ਗਮਾਡਾ ਦਫ਼ਤਰ ਦੇ ਸੀਸ਼ੇ ਤੇ ED ਦੀਆਂ ਗੱਡੀਆਂ ਭੰਨਣ ਵਾਲੇ ‘ਆਪ’ ਆਗੂ ਕਦੋਂ ਗ੍ਰਿਫ਼ਤਾਰ ਹੋਣਗੇ : ਵਿਜੇ ਸਾਂਪਲਾ
ਘਰਾਚੋਂ ’ਚ CBI ਉੱਤੇ ਫੁੱਲ ਵਰਸਾਉਣ ਵਾਲੇ ਦੋ ਜਣੇ ਗ੍ਰਿਫ਼ਤਾਰ ਤੇ ਐੱਸਐੱਚਓ ਨੂੰ ਮੁਅੱਤਲ ਕਰਨ ਦੀ ਨਿਖੇਧੀ
ਚੰਡੀਗੜ੍ਹ, 7 ਅਕਤੂਬਰ 2026- ਮੁੱਖ ਮੰਤਰੀ ਭਗਵੰਤ ਮਾਨ ਦੇ ਓਐੱਸਡੀ ਰਾਜਵੀਰ ਘੁੰਮਣ ਦੇ ਘਰ ਸੀਬੀਆਈ ਦੀ ਕਾਰਵਾਈ ਦੌਰਾਨ ਸੀਬੀਆਈ ਦੀ ਗੱਡੀ ’ਤੇ ਫੁੱਲ ਸੁੱਟਣ ਅਤੇ ਢੋਲ ਵਜਾਉਣ ਦੇ ਮਾਮਲੇ ਵਿੱਚ ਭਵਾਨੀਗੜ੍ਹ ਦੇ ਐੱਸਐੱਚਓ ਯਸ਼ਪਾਲ ਸ਼ਰਮਾ ਨੂੰ ਮੁਅੱਤਲ ਕੀਤੇ ਜਾਣ ਅਤੇ ਦੋ ਨੌਜਵਾਨਾਂ ਦੀ ਗ੍ਰਿਫ਼ਤਾਰੀ ਦੀ ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਵਿਜੇ ਸਾਂਪਲਾ ਨੇ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ।
ਚੰਡੀਗੜ੍ਹ ਪਾਰਟੀ ਦਫ਼ਤਰ ਤੋ ਜਾਰੀ ਬਿਆਨ ਵਿੱਚ ਵਿਜੇ ਸਾਂਪਲਾ ਨੇ ਕਿਹਾ ਕਿ ਸੁਰੱਖਿਆ ਕੁਤਾਹੀ ਦਾ ਹਵਾਲਾ ਦੇ ਕੇ, ਜੇਕਰ ਇਹ ਕਾਰਵਾਈ ਕੀਤੀ ਗਈ ਹੈ ਤਾਂ ਇਹ ਮਾਪਦੰਡ ਗਮਾਡਾ, ਮੋਹਾਲੀ ਵਿੱਚ ਈਡੀ ਦੀ ਕਾਰਵਾਈ ਦੌਰਾਨ ਹੋਈ ਭੰਨਤੋੜ ਦੇ ਮਾਮਲੇ ਵਿੱਚ ਲਾਗੂ ਕਿਉਂ ਨਹੀਂ ਹੋਇਆ। ਗਮਾਡਾ ਦਫ਼ਤਰ ਅੱਗੇ ਭੰਨਤੋੜ ਕਰਨ ਵਾਲਿਆਂ ਦੀ ਅਗਵਾਈ ਕਰਨ ਵਾਲੇ ‘ਆਪ’ ਆਗੂਆਂ ਦੀ ਗ੍ਰਿਫ਼ਤਾਰੀ ਕਦੋਂ ਹੋਵੇਗੀ ਅਤੇ ਉਨ੍ਹਾਂ ਨੂੰ ਰੋਕਣ ਵਿੱਚ ਨਾਕਾਮ ਰਹਿਣ ਵਾਲੇ ਪੁਲਿਸ ਅਫ਼ਸਰ ਕਦੋਂ ਮੁਅੱਤਲ ਕੀਤੇ ਜਾਣਗੇ।
ਸਾਂਪਲਾ ਨੇ ਕਿਹਾ ਕਿ ਭਵਾਨੀਗੜ੍ਹ ਵਿੱਚ ਸੀਬੀਆਈ ਦੀ ਕਾਰਵਾਈ ਦੌਰਾਨ ਵਾਰਿਸ ਪੰਜਾਬ ਦੇ ਆਗੂ ਚਮਨਦੀਪ ਮਿਲਖੀ ਅਤੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਆਗੂ ਵਿਜੇ ਲੰਕੇਸ਼ ਵਲੋਂ ਫੁੱਲ ਵਰਸਾਉਣੇ ਭਾਰਤੀ ਕਾਨੂੰਨ ਮੁਤਾਬਕ ਅਪਰਾਧ ਕਿਵੇਂ ਹੋ ਗਈ।
ਉਨ੍ਹਾਂ ਕਿਹਾ ਕਿ ਗਮਾਡਾ, ਮੋਹਾਲੀ ਵਿੱਚ ਈਡੀ ਦੀ ਕਾਰਵਾਈ ਦੌਰਾਨ ‘ਆਪ’ ਵਰਕਰਾਂ ਵੱਲੋਂ ਕਥਿਤ ਤੌਰ ’ਤੇ ਖਿੜਕੀਆਂ ਦੇ ਸ਼ੀਸ਼ੇ ਤੋੜਨ ਅਤੇ ਈਡੀ ਦੀਆਂ ਗੱਡੀਆਂ ਨੂੰ ਨੁਕਸਾਨ ਪਹੁੰਚਾਉਣ ਦੇ ਵੀਡੀਓ ਸਾਹਮਣੇ ਆ ਚੁੱਕੇ ਹਨ। ਜੇਕਰ ਜਾਂਚ ਏਜੰਸੀਆਂ ਦੀ ਸੁਰੱਖਿਆ ਸਰਕਾਰ ਦੀ ਜ਼ਿੰਮੇਵਾਰੀ ਹੈ ਤਾਂ ਫਿਰ ਈਡੀ ਦੀ ਟੀਮ ਅਤੇ ਸਰਕਾਰੀ
ਸੰਪਤੀ ਦੀ ਸੁਰੱਖਿਆ ਵਿੱਚ ਕਥਿਤ ਕੁਤਾਹੀ ਲਈ ਵੀ ਜ਼ਿੰਮੇਵਾਰ ਅਧਿਕਾਰੀਆਂ ਅਤੇ ਦੋਸ਼ੀ ਵਿਅਕਤੀਆਂ ਖ਼ਿਲਾਫ਼ ਬਰਾਬਰ ਦੀ ਕਾਰਵਾਈ ਹੋਣੀ ਚਾਹੀਦੀ ਹੈ।
ਸਾਂਪਲਾ ਨੇ ਕਿਹਾ ਕਿ ਕਾਨੂੰਨ ਸਭ ਲਈ ਬਰਾਬਰ ਹੋਣਾ ਚਾਹੀਦਾ ਹੈ। ਪੰਜਾਬ ਸਰਕਾਰ ਸਪੱਸ਼ਟ ਕਰੇ ਕਿ ਕੀ ਉਹ ਸਿਆਸੀ ਸਬੰਧਾਂ ਤੋਂ ਉੱਪਰ ਉੱਠ ਕੇ ਨਿਰਪੱਖ ਕਾਰਵਾਈ ਕਰੇਗੀ ਜਾਂ ਫਿਰ ਵਿਰੋਧੀਆਂ ਲਈ ਵੱਖਰੇ ਅਤੇ ਆਪਣੇ ਵਰਕਰਾਂ ਲਈ ਵੱਖਰੇ ਕਾਨੂੰਨੀ ਮਾਪਦੰਡ ਰਹਿਣਗੇ।
- Download Babushahi App
-
-