ਚੰਡੀਗੜ੍ਹ ਅਦਾਲਤ ਵੱਲੋਂ ਅਦਾਕਾਰ ਸਲਮਾਨ ਖ਼ਾਨ ਅਤੇ ਅਲਵੀਰਾ ਖ਼ਾਨ ਨੂੰ ਸੰਮਨ ਜਾਰੀ: 'ਬੀਇੰਗ ਹਿਊਮਨ' ਜੁਆਇਲਰੀ ਠੱਗੀ ਮਾਮਲੇ 'ਚ 5 ਅਕਤੂਬਰ ਨੂੰ ਪੇਸ਼ ਹੋਣ ਦੇ ਹੁਕਮ
Ravi Jakhu
ਚੰਡੀਗੜ੍ਹ, 6 ਅਗਸਤ 2026:
ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ਨੇ 'ਬੀਇੰਗ ਹਿਊਮਨ' ਜੁਆਇਲਰੀ ਸ਼ੋਰੂਮ ਨਾਲ ਜੁੜੇ ਕਥਿਤ ਧੋਖਾਧੜੀ ਦੇ ਮਾਮਲੇ ਵਿੱਚ ਬਾਲੀਵੁੱਡ ਅਦਾਕਾਰ ਸਲਮਾਨ ਖ਼ਾਨ, ਉਨ੍ਹਾਂ ਦੀ ਭੈਣ ਅਲਵੀਰਾ ਖ਼ਾਨ ਅਤੇ 'ਸਟਾਈਲ ਐਂਡ ਕੁਐਂਟੈਂਟ ਜੁਆਇਲਰੀ ਪ੍ਰਾਈਵੇਟ ਲਿਮਟਿਡ' ਦੇ ਨਿਰਦੇਸ਼ਕਾਂ ਸਮੇਤ ਹੋਰ ਨਾਮਜ਼ਦਾਂ ਨੂੰ 5 ਅਕਤੂਬਰ ਨੂੰ ਅਦਾਲਤ ਵਿੱਚ ਪੇਸ਼ ਹੋਣ ਦੇ ਹੁਕਮ ਦਿੱਤੇ ਹਨ। ਅਦਾਲਤ ਨੇ ਸਾਰੇ ਮੁਲਜ਼ਮਾਂ ਨੂੰ ਸਮਨ ਜਾਰੀ ਕਰਦਿਆਂ ਉਨ੍ਹਾਂ 'ਤੇ ਲਾਏ ਗਏ ਦੋਸ਼ਾਂ 'ਤੇ ਜਵਾਬ ਦਾਖ਼ਲ ਕਰਨ ਲਈ ਕਿਹਾ ਹੈ।
ਇਹ ਮਾਮਲਾ ਮਨੀਮਾਜਰਾ ਦੇ ਵਪਾਰੀ ਅਰੁਣ ਗੋਇਲ ਦੀ ਸ਼ਿਕਾਇਤ 'ਤੇ ਦਰਜ ਕੀਤਾ ਗਿਆ ਹੈ। ਸ਼ਿਕਾਇਤਕਰਤਾ ਦਾ ਦੋਸ਼ ਹੈ ਕਿ ਮਨੀਮਾਜਰਾ ਦੇ ਐੱਨ.ਏ.ਸੀ. (NAC) ਖੇਤਰ ਵਿੱਚ ਲਗਭਗ 3 ਕਰੋੜ ਰੁਪਏ ਦੀ ਲਾਗਤ ਨਾਲ 'ਬੀਇੰਗ ਹਿਊਮਨ' ਜੁਆਇਲਰੀ ਦਾ ਸ਼ੋਰੂਮ ਖੋਲ੍ਹਣ ਦੌਰਾਨ ਉਨ੍ਹਾਂ ਨਾਲ ਕਰੋੜਾਂ ਰੁਪਏ ਦੀ ਧੋਖਾਧੜੀ ਕੀਤੀ ਗਈ। ਉਨ੍ਹਾਂ ਦੱਸਿਆ ਕਿ ਸ਼ੋਰੂਮ ਤਿਆਰ ਕਰਨ 'ਤੇ ਹੀ ਇੱਕ ਕਰੋੜ ਰੁਪਏ ਖਰਚ ਹੋਏ ਸਨ ਅਤੇ ਉਨ੍ਹਾਂ ਨੇ ਕੰਪਨੀ ਦੀਆਂ ਸਾਰੀਆਂ ਸ਼ਰਤਾਂ ਪੂਰੀਆਂ ਕੀਤੀਆਂ ਸਨ।
ਗੋਇਲ ਅਨੁਸਾਰ, ਕੰਪਨੀ ਨਾਲ ਜੁੜੇ 6 ਵਿਅਕਤੀਆਂ ਨੇ ਉਨ੍ਹਾਂ ਨੂੰ ਗਲਤ ਭਰੋਸਾ ਦੇ ਕੇ ਸ਼ੋਰੂਮ ਖੁਲ੍ਹਵਾਇਆ ਸੀ, ਪਰ ਸ਼ੁਰੂਆਤ ਤੋਂ ਬਾਅਦ ਕੋਈ ਸਹਿਯੋਗ ਨਹੀਂ ਦਿੱਤਾ ਗਿਆ। ਦੋਸ਼ ਹੈ ਕਿ ਜਿਸ ਸਟੋਰ ਤੋਂ ਜੁਆਇਲਰੀ ਦੀ ਸਪਲਾਈ ਹੋਣੀ ਸੀ, ਉਹ ਫਰਵਰੀ 2020 ਤੋਂ ਬੰਦ ਪਿਆ ਹੈ, ਜਿਸ ਕਾਰਨ ਨਵਾਂ ਸਟਾਕ ਨਾ ਮਿਲਣ ਕਰਕੇ ਉਨ੍ਹਾਂ ਦਾ ਕਾਰੋਬਾਰ ਪੂਰੀ ਤਰ੍ਹਾਂ ਪ੍ਰਭਾਵਿਤ ਹੋਇਆ ਅਤੇ ਭਾਰੀ ਨੁਕਸਾਨ ਝੱਲਣਾ ਪਿਆ।