ਚੰਡੀਗੜ੍ਹ ਯੂਨੀਵਰਸਿਟੀ ਵਿੱਚ ਲਾਂਚ ਹੋਇਆ ਪਦਮਸ਼੍ਰੀ ਹੰਸ ਰਾਜ ਹੰਸ ਦਾ ਨਵਾਂ ਗੀਤ ‘ਆਜਾ ਦੋਵੇਂ ਨੱਚੀਏ’
ਯੁਵਰਾਜ ਹੰਸ, ਨਵਰਾਜ ਹੰਸ, ਸ਼ਮਸ਼ੇਰ ਸਿੰਘ ਸੰਧੂ ਸਮੇਤ ਕਈ ਨਾਮਵਰ ਹਸਤੀਆਂ ਰਹੀਆਂ ਮੌਜੂਦ, ਕਲਾਕਾਰਾਂ ਨੇ ਗੀਤ ਦੀਆਂ ਖੂਬੀਆਂ ਕੀਤੀਆਂ ਸਾਂਝੀਆਂ
ਬਾਬੂਸ਼ਾਹੀ ਬਿਊਰੋ
ਮੋਹਾਲੀ, 30 ਜੁਲਾਈ 2026 : ਚੰਡੀਗੜ੍ਹ ਯੂਨੀਵਰਸਿਟੀ ਵਿੱਚ ਬੁੱਧਵਾਰ ਨੂੰ ਪਦਮਸ਼੍ਰੀ ਸਨਮਾਨਿਤ ਪ੍ਰਸਿੱਧ ਸੂਫ਼ੀ ਅਤੇ ਲੋਕ ਗਾਇਕ ਹੰਸ ਰਾਜ ਹੰਸ ਦੇ ਨਵੇਂ ਪੰਜਾਬੀ ਗੀਤ ‘ਆਜਾ ਦੋਵੇਂ ਨੱਚੀਏ’ ਦਾ ਸ਼ਾਨਦਾਰ ਲਾਂਚ ਕੀਤਾ ਗਿਆ। ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ, ਸੰਗੀਤ ਪ੍ਰੇਮੀਆਂ ਅਤੇ ਪਤਵੰਤੇ ਸੱਜਣਾਂ ਨੇ ਸ਼ਿਰਕਤ ਕੀਤੀ।
ਇਸ ਮੌਕੇ ਹੰਸ ਰਾਜ ਹੰਸ ਦੇ ਨਾਲ ਉਨ੍ਹਾਂ ਦੇ ਪੁੱਤਰ ਅਤੇ ਪ੍ਰਸਿੱਧ ਗਾਇਕ ਯੁਵਰਾਜ ਹੰਸ ਅਤੇ ਨਵਰਾਜ ਹੰਸ ਵੀ ਮੌਜੂਦ ਰਹੇ। ਪੰਜਾਬੀ ਸਾਹਿਤ ਅਤੇ ਸੰਗੀਤ ਜਗਤ ਦੀ ਪ੍ਰਸਿੱਧ ਹਸਤੀ ਸ਼ਮਸ਼ੇਰ ਸਿੰਘ ਸੰਧੂ, ਸੰਗੀਤਕਾਰ ਜੋੜੀ ਦੇਸੀ ਕਰੂ, ਗੀਤਕਾਰ ਹਰਪ੍ਰੀਤ ਸੇਖੋਂ, ਗਾਇਕਾ ਗੁਰਲੇਜ਼ ਅਖ਼ਤਰ, ਬੌਬੀ ਬਾਜਵਾ, ਤਨਵੀਰ ਗੋਗੀ, ਜੀਤ ਜਗਜੀਤ, ਬਲਬੀਰ ਸੂਫ਼ੀ, ਭੱਟੀ ਭਰੀਵਾਲਾ, ਦੈਵੀ ਸਿੰਘ ਅਤੇ ਗੀਤ ਨਾਲ ਜੁੜੇ ਹੋਰ ਕਲਾਕਾਰਾਂ ਨੇ ਵੀ ਸਮਾਗਮ ਦੀ ਰੌਣਕ ਵਧਾਈ।
ਸਮਾਗਮ ਦੌਰਾਨ ਕਲਾਕਾਰਾਂ ਨੇ ਗੀਤ ਦੀ ਰਚਨਾ ਨਾਲ ਜੁੜੇ ਆਪਣੇ ਤਜਰਬੇ ਸਾਂਝੇ ਕੀਤੇ। ਉਨ੍ਹਾਂ ਦੱਸਿਆ ਕਿ ‘ਆਜਾ ਦੋਵੇਂ ਨੱਚੀਏ’ ਦੇ ਬੋਲ ਹਰਪ੍ਰੀਤ ਸੇਖੋਂ ਨੇ ਲਿਖੇ ਹਨ, ਇਸ ਦਾ ਸੰਗੀਤ ਦੇਸੀ ਕਰੂ ਨੇ ਤਿਆਰ ਕੀਤਾ ਹੈ, ਜਦਕਿ ਵੀਡੀਓ ਦਾ ਨਿਰਦੇਸ਼ਨ ਬੌਬੀ ਬਾਜਵਾ ਨੇ ਕੀਤਾ ਹੈ। ਕਲਾਕਾਰਾਂ ਨੇ ਕਿਹਾ ਕਿ ਇਹ ਗੀਤ ਰਵਾਇਤੀ ਪੰਜਾਬੀ ਲੋਕ ਸੰਗੀਤ ਅਤੇ ਆਧੁਨਿਕ ਸੰਗੀਤ ਦਾ ਸੁੰਦਰ ਮੇਲ ਹੈ। ਹੰਸ ਰਾਜ ਹੰਸ ਅਤੇ ਯੁਵਰਾਜ ਹੰਸ ਦੀ ਜੁਗਲਬੰਦੀ ਨੂੰ ਦਰਸ਼ਕਾਂ ਵੱਲੋਂ ਖੂਬ ਸਰਾਹਿਆ ਗਿਆ।
ਲਾਂਚ ਦੌਰਾਨ ਗੀਤ ਦਾ ਪਹਿਲਾ ਜਨਤਕ ਪ੍ਰਦਰਸ਼ਨ ਕੀਤਾ ਗਿਆ, ਜਿਸ ਦਾ ਮੌਜੂਦ ਦਰਸ਼ਕਾਂ ਅਤੇ ਵਿਦਿਆਰਥੀਆਂ ਨੇ ਜ਼ੋਰਦਾਰ ਤਾੜੀਆਂ ਨਾਲ ਸਵਾਗਤ ਕੀਤਾ। ਇਸ ਤੋਂ ਬਾਅਦ ਕਲਾਕਾਰਾਂ ਨੇ ਵਿਦਿਆਰਥੀਆਂ ਅਤੇ ਮੀਡੀਆ ਨਾਲ ਗੱਲਬਾਤ ਕਰਦਿਆਂ ਪੰਜਾਬੀ ਸੰਗੀਤ ਦੀ ਅਮੀਰ ਵਿਰਾਸਤ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਉਣ ਦੀ ਲੋੜ ’ਤੇ ਜ਼ੋਰ ਦਿੱਤਾ।
ਚੰਡੀਗੜ੍ਹ ਯੂਨੀਵਰਸਿਟੀ ਦੇ ਡਿਪਾਰਟਮੈਂਟ ਆਫ਼ ਡੀਏਸੀਏ ਦੇ ਸੈਮੀਨਾਰ ਹਾਲ ਵਿੱਚ ਕਰਵਾਏ ਗਏ ਇਸ ਸਮਾਗਮ ਵਿੱਚ ਸਿੱਖਿਆ, ਸੰਗੀਤ, ਫ਼ਿਲਮ ਅਤੇ ਸਮਾਜਿਕ ਖੇਤਰ ਨਾਲ ਜੁੜੀਆਂ ਕਈ ਪ੍ਰਮੁੱਖ ਸ਼ਖ਼ਸੀਅਤਾਂ ਨੇ ਵੀ ਹਾਜ਼ਰੀ ਭਰੀ। ਸਮੁੱਚਾ ਸਮਾਗਮ ਪੰਜਾਬੀ ਸੱਭਿਆਚਾਰ, ਲੋਕ ਸੰਗੀਤ ਅਤੇ ਰੰਗ-ਰਲੀਆਂ ਦਾ ਸ਼ਾਨਦਾਰ ਜਸ਼ਨ ਬਣ ਕੇ ਸਾਹਮਣੇ ਆਇਆ।