ਐਡਵੋਕੇਟ ਅਮਨਦੀਪ ਨੂੰ ਧਮਕੀਆਂ ਦੇਣ ਦਾ ਮਾਮਲਾ! ਵੱਖ ਵੱਖ ਜੱਥੇਬੰਦੀਆਂ ਦਾ ਸਾਂਝਾ ਵਫਦ ਉੱਚ ਅਧਿਕਾਰੀਆਂ ਨੂੰ ਮਿਲਿਆ
ਚੰਡੀਗੜ੍ਹ, 13 ਦਸੰਬਰ 2025 - ਜਮਹੂਰੀ ਅਧਿਕਾਰ ਸਭਾ ਪੰਜਾਬ ਦੀ ਸੂਬਾ ਕਮੇਟੀ ਮੈਂਬਰ, ਹਾਈ ਕੋਰਟ ਦੀ ਐਡਵੋਕੇਟ ਤੇ ਸਮਾਜਿਕ ਕਾਰਕੁੰਨ ਅਮਨਦੀਪ ਨੂੰ ਅਗਿਆਤ ਵਿਅਕਤੀ ਵੱਲੋਂ ਧਮਕੀਆਂ ਦੇਣ ਅਤੇ ਮੰਦੀ ਭਾਸ਼ਾ ਬੋਲਣ ਖਿਲਾਫ ਸ਼ਿਕਾਇਤ ਦੇਣ ਦੇ ਬਾਵਜੂਦ ਪੁਲਿਸ ਕਾਰਵਾਈ ਨਾ ਹੋਣ ਦੇ ਸਬੰਧ ਵਿੱਚ ਵੱਖ ਵੱਖ ਜੱਥੇਬੰਦੀਆਂ ਦਾ ਸਾਂਝਾ ਵਫਦ ਉੱਚ ਅਧਿਕਾਰੀਆਂ ਨੂੰ ਮਿਲਿਆ ਤੇ ਸਬੰਧਿਤ ਵਿਅਕਤੀ ਖਿਲਾਫ ਕੇਸ ਦਰਜ ਕਰਨ ਅਤੇ ਗ੍ਰਿਫਤਾਰ ਕਰਨ ਦੀ ਮੰਗ ਕੀਤੀ।
ਪ੍ਰੈਸ ਦੇ ਨਾਂਅ ਬਿਆਨ ਜਾਰੀ ਕਰਦਿਆਂ ਜਮਹੂਰੀ ਅਧਿਕਾਰ ਸਭਾ ਪੰਜਾਬ ਇਕਾਈ ਚੰਡੀਗੜ੍ਹ ਦੇ ਜਨਰਲ ਸਕੱਤਰ ਮਨਪ੍ਰੀਤ ਜਸ ਤੇ ਖਜਾਨਚੀ ਅਮਨਦੀਪ ਨੇ ਦੱਸਿਆ ਕਿ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਬਹਾਲੀ ਲਈ ਵਿਦਿਆਰਥੀ ਸੰਘਰਸ਼ ਦੌਰਾਨ ਐਡਵੋਕੇਟ ਅਮਨਦੀਪ ਵੱਲੋਂ ਸਰਗਰਮ ਭੂਮਿਕਾ ਨਿਭਾਉਣ ਅਤੇ ਨਿਊਜ਼ ਮੀਡੀਆ ਨੂੰ ਇੰਟਰਵਿਊ ਦੇਣ ਤੋਂ ਮਗਰੋਂ ਕਿਸੇ ਅਗਿਆਤ ਵਿਅਕਤੀ ਵੱਲੋਂ ਉਹਨਾਂ ਨੂੰ ਧਮਕੀ ਭਰੇ ਤੇ ਅਸ਼ਲੀਲ ਮੈਸੇਜ ਭੇਜੇ ਗਏ ਤੇ ਫੋਨ ਕਰਕੇ ਵੀ ਧਮਕੀਆਂ ਦਿੱਤੀਆਂ ਗਈਆਂ। ਇਸ ਸਬੰਧ ਵਿਚ ਐਡਵੋਕੇਟ ਅਮਨਦੀਪ ਵੱਲੋਂ ਐੱਸ. ਐੱਸ. ਪੀ. ਚੰਡੀਗੜ੍ਹ ਨੂੰ ਸ਼ਿਕਾਇਤ ਕੀਤੀ ਗਈ ਸੀ। ਹਾਈ ਕੋਰਟ ਦੀ ਬਾਰ ਕੌਂਸਲ ਦੇ ਅਹੁਦੇਦਾਰਾਂ ਵੱਲੋਂ ਵੀ ਪੁਲਿਸ ਅਧਿਕਾਰੀਆਂ ਤੋਂ ਕਾਰਵਾਈ ਦੀ ਮੰਗ ਕੀਤੀ ਗਈ ਸੀ।
ਪਰ ਸ਼ਿਕਾਇਤ ਦਿੱਤੇ ਜਾਣ ਦੇ ਇੱਕ ਮਹੀਨਾ ਮਗਰੋਂ ਤੱਕ ਵੀ ਅਜੇ ਤੱਕ ਪੁਲਿਸ ਵੱਲੋਂ ਸਬੰਧਿਤ ਵਿਅਕਤੀ ਦੀ ਨਾ ਤਾਂ ਸ਼ਨਾਖਤ ਕੀਤੀ ਗਈ ਹੈ ਤੇ ਨਾ ਹੀ ਉਸ ਖਿਲਾਫ ਕੇਸ ਦਰਜ ਕਰਕੇ ਗ੍ਰਿਫਤਾਰ ਕੀਤਾ ਗਿਆ ਹੈ। ਉਕਤ ਵਿਅਕਤੀ ਵੱਲੋਂ ਧਮਕੀ ਭਰੇ ਫੋਨ ਅਜੇ ਵੀ ਜਾਰੀ ਹਨ ਪਰ ਪੁਲਿਸ ਵਿਭਾਗ ਕਾਰਵਾਈ ਦੇ ਨਾਮ 'ਤੇ ਸਿਰਫ ਕਾਗਜ਼ਾਂ ਦੇ ਢਿੱਡ ਭਰਨ ਤੱਕ ਸੀਮਤ ਹੈ। ਐਡਵੋਕੇਟ ਅਮਨਦੀਪ ਦੀ ਸ਼ਿਕਾਇਤ ਨੂੰ ਇੱਕ ਤੋਂ ਦੂਜੇ ਥਾਣੇ ਜਾਂ ਵਿਭਾਗਾਂ 'ਚ ਭੇਜਿਆ ਜਾ ਰਿਹਾ ਹੈ ਪਰ ਅਮਲੀ ਰੂਪ 'ਚ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਇਸ ਸਬੰਧੀ ਉਹਨਾਂ ਵੱਲੋਂ ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ ਵੀ ਕਾਰਵਾਈ ਲਈ ਪਟੀਸ਼ਨ ਦਾਖਲ ਕੀਤੀ ਗਈ ਹੈ, ਉਥੇ ਵੀ ਪੁਲਿਸ ਵਿਭਾਗ ਬਹਾਨੇਬਾਜ਼ੀ ਤੱਕ ਸੀਮਤ ਹੈ।
ਇਸ ਮਸਲੇ ਸਬੰਧੀ ਜਨਤਕ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਅੱਜ ਐੱਸ. ਪੀ. ਸਾਈਬਰ ਕ੍ਰਾਈਮ ਤੇ ਐੱਸ. ਪੀ. ਸਿਟੀ ਨਾਲ ਮੁਲਾਕਾਤ ਕਰਕੇ ਕਾਰਵਾਈ ਦੀ ਮੰਗ ਕੀਤੀ। ਚਾਹੇ ਅਧਿਕਾਰੀਆਂ ਨੇ ਢੁਕਵੀਂ ਤੇ ਛੇਤੀ ਕਾਰਵਾਈ ਦਾ ਭਰੋਸਾ ਦਿੱਤਾ ਹੈ ਪਰ ਪੁਲਿਸ ਦੀ ਹੁਣ ਤੱਕ ਦੀ ਕਾਰਗੁਜ਼ਾਰੀ ਤੋਂ ਸਾਫ ਹੈ ਕਿ ਪੁਲਿਸ ਇੱਕ ਔਰਤ ਸਮਾਜਿਕ ਕਾਰਕੁੰਨ ਤੇ ਵਕੀਲ ਦੇ ਮਸਲੇ 'ਤੇ ਵੀ ਕਾਰਵਾਈ ਕਰਨ ਲਈ ਗੰਭੀਰ ਨਹੀਂ ਹੈ। ਵਫਦ ਵਿਚ ਸ਼ਾਮਿਲ ਨੁਮਾਇੰਦਿਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਇਸ ਮਸਲੇ 'ਤੇ ਜਲਦੀ ਕੋਈ ਅਮਲੀ ਕਾਰਵਾਈ ਨਾ ਕੀਤੀ ਗਈ ਤਾਂ ਜਥੇਬੰਦੀਆਂ ਸੰਘਰਸ਼ ਕਰਨ ਲਈ ਮਜਬੂਰ ਹੋਣਗੀਆਂ।
ਅੱਜ ਦੇ ਇਸ ਵਫਦ ਵਿਚ ਜਮਹੂਰੀ ਅਧਿਕਾਰ ਸਭਾ ਪੰਜਾਬ ਤੋਂ ਮਨਪ੍ਰੀਤ ਜਸ, ਅਮਨਦੀਪ, ਇੰਦਰਜੀਤ ਸਿੰਘ, ਤਜਿੰਦਰਪਾਲ, ਮਨਪ੍ਰੀਤ ਸਿੰਘੇਵਾਲਾ, ਐਡਵੋਕੇਟ ਅਮਨਦੀਪ, ਐਡਵੋਕੇਟ ਆਰਤੀ, ਐਡਵੋਕੇਟ ਵੈਸ਼ਾਲੀ, ਐਡਵੋਕੇਟ ਅਮਰਜੀਤ, ਐੱਸ. ਐੱਫ. ਐੱਸ. ਤੋਂ ਸੰਦੀਪ ਕੁਮਾਰ, ਆਇਸਾ ਤੋਂ ਅਰਮਾਨ, ਵਰਗ ਚੇਤਨਾ ਮੰਚ ਤੋਂ ਯਸ਼ਪਾਲ, ਤਰਕਸ਼ੀਲ ਸੁਸਾਇਟੀ ਪੰਜਾਬ ਤੋਂ ਅਜੀਤ ਸਿੰਘ ਪ੍ਰਦੇਸੀ ਤੇ ਜਸਵੰਤ ਸਿੰਘ ਅਤੇ ਭਾਰਤੀ ਕਿਸਾਨ ਯੂਨੀਅਨ (ਏਕਤਾ ਡਕੌਂਦਾ) ਤੋਂ ਪ੍ਰਦੀਪ ਮੁਸਾਹਿਬ ਆਦਿ ਨੇ ਸ਼ਮੂਲੀਅਤ ਕੀਤੀ।