ਗਲੋਬਲ RISE 2026 ’ਚ ਚਮਕੀ ਲੁਧਿਆਣਾ ਦੀ ਸਨਅਤੀ ਤਾਕਤ, ਕੌਮਾਂਤਰੀ ਬਾਜ਼ਾਰਾਂ ਤੱਕ ਪਹੁੰਚ ਵਧਾਉਣ ’ਤੇ ਹੋਇਆ ਮੰਥਨ
85 ਤੋਂ ਵੱਧ ਉਦਯੋਗਿਕ ਨੁਮਾਇੰਦਿਆਂ, MSME ਕਾਰੋਬਾਰੀਆਂ ਅਤੇ ਸਰਕਾਰੀ ਅਧਿਕਾਰੀਆਂ ਨੇ ਕੀਤੀ ਸ਼ਮੂਲੀਅਤ; ਤਕਨਾਲੋਜੀ, ਨਿਰਯਾਤ, ਬ੍ਰਾਂਡਿੰਗ ਅਤੇ ਪੰਜਾਬ ਦੀ ਨਵੀਂ ਸਨਅਤੀ ਨੀਤੀ ’ਤੇ ਹੋਈ ਚਰਚਾ
ਸੁਖਮਿੰਦਰ ਭੰਗੂ
ਲੁਧਿਆਣਾ, 13 ਨਵੰਬਰ 2026- ਲੁਧਿਆਣਾ ਦੀ ਮਜ਼ਬੂਤ ਸਨਅਤੀ ਸਮਰੱਥਾ ਨੂੰ ਕੌਮਾਂਤਰੀ ਪੱਧਰ ’ਤੇ ਨਵੀਂ ਪਛਾਣ ਦਿਵਾਉਣ ਅਤੇ ਸਥਾਨਕ ਕਾਰੋਬਾਰਾਂ ਲਈ ਵਿਸ਼ਵ ਬਾਜ਼ਾਰਾਂ ਦੇ ਰਾਹ ਖੋਲ੍ਹਣ ਦੇ ਉਦੇਸ਼ ਨਾਲ ਗਲੋਬਲ RISE 2026 ਦਾ ਲੁਧਿਆਣਾ ਐਡੀਸ਼ਨ ਹਯਾਤ ਰੀਜੈਂਸੀ ਵਿਖੇ ਕਰਵਾਇਆ ਗਿਆ। SMBConnect ਵੱਲੋਂ ਕਰਵਾਏ ਇਸ ਸਮਾਗਮ ਵਿੱਚ 85 ਤੋਂ ਵੱਧ ਉਦਯੋਗਿਕ ਨੁਮਾਇੰਦਿਆਂ, MSME ਕਾਰੋਬਾਰੀਆਂ ਅਤੇ ਸਰਕਾਰੀ ਅਧਿਕਾਰੀਆਂ ਨੇ ਸ਼ਮੂਲੀਅਤ ਕੀਤੀ।
ਸਮਾਗਮ ਦੌਰਾਨ ਟੈਕਸਟਾਈਲ, ਸਾਈਕਲ, ਆਟੋ ਪਾਰਟਸ ਅਤੇ ਇੰਜੀਨੀਅਰਿੰਗ ਉਦਯੋਗਾਂ ਦੀਆਂ ਸੰਭਾਵਨਾਵਾਂ ਦੇ ਨਾਲ ਨਵੀਂ ਤਕਨਾਲੋਜੀ ਅਪਣਾਉਣ, ਉਤਪਾਦਾਂ ਦੀ ਗੁਣਵੱਤਾ ਸੁਧਾਰਨ, ਨਿਰਯਾਤ ਵਧਾਉਣ ਅਤੇ ਨਵੇਂ ਕੌਮਾਂਤਰੀ ਬਾਜ਼ਾਰਾਂ ਤੱਕ ਪਹੁੰਚ ਬਣਾਉਣ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਭਾਰਤ ਦੇ ਮੁਕਤ ਵਪਾਰ ਸਮਝੌਤਿਆਂ (FTAs) ਰਾਹੀਂ ਛੋਟੇ ਉਦਯੋਗਾਂ ਲਈ ਪੈਦਾ ਹੋ ਰਹੇ ਮੌਕਿਆਂ ’ਤੇ ਵੀ ਵਿਸ਼ੇਸ਼ ਚਰਚਾ ਹੋਈ।
SMBConnect ਦੇ ਸੰਸਥਾਪਕ ਅਤੇ ਡਾਇਰੈਕਟਰ ਸੰਦੀਪਨ ਰੇਅ ਨੇ ਕਿਹਾ ਕਿ ਲੁਧਿਆਣਾ ਕੋਲ ਪਹਿਲਾਂ ਹੀ ਮਜ਼ਬੂਤ ਸਨਅਤੀ ਢਾਂਚਾ ਅਤੇ ਕਾਰੋਬਾਰੀ ਸਮਰੱਥਾ ਮੌਜੂਦ ਹੈ। ਹੁਣ ਲੋੜ ਸਥਾਨਕ ਉਦਯੋਗਾਂ ਨੂੰ ਨਵੇਂ ਬਾਜ਼ਾਰਾਂ, ਤਕਨਾਲੋਜੀ ਅਤੇ ਕੌਮਾਂਤਰੀ ਵਪਾਰਕ ਸੰਪਰਕਾਂ ਨਾਲ ਜੋੜਨ ਦੀ ਹੈ।
ਸਮਾਗਮ ਵਿੱਚ CICU ਦੇ ਮੀਤ ਪ੍ਰਧਾਨ ਦਿਦਾਰਜੀਤ ਸਿੰਘ ਲੋਟੇ ਨੇ ਵਿਸ਼ਵ ਵਪਾਰ ਵਿੱਚ ਭਾਰਤੀ MSMEs ਲਈ ਉੱਭਰ ਰਹੇ ਮੌਕਿਆਂ ਬਾਰੇ ਵਿਚਾਰ ਸਾਂਝੇ ਕੀਤੇ। ਪੰਜਾਬ ਸਰਕਾਰ ਦੇ ਉਦਯੋਗ ਅਤੇ ਵਣਜ ਵਿਭਾਗ ਦੇ ਸਹਾਇਕ ਡਾਇਰੈਕਟਰ ਰਾਹੁਲ ਗਰਗ ਨੇ ਪੰਜਾਬ ਦੀ ਉਦਯੋਗਿਕ ਨੀਤੀ 2026 ਬਾਰੇ ਜਾਣਕਾਰੀ ਦਿੱਤੀ।
ਇਸ ਤੋਂ ਇਲਾਵਾ ਉਦਯੋਗਿਕ ਖੇਤਰ ਵਿੱਚ ਤਕਨਾਲੋਜੀ, ਗੁਣਵੱਤਾ ਅਤੇ ਕਾਰਜਕੁਸ਼ਲਤਾ ਵਧਾਉਣ ਸਬੰਧੀ ਪੈਨਲ ਚਰਚਾ ਹੋਈ, ਜਿਸ ਵਿੱਚ ਈਸਟਮੈਨ ਕਾਸਟ ਐਂਡ ਫੋਰਜ ਦੇ ਰੀਮਾ ਸਿੰਘਲ ਜੈਨ, FICO ਦੇ ਗੁਰਮੀਤ ਸਿੰਘ ਅਤੇ ਐਵਨ ਸਾਈਕਲਜ਼ ਦੇ ਯਾਦਵਿੰਦਰ ਬਹਿਲ ਨੇ ਆਪਣੇ ਤਜਰਬੇ ਸਾਂਝੇ ਕੀਤੇ। ਨਿਰਯਾਤ ਵਿੱਚ ਬ੍ਰਾਂਡਿੰਗ ਦੀ ਮਹੱਤਤਾ ਬਾਰੇ ਸਰਵਜੀਤ ਸਿੰਘ ਮਿਨਹਾਸ ਨੇ ਵੀ ਸੰਬੋਧਨ ਕੀਤਾ।
MSME ਮੰਤਰਾਲੇ ਦੇ ਅਧਿਕਾਰੀਆਂ ਨੇ ਛੋਟੇ ਉਦਯੋਗਾਂ ਲਈ ਸਰਕਾਰੀ ਯੋਜਨਾਵਾਂ, ਵਿੱਤੀ ਸਹਾਇਤਾ ਅਤੇ ਬਾਜ਼ਾਰ ਤੱਕ ਪਹੁੰਚ ਦੇ ਮੌਕਿਆਂ ਬਾਰੇ ਜਾਣਕਾਰੀ ਦਿੱਤੀ। ਸਮਾਗਮ ਦੀ ਸਮਾਪਤੀ ਗਲੋਬਲ RISE ਐਵਾਰਡਜ਼ 2026 ਨਾਲ ਹੋਈ, ਜਿਸ ਦੌਰਾਨ ਕਾਰੋਬਾਰ ਅਤੇ MSME ਖੇਤਰ ਵਿੱਚ ਯੋਗਦਾਨ ਪਾਉਣ ਵਾਲੀਆਂ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਉਪਰੰਤ ਨੈੱਟਵਰਕਿੰਗ ਸੈਸ਼ਨ ਰਾਹੀਂ ਉਦਯੋਗਪਤੀਆਂ ਨੂੰ ਨਵੇਂ ਵਪਾਰਕ ਸੰਪਰਕ ਅਤੇ ਸਾਂਝੇਦਾਰੀਆਂ ਸਥਾਪਤ ਕਰਨ ਦਾ ਮੌਕਾ ਮਿਲਿਆ।
- Download Babushahi App
-
-