Babushahi Special- ਈਟੀਟੀ 180 ਅਧਿਆਪਕਾਂ ਨੇ ਮਨੀਸ਼ ਸਿਸੋਦੀਆ ਦੀ ਕੋਠੀ ਮੂਹਰੇ ਜੰਮਕੇ ਭੜਥੂ ਪਾਇਆ
ਅਸ਼ੋਕ ਵਰਮਾ
ਚੰਡੀਗੜ੍ਹ , 21 ਸਤੰਬਰ 2026 : ਪੰਜਾਬ ਦੇ ਵੱਖ ਵੱਖ ਜਿਲ੍ਹਿਆਂ ਤੋਂ ਆਏ 180 ਈ.ਟੀ.ਟੀ ਅਧਿਆਪਕਾਂ ਨੇ ‘ਆਪ’ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਧੱਕੇਸ਼ਾਹੀਆਂ ਖਿਲਾਫ ਦਿੱਲੀ ਦੇ ਸਾਬਕਾ ਡਿਪਟੀ ਮੁੱਖ ਮੰਤਰੀ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਮਨੀਸ਼ ਸਿਸੋਦੀਆ ਦੀ ਚੰਡੀਗੜ੍ਹ ਵਿਚਲੀ ਰਿਹਾਇਸ਼ ਅੱਗੇ ਅੱਜ ਜੰਮਕੇ ਭੜਥੂ ਪਾਇਆ। ਇਹ ਅਧਿਆਪਕ ਉਨ੍ਹਾਂ ’ਤੇ ਪਿਛਲੀ ਕਾਂਗਰਸ ਸਰਕਾਰ ਵੱਲੋਂ ਧੱਕੇ ਨਾਲ ਮੜ੍ਹੇ ਕੇਂਦਰੀ ਸਕੇਲਾਂ ਦੀ ਥਾਂ ਪੰਜਾਬ ਦੇ ਸਕੇਲ ਲਾਗੂ ਕਰਨ ਦੀ ਮੰਗ ਕਰ ਰਹੇ ਸਨ। ਹਾਲਾਂਕਿ ਮੌਕੇ ਦੀ ਨਜ਼ਾਕਤ ਨੂੰ ਸਮਝਦਿਆਂ ਅਧਿਆਪਕਾਂ ਨੂੰ ਮੀਟਿੰਗ ਬਹਾਨੇ ਟਰਕਾ ਦਿੱਤਾ ਗਿਆ ਪਰ ਅਧਿਆਪਕ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਮਸਲਾ ਹੱਲ ਨਾਂ ਹੋਣ ਦੀ ਸੂਰਤ ’ਚ ਉਹ ਫਿਰ ਤੋਂ ਧਾਵਾ ਬੋਲਣਗੇ। ਉਨ੍ਹਾਂ ਕਿਹਾ ਕਿ ਇਹ ਅੱਗੋਂ ਪੰਜਾਬ ਸਰਕਾਰ ਦੀ ਮਰਜੀ ਹੈ ਕਿ ਉਸ ਨੇ ਕੌਮ ਦਾ ਨਿਰਮਾਤਾ ਅਖਵਾਉਂਦੇ ਅਧਿਆਪਕਾਂ ਦੇ ਪੁਲਿਸ ਕੋਲੋਂ ਡਾਂਗਾਂ ਨਾਲ ਸਿਰ ਪੜਵਾਉਣੇ ਹਨ ਜਾਂ ਮਸਲਾ ਹੱਲ ਕਰਨਾ ਹੈ।
ਅੱਜ ਦੇ ਇਸ ਰੋਸ ਪ੍ਰੋਗਰਾਮ ਦੌਰਾਨ ਜਿਆਦਾਤਰ ਅਧਿਆਪਕ ਖਾਸ ਤੌਰ ’ਤੇ ਅਧਿਆਪਕਾਵਾਂ ਸਰਕਾਰੀ ਵਤੀਰੇ ਪ੍ਰਤੀ ਰੋਸ ਨਾਲ ਭਰੀਆਂ ਪੀਤੀਆਂ ਦਿਖਾਈ ਦਿੱਤੀਆਂ। ਵਿੱਤ ਮੰਤਰੀ ਹਰਪਾਲ ਚੀਮਾ ਦੇ ਲਾਰਿਆਂ ਤੋਂ ਅੱਕੇ ਅਧਿਆਪਕਾਂ ਨੇ ਸਿੱਧੀਆਂ ਧਮਕੀਆਂ ਦਿੱਤੀਆਂ ਕਿ ਜੇਕਰ ਉਨ੍ਹਾਂ ਨੂੰ ਇਨਸਾਫ ਨਾਂ ਦਿੱਤਾ ਤਾਂ ਉਹ ਅਗਲਾ ਕਦਮ ਸਖਤ ਚੁੱਕਣ ਤੋਂ ਗੁਰੇਜ਼ ਨਹੀਂ ਕਰਨਗੇ ਜਿਸ ਲਈ ਸਰਕਾਰ ਜਿੰਮੇਵਾਰ ਹੋਵੇਗੀ। ਜਾਣਕਾਰੀ ਅਨੁਸਾਰ ਇੰਨ੍ਹਾਂ ਅਧਿਆਪਕਾਂ ਨੇ ਅੱਜ ਵੱਡੇ ਤੜਕੇ ਘਰਾਂ ਤੋਂ ਚਾਲੇ ਪਾਏ ਅਤੇ ਚੰਡੀਗੜ੍ਹ ਪੁੱਜਣ ਪਿੱਛੋਂ ਵਿੱਤ ਮੰਤਰੀ ਅਤੇ ਸਿੱਖਿਆ ਮੰਤਰੀ ਖਿਲਾਫ ਭੰਡੀ ਪ੍ਰਚਾਰ ਕਰਕੇ ਹਕੂਮਤ ਦੀਆਂ ਬੇਵਫਾਈਆਂ ਤੋਂ ਜਾਣੂੰ ਕਰਵਾਇਆ। ਅਧਿਆਪਕਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਸਰਕਾਰ ਦੇ ਸਿੱਖਿਆ ਵਿਭਾਗ ਨੇ ਉਹਨਾਂ ਦੀ ਬਿਨ੍ਹਾਂ ਕਿਸੇ ਕਸੂਰ ਅਤੇ ਕਾਨੂੰਨ ਦੇ ਰੈਗੂਲਰ 5 ਸਾਲ ਦੀ ਨੌਕਰੀ ਖ਼ਤਮ ਕਰ ਦਿੱਤੀ ਅਤੇ ਮੁੜ੍ਹ ਤੋਂ ਨਵੇਂ ਨਿਯੁਕਤੀ ਪੱਤਰ ਦੇਕੇ ਗੈਰਕਨੂੰਨੀ ਅਤੇ ਗੈਰਸੰਵਿਧਾਨਕ ਧੱਕਾ ਕਰਦਿਆਂ ਜਬਰੀ ਨਵਾਂ ਤਨਖਾਹ ਸਕੇਲ ਲਾਗੂ ਕੀਤਾ ਗਿਆ ਹੈ ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀਆਂ ਤਨਖਾਹਾਂ ’ਚ ਐਨੀ ਵੱਡੀ ਕਟੌਤੀ ਕਰ ਦਿੱਤੀ ਹੈ ਕਿ ਉਨ੍ਹਾਂ ਦਾ ਆਰਥਿਕ ਢਾਂਚਾ ਤਹਿਸ ਨਹਿਸ ਅਤੇ ਘਰ ਆਦਿ ਬਨਾਉਣ ਲਈ ਬੈਂਕਾਂ ਆਦਿ ਤੋਂ ਲਏ ਕਰਜੇ ਦੀਆਂ ਦੀਆਂ ਕਿਸ਼ਤਾਂ ਮੋੜਨੀਆਂ ਔਖੀਆਂ ਹੋਈਆਂ ਪਈਆਂ ਹਨ। ਉਨ੍ਹਾਂ ਦੱਸਿਆ ਕਿ 2016 ’ਚ ਸਰਕਾਰ ਨੇ ਈਟੀਟੀ ਅਧਿਆਪਕਾਂ ਦੀ ਭਰਤੀ ਕੀਤੀ ਸੀ ਜਿੰਨ੍ਹਾਂ ਵਿੱਚੋਂ 180 ਅਧਿਆਪਕਾਂ ਦੀਆਂ ਧੱਕੇ ਨਾਲ ਸੇਵਾਵਾਂ ਸਮਾਪਤ ਕਰ ਦਿੱਤੀਆਂ ਅਤੇ ਬਾਅਦ ’ਚ ਉਨ੍ਹਾਂ ਤੇ ਕੇਂਦਰੀ ਸਕੇਲ ਮੜ੍ਹ ਦਿੱਤੇ ਸਨ। ਅਧਿਆਪਕਾਂ ਨੇ ਪੰਜ ਸਾਲ ਕਾਂਗਰਸ ਸਰਕਾਰ ਨਾਲ ਲਗਾਤਾਰ ਲੜਾਈ ਲੜੀ ਅਤੇ ਹੁਣ ‘ਆਮ ਆਦਮੀ ਪਾਰਟੀ ਦੀ ਸਰਕਾਰ’ ਖਿਲਾਫ ਸੰਘਰਸ਼ ਕਰ ਰਹੇ ਹਨ। ਕਾਂਗਰਸ ਸਰਕਾਰ ਦੌਰਾਨ 27 ਨਵੰਬਰ 2021 ਨੂੰ ਖੁਫੀਆ ਏਜੰਸੀਆਂ ਦੇ ਅੱਖੀਂ ਘੱਟਾ ਪਾਕੇ ਇੱਕ ਅਧਿਆਪਕ ਵੀਵੀਆਈਪੀ ਸੁਰੱਖਿਆ ਵਾਲੇ ਖੇਤਰ ਵਿਚਲੇ ਸਖ਼ਤ ਸੁਰੱਖਿਆ ਪ੍ਰਬੰਧਾਂ ਨੂੰ ਸੰਨ੍ਹ ਲਾਉਣ ਪਿੱਛੋਂ ਐਮਐਲਏ ਹੋਸਟਲ ’ਚ ਸਥਿਤ ਮੋਬਾਈਲ ਟਾਵਰ ’ਤੇ ਪੈਟਰੋਲ ਦੀ ਬੋਤਲ ਸਮੇਤ ਚੜ੍ਹ ਗਿਆ ਸੀ।
ਅਧਿਆਪਕ ਆਗੂਆਂ ਨੇ ਦੱਸਿਆ ਕਿ ਉਦੋਂ ਸਿਆਸੀ ਲਾਹੇ ਨੂੰ ਦੇਖਦਿਆਂ ਪੱਬਾਂ ਭਾਰ ਆਏ ਵਿਰੋਧੀ ਧਿਰ ਦੇ ਨੇਤਾ ਅਤੇ ਮੌਜੂਦਾ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਸਰਕਾਰ ਆਉਣ ’ਤੇ ਅਧਿਆਪਕਾਂ ਨਾਲ ਹੋਈ ਬੇਇਨਸਾਫੀ ਨੂੰ ਪਹਿਲੇ ਬੋਲ ਦੂਰ ਕਰਨ ਦਾ ਵਾਅਦਾ ਕੀਤਾ ਸੀ ਜੋ ਹੁਣ ਤੱਕ ਵਫਾ ਨਹੀਂ ਹੋਇਆ ਹੈ। ਉਨ੍ਹਾਂ ਦੱਸਿਆ ਕਿ ਸਿੱਖਿਆ ਵਿਭਾਗ ਦੇ ਅਮਲੇ ਦੀ ਕੋਤਾਹੀ ਕਾਰਨ ਇਹ ਅਧਿਆਪਕ ਹੁਣ ਵੀ ਪੰਜਾਬ ਦੇ ਸਕੇਲ ਹਾਸਲ ਕਰਨ ਲਈ ਸੜਕਾਂ ’ਤੇ ਧੱਕੇ ਖਾ ਰਹੇ ਹਨ । ਉਨ੍ਹਾਂ ਦੱਸਿਆ ਕਿ ਵਿੱਤ ਮੰਤਰੀ ਲਗਾਤਾਰ ਲਾਰੇ ਲਾ ਰਹੇ ਹਨ , ਪਰੰਤੂ ਅਜੇ ਤੱਕ ਕੋਈ ਢੁੱਕਵੀਂ ਪਹਿਲਕਦਮੀ ਨਹੀਂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਉਨ੍ਹਾਂ ਦਾ ਸਬਰ ਨਾ ਪਰਖੇ ਸਗੋਂ ਸਿਆਸੀ ਲਾਹੇ ਲਈ ਵੱਖ ਵੱਖ ਥਾਵਾਂ ’ਤੇ ਕੀਤੇ ਜਾ ਰਹੇ ਸਮਾਗਮਾਂ ਵਿੱਚ ਰੁੱਝੇ ਰਹਿਣ ਵਾਲੇ ਮੁੱਖ ਮੰਤਰੀ ਅਧਿਆਪਕਾਂ ਨੂੰ ਦਰਸ਼ਨ ਦੇਣ ’ਤੇ ਉਨ੍ਹਾਂ ਦੀ ਜਾਇਜ਼ ਮੰਗ ਦਾ ਨਿਪਟਾਰਾ ਕਰਨ।
ਈਟੀਟੀ ਟੈਟ ਪਾਸ ਅਧਿਆਪਕ ਯੂਨੀਅਨ ਜੈ ਸਿੰਘ ਵਾਲਾ ਦੇ ਪ੍ਰਧਾਨ ਕਮਲ ਠਾਕੁਰ ਦੀ ਅਗਵਾਈ ਹੇਠ ਸੰਘਰਸ਼ ਦੇ ਰਾਹ ਪਏ ਇੰਨ੍ਹਾਂ 180 ਅਧਿਆਪਕਾਂ ਨੇ ਆਖਿਆ ਕਿ ਜਦੋਂ ਪੰਜਾਬ ਸਰਕਾਰ ਸੜਕਾਂ , ਬਜ਼ਾਰਾਂ ਅਤੇ ਹੋਰਨਾਂ ਜਨਤਕ ਥਾਵਾਂ ਤੇ ਵੱਡੀਆਂ ਵੱਡੀਆਂ ਫਲੈਕਸਾਂ ਲਾਕੇ ਆਪਣੀਆਂ ਪ੍ਰਾਪਤੀਆਂ ਦਾ ਪ੍ਰਚਾਰ ਕਰ ਰਹੀ ਹੈ ਤਾਂ ਫਿਰ ਉਨ੍ਹਾਂ ਦਾ ਮਸਲਾ ਕਿਓਂ ਲਮਕਾਇਆ ਜਾ ਰਿਹਾ ਹੈ। ਅਧਿਆਪਕਾਂ ਨੇ ਮਿਹਣੇ ਮਾਰੇ ਕਿ ਉਨ੍ਹਾਂ ਦੀ ਤੁਰੰਤ ਸਾਰ ਲੈਣ ਦਾ ਕੀਤਾ ਗਿਆ ਵਾਅਦਾ ਰੱਦੀ ਦੀ ਟੋਕਰੀ ’ਚ ਸੁੱਟਕੇ ‘ਆਪ’ ਸਰਕਾਰ ਉਨ੍ਹਾਂ ਨਾਲ ਧਰੋਹ ਕਮਾ ਰਹੀ ਹੈ । ਉਨ੍ਹਾਂ ਦੱਸਿਆ ਕਿ ਇਸ ਦੇ ਰੋਸ ਵਜੋਂ ਅੱਜ ਉਨ੍ਹਾਂ ਨੇ ਵਿੱਤ ਮੰਤਰੀ ਤੋਂ ਮਿਲਦੇ ਨਿੱਤ ਨਵੇਂ ਲਾਰਿਆਂ ਤੋਂ ਅੱਕ ਕੇ ਮਨੀਸ਼ ਸਿਸੋਦੀਆ ਦੀ ਕੋਠੀ ਅੱਗੇ ਧਾਵਾ ਬੋਲਣਾ ਪਿਆ ਹੈ। ਅਧਿਆਪਕ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਇਹ ਮਸਲਾ ਹੱਲ ਨਾਂ ਕੀਤਾ ਤਾਂ 180 ਈਟੀਟੀ ਅਧਿਆਪਕਾਂ ਵੱਲੋਂ ਸੰਘਰਸ਼ ਜਾਰੀ ਰੱਖਿਆ ਜਾਏਗਾ।