟਰਾਂ ਅਤੇ ਨਾਜਾਇਜ਼ ਅਸਲੇ ਖ਼ਿਲਾਫ਼ ਚਲਾਈ ਮੁਹਿੰਮ ਤਹਿਤ ਲੁਧਿਆਣਾ ਪੁਲਿਸ ਦੇ ਸੀ.ਆਈ.ਏ. ਸਟਾਫ਼ ਨੇ ਦੋ ਵਿਅਕਤੀਆਂ ਨੂੰ ਗਲੌਕ 9 ਐੱਮ.ਐੱਮ. ਪਿਸਤੌਲ, 20 ਜ਼ਿੰਦਾ ਕਾਰਤੂਸ ਅਤੇ ਯਾਮਾਹਾ ਐੱਫ.ਜ਼ੈੱਡ ਹਿਮਾਚਲ ਨੰਬਰ ਮੋਟਰਸਾਈਕਲ ਸਮੇਤ ਕਾਬੂ ਕੀਤਾ ਹੈ।
ਪੁਲਿਸ ਅਨੁਸਾਰ ਮੁਲਜ਼ਮਾਂ ਦੀ ਪਛਾਣ ਰਾਧੇ ਸ਼ਾਮ ਅਤੇ ਰਾਹੁਲ ਕੁਮਾਰ, ਵਾਸੀ ਗੰਗਾਨਗਰ (ਰਾਜਸਥਾਨ), ਵਜੋਂ ਹੋਈ ਹੈ। ਦੋਵੇਂ ਨੂੰ ਫਿਰੋਜ਼ਪੁਰ ਰੋਡ ਸਥਿਤ ਨਹਿਰੀ ਵਿਭਾਗ ਦੀ ਬੇਆਬਾਦ ਜ਼ਮੀਨ ਤੋਂ ਕਾਬੂ ਕੀਤਾ ਗਿਆ।
ਪੁਲਿਸ ਦਾ ਦਾਅਵਾ ਹੈ ਕਿ ਮੁਲਜ਼ਮ ਵਿਦੇਸ਼ ਵਿੱਚ ਰਹਿੰਦੇ ਆਪਣੇ ਕਥਿਤ ਸਾਥੀ ਦੇ ਇਸ਼ਾਰੇ ’ਤੇ ਕਾਰੋਬਾਰੀਆਂ ਦੇ ਘਰਾਂ ਅਤੇ ਦਫ਼ਤਰਾਂ ’ਤੇ ਗੋਲੀਆਂ ਚਲਾ ਕੇ ਫਿਰੌਤੀ ਵਸੂਲਣ ਦੀ ਯੋਜਨਾ ਬਣਾ ਰਹੇ ਸਨ।
ਰਾਧੇ ਸ਼ਾਮ ਖ਼ਿਲਾਫ਼ ਰਾਜਸਥਾਨ ਵਿੱਚ ਪਹਿਲਾਂ 5 ਕੇਸ, ਜਦਕਿ ਰਾਹੁਲ ਕੁਮਾਰ ਖ਼ਿਲਾਫ਼ 1 ਕੇਸ ਦਰਜ ਹੋਣ ਦੀ ਪੁਲਿਸ ਨੇ ਜਾਣਕਾਰੀ ਦਿੱਤੀ ਹੈ।
ਦੋਵੇਂ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ 2 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਪੁਲਿਸ ਹਥਿਆਰ ਦੇ ਸਰੋਤ ਅਤੇ ਇਸ ਨਾਲ ਜੁੜੀਆਂ ਸੰਭਾਵਿਤ ਪਿਛਲੀਆਂ ਤੇ ਆਉਣ ਵਾਲੀਆਂ ਵਾਰਦਾਤਾਂ ਬਾਰੇ ਪੁੱਛਗਿੱਛ ਕਰ ਰਹੀ ਹੈ।
- Download Babushahi App
-
-