ਕੀਰਤਪੁਰ ਸਾਹਿਬ ਵਿਖੇ "ਯੁੱਧ ਨਸ਼ਿਆਂ ਵਿਰੁੱਧ" ਮੁਹਿੰਮ ਤਹਿਤ ਵਿੱਲੇਜ ਡਿਫੈਂਸ ਕਮੇਟੀਆਂ ਦੀ ਮੀਟਿੰਗ ਅੱਜ
ਰਵੀ ਜੱਖੂ
ਕੀਰਤਪੁਰ ਸਾਹਿਬ:- 5 ਮਈ, 2025
ਕੀਰਤਪੁਰ ਸਾਹਿਬ ਵਿਖੇ ਸੂਬਾ ਪੱਧਰੀ ਮੁਹਿੰਮ "ਯੁੱਧ ਨਸ਼ਿਆਂ ਵਿਰੁੱਧ" ਤਹਿਤ ਅੱਠ ਵਿਲੇਜ ਡਿਫੈਂਸ ਕਮੇਟੀਆਂ ਦੀ ਮੀਟਿੰਗ ਅੱਜ ਹੋਵੇਗੀ।
ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਦਲਜੀਤ ਕੌਰ ਨੇ ਦੱਸਿਆ ਕਿ ਅਨੰਦਪੁਰ ਸਾਹਿਬ ਦੇ ਉਪ ਮੰਡਲ ਮੈਜਿਸਟ੍ਰੇਟ ਜਸਪ੍ਰੀਤ ਸਿੰਘ ਦੇ ਹੁਕਮਾਂ ਅਨੁਸਾਰ "ਯੁੱਧ ਨਸ਼ਿਆ ਵਿਰੁੱਧ" ਮੁਹਿੰਮ ਤਹਿਤ ਕੀਰਤਪੁਰ ਸਾਹਿਬ (ਕਲੱਸਟਰ-17) ਅਧੀਨ ਕੁੱਲ 12 ਵਿੱਲੇਜ ਡਿਫੈਂਸ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਉਪਮੰਡਲ ਮੈਜਿਸਟ੍ਰੇਟ ਦੀਆਂ ਹਦਾਇਤਾਂ ਅਨੁਸਾਰ ਇਹਨਾਂ ਕਮੇਟੀਆਂ ਵਿਚ ਸਰਪੰਚ, ਨੰਬਰਦਾਰ, ਪਟਵਾਰੀ, ਸਮਾਜ ਸੇਵਕ, ਪੰਚਾਇਤ ਸਕੱਤਰ, ਪੁਲਿਸ ਕਰਮਚਾਰੀ ਅਤੇ ਆਸ਼ਾ ਵਰਕਰਾਂ ਨੂੰ ਸ਼ਾਮਿਲ ਕੀਤਾ ਗਿਆ ਹੈ ਜਿਹਨਾਂ ਵਿਚੋਂ 8 ਕਮੇਟੀਆਂ ਦੇ ਮੈਂਬਰਾਂ ਨੂੰ ਅੱਜ ਅਤੇ 4 ਕਮੇਟੀਆਂ ਦੇ ਮੈਂਬਰਾਂ ਨੂੰ ਕੱਲ੍ਹ ਮੀਟਿੰਗ ਲਈ ਸੱਦਿਆ ਗਿਆ ਹੈ।
ਐੱਸ.ਆਈ ਬਲਵੰਤ ਰਾਏ ਨੇ ਦੱਸਿਆ ਕਿ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਦਲਜੀਤ ਕੌਰ ਦੀ ਰਹਿਨੁਮਾਈ ਹੇਠ ਅੱਜ ਪਿੰਡ ਮਾਂਗੇਵਾਲ, ਮਾਂਗੇਵਾਲ ਬਾਗ਼, ਕਲੋਤਾ, ਚੱਕ, ਅਗੰਮਪੁਰ, ਗਰਾ, ਗਨਾਰੂ ਅਤੇ ਥੱਪਲ ਵਿਖੇ ਵਿਲੇਜ ਡਿਫੈਂਸ ਕਮੇਟੀਆਂ ਦੀ ਮੀਟਿੰਗ ਬੁਲਾਈ ਗਈ ਹੈ। ਇਸੇ ਤਰ੍ਹਾਂ ਮੰਗਲਵਾਰ ਨੂੰ ਚੰਡੇਸਰ, ਲੰਗ ਮਜਾਰੀ, ਸੱਧੇਵਾਲ ਅਤੇ ਮਜਾਰਾ ਵਿਖੇ ਵੀ.ਡੀ.ਸੀ ਮੈਂਬਰਾਂ ਦੀ ਮੀਟਿੰਗ ਸੱਦੀ ਗਈ ਹੈ।
ਬਲਾਕ ਐਜੂਕੇਟਰ ਰਤਿਕਾ ਉਬਰਾਏ ਨੇ ਦੱਸਿਆ ਕਿ ਪਿੰਡਾਂ ਵਿਚ ਨਸ਼ਿਆਂ ਦੇ ਵਧ ਰਹੇ ਖ਼ਤਰੇ ਨੂੰ ਜੜੋਂ ਖ਼ਤਮ ਕਰਨ ਅਤੇ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਇੱਕਜੁੱਟ ਹੋ ਕੇ ਕੰਮ ਕਰਨਾ ਇਸ ਮੀਟਿੰਗ ਦਾ ਮੁੱਖ ਮਕਸਦ ਹੈ। ਉਹਨਾਂ ਕਿਹਾ ਕਿ ਵੀ.ਡੀ.ਸੀ ਦੇ ਮੈਂਬਰ ਸਵੈ ਇੱਛੁਕ ਸੇਵਕ ਹੀ ਨਹੀਂ ਸਗੋਂ ਪਿੰਡਾਂ ਦੇ ਭਵਿੱਖ ਦੇ ਰਾਖੇ ਵੀ ਹਨ। ਉਹਨਾਂ ਕਿਹਾ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੀ ਸ਼ੁਰੂਆਤ ਪਿੰਡਾਂ ਤੋਂ ਹੀ ਹੋ ਸਕਦੀ ਹੈ। ਨਸ਼ੇ ਖਿਲਾਫ਼ ਵਿੱਢੀ "ਯੁੱਧ ਨਸ਼ਿਆਂ ਵਿਰੁੱਧ" ਜੰਗ ਵਿੱਚ ਪਿੰਡ ਰੱਖਿਆ ਕਮੇਟੀਆਂ ਦੇ ਮੈਂਬਰ ਮਹਤਵਪੂਰਣ ਭੂਮਿਕਾ ਨਿਭਾ ਸਕਦੇ ਹਨ। ਉਹਨਾਂ ਹਰ ਇੱਕ ਨਾਗਰਿਕ ਨੂੰ ਅਪੀਲ ਕਰਦਿਆਂ ਕਿਹਾ ਕਿ ਪੰਛੀਆਂ ਵਾਂਗ ਉੱਡਣ ਵਾਲੀ ਨੌਜਵਾਨੀ ਨੂੰ ਨਸ਼ੇ ਦੀਆਂ ਜ਼ੰਜੀਰਾਂ ਤੋਂ ਆਜ਼ਾਦ ਕਰਵਾਉਣਾ ਕੇਵਲ ਸਰਕਾਰ ਦੀ ਨਹੀਂ ਸਗੋਂ ਸਾਡੀ ਸਾਂਝੀ ਜ਼ਿੰਮੇਵਾਰੀ ਹੈ।