ਰਾਸ਼ਟਰੀ ਸਿੱਖਿਆ ਨੀਤੀ ਸਾਡੇ ਦੇਸ਼ ਦੀ ਸਿੱਖਿਆ ਪ੍ਰਣਾਲੀ ਵਿੱਚ ਇੱਕ ਨਵਾਂ ਮੋੜ ਲਿਆਉਣ ਵਾਲਾ ਦਸਤਾਵੇਜ਼: ਪ੍ਰੋ. (ਡਾ.) ਸੁਸ਼ੀਲ ਮਿੱਤਲ
ਆਈ.ਕੇ.ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਵਿਖੇ ਰਾਸ਼ਟਰੀ ਸਿੱਖਿਆ ਨੀਤੀ 2020 ‘ਤੇ ਵਿਸ਼ੇਸ਼ ਲੈਕਚਰ ਦਾ ਆਯੋਜਨ
ਜਲੰਧਰ/ਕਪੂਰਥਲਾ-
ਆਈ.ਕੇ.ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ (ਆਈ.ਕੇ.ਜੀ ਪੀ.ਟੀ.ਯੂ) ਵਿਖੇ ਰਾਸ਼ਟਰੀ ਸਿਖਿਆ ਨੀਤੀ 2020 ਵਿਸ਼ੇ ‘ਤੇ ਇੱਕ ਵਿਸ਼ੇਸ਼ ਐਕਸਪਰਟ ਲੈਕਚਰ ਦਾ ਆਯੋਜਨ ਕੀਤਾ ਗਿਆ। ਇਸ ਲੈਕਚਰ ਵਿੱਚ ਪ੍ਰਮੁੱਖ ਵਿਦਵਾਨਾਂ ਨੇ ਹਾਜ਼ਰੀ ਭਰੀ ਅਤੇ ਸਿੱਖਿਆ ਨੀਤੀ ਦੇ ਵੱਖ-ਵੱਖ ਪਹਿਲੂਆਂ ਤੇ ਰੋਸ਼ਨੀ ਪਾਈ। ਇਸ ਮੌਕੇ ਤੇ ਮੁੱਖ ਮਹਿਮਾਨ ਵਜੋਂ ਪ੍ਰੋ. (ਡਾ.) ਅਮਿਤ ਕੌਟਸ, ਪ੍ਰੋਫੈਸਰ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਅਤੇ ਡਾ. ਅਨੁਜ ਬੰਸਲ ਪ੍ਰੋਫੈਸਰ, ਸੰਤ ਲੋਂਗੋਵਾਲ ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨੋਲੋਜੀ, ਲੋਂਗੋਵਾਲ ਨੇ ਸ਼ਿਰਕਤ ਕੀਤੀ। ਪ੍ਰੋਗਰਾਮ ਦੀ ਸ਼ੁਰੂਆਤ ਮਹਿਮਾਨਾਂ ਨੂੰ ਗੁਲਦਸਤਾ ਭੇਂਟ ਕਰਕੇ ਹੋਈ। ਪ੍ਰੋਗਰਾਮ ਦੀ ਅਗਵਾਈ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. ਡਾ. ਸੁਸ਼ੀਲ ਮਿੱਤਲ ਨੇ ਕੀਤੀ। ਇਹ ਆਯੋਜਨ ਯੂਨੀਵਰਸਿਟੀ ਦੇ ਅਕਾਦਮਿਕ ਵਿਭਾਗ ਵੱਲੋਂ ਕੀਤਾ ਗਿਆ!
ਪ੍ਰੋ. (ਡਾ.) ਅਮਿਤ ਕੌਟਸ ਨੇ ਦੱਸਿਆ ਕਿ ਰਾਸ਼ਟਰੀ ਸਿਖਿਆ ਨੀਤੀ ਸਾਡੇ ਦੇਸ਼ ਦੀ ਸਿੱਖਿਆ ਪ੍ਰਣਾਲੀ ਵਿੱਚ ਇੱਕ ਕ੍ਰਾਂਤੀਕਾਰੀ ਬਦਲਾਅ ਲਿਆਉਣ ਵਾਲੀ ਨੀਤੀ ਹੈ। ਇਹ ਨੀਤੀ ਵਿਦਿਆਰਥੀ ਕੇਂਦਰਿਤ ਹੈ, ਜਿਸਦਾ ਮੁੱਖ ਉਦੇਸ਼ ਸਿਰਫ਼ ਡਿਗਰੀ ਪ੍ਰਾਪਤ ਕਰਨਾ ਨਹੀਂ, ਸਗੋਂ ਗਿਆਨ, ਹੁਨਰ ਅਤੇ ਚਰਿੱਤਰ ਦਾ ਵਿਕਾਸ ਕਰਨਾ ਹੈ। ਇਸ ਨੀਤੀ ਵਿੱਚ ਮਲਟੀ-ਡਿਸਿਪਲਿਨਰੀ ਸਿੱਖਿਆ, ਫਲੈਕਸਿਬਲ ਕੋਰਸ ਸਟਰਕਚਰ ਅਤੇ ਸਕਿਲ-ਬੇਸਡ ਲਰਨਿੰਗ ਤੇ ਖਾਸ ਧਿਆਨ ਦਿੱਤਾ ਗਿਆ ਹੈ। ਵਿਦਿਆਰਥੀਆਂ ਨੂੰ ਹੁਣ ਆਪਣੇ ਰੁਚੀ ਅਨੁਸਾਰ ਵਿਸ਼ਿਆਂ ਦੀ ਚੋਣ ਕਰਨ ਦੀ ਆਜ਼ਾਦੀ ਮਿਲਦੀ ਹੈ, ਜੋ ਉਨ੍ਹਾਂ ਦੀ ਸਮਰੱਥਾ ਨੂੰ ਨਿਖਾਰਦੀ ਹੈ। ਉਨ੍ਹਾਂ ਕਿਹਾ ਕਿ ਅਧਿਆਪਕਾਂ ਦੀ ਭੂਮਿਕਾ ਇਸ ਨੀਤੀ ਵਿੱਚ ਬਹੁਤ ਮਹੱਤਵਪੂਰਨ ਹੈ। ਉਹ ਸਿਰਫ਼ ਗਿਆਨ ਦੇਣ ਵਾਲੇ ਨਹੀਂ, ਸਗੋਂ ਮਾਰਗਦਰਸ਼ਕ ਅਤੇ ਪ੍ਰੇਰਕ ਵੀ ਹਨ। ਅੰਤ ਵਿੱਚ ਉਨ੍ਹਾਂ ਸਾਰੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਨੀਤੀ ਦੇ ਮੌਕਿਆਂ ਦਾ ਪੂਰਾ ਲਾਭ ਲੈਣ ਅਤੇ ਆਪਣੇ ਭਵਿੱਖ ਨੂੰ ਰੋਸ਼ਨ ਬਣਾਉਣ।
ਡਾ. ਅਨੁਜ ਬੰਸਲ ਨੇ ਕਿਹਾ ਰਾਸ਼ਟਰੀ ਸਿੱਖਿਆ ਨੀਤੀ ਸਿੱਖਿਆ ਦੇ ਖੇਤਰ ਵਿੱਚ ਨਵੀਆਂ ਸੰਭਾਵਨਾਵਾਂ ਦੇ ਦਰਵਾਜ਼ੇ ਖੋਲ੍ਹਦੀ ਹੈ। ਇਹ ਨੀਤੀ ਸਿਰਫ਼ ਅਕਾਦਮਿਕ ਗਿਆਨ ਤੱਕ ਸੀਮਿਤ ਨਹੀਂ, ਸਗੋਂ ਪ੍ਰੈਕਟਿਕਲ ਸਕਿਲਜ਼, ਇਨੋਵੇਸ਼ਨ ਅਤੇ ਰਿਸਰਚ ਨੂੰ ਵੀ ਉਤਸ਼ਾਹਿਤ ਕਰਦੀ ਹੈ। ਇਸ ਨਾਲ ਵਿਦਿਆਰਥੀ ਗਲੋਬਲ ਲੈਵਲ ਤੇ ਮੁਕਾਬਲਾ ਕਰਨ ਦੇ ਯੋਗ ਬਣਦੇ ਹਨ। ਉਨ੍ਹਾਂ ਕਿਹਾ ਕਿ ਖਾਸ ਤੌਰ ਤੇ ਡਿਜ਼ਿਟਲ ਲਰਨਿੰਗ, ਆਨਲਾਈਨ ਸਿੱਖਿਆ ਅਤੇ ਟੈਕਨੋਲੋਜੀ ਦੇ ਇਸਤੇਮਾਲ ਤੇ ਦਿੱਤਾ ਗਿਆ ਜ਼ੋਰ ਇਸ ਨੀਤੀ ਦੀ ਇੱਕ ਵੱਡੀ ਵਿਸ਼ੇਸ਼ਤਾ ਹੈ। ਉਨ੍ਹਾਂ ਨੇ ਫਕੈਲਟੀ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਅਧਿਐਨ ਦੇ ਢੰਗ ਵਿੱਚ ਨਵੀਂਆਂ ਤਕਨੀਕਾਂ ਨੂੰ ਅਪਣਾਉਣ ਅਤੇ ਵਿਦਿਆਰਥੀਆਂ ਨੂੰ ਨਵੀਨਤਾ ਵੱਲ ਪ੍ਰੇਰਿਤ ਕਰਨ।
ਉਪ ਕੁਲਪਤੀ ਪ੍ਰੋ. (ਡਾ.) ਸੁਸ਼ੀਲ ਮਿੱਤਲ ਨੇ ਕਿਹਾ ਕਿ ਰਾਸ਼ਟਰੀ ਸਿੱਖਿਆ ਨੀਤੀ ਸਾਡੇ ਦੇਸ਼ ਦੀ ਸਿੱਖਿਆ ਪ੍ਰਣਾਲੀ ਵਿੱਚ ਇੱਕ ਨਵਾਂ ਮੋੜ ਲਿਆਉਣ ਵਾਲਾ ਦਸਤਾਵੇਜ਼ ਹੈ। ਇਹ ਨੀਤੀ ਵਿਦਿਆਰਥੀਆਂ ਨੂੰ ਸਿਰਫ਼ ਅਕਾਦਮਿਕ ਜਾਣਕਾਰੀ ਨਹੀਂ, ਸਗੋਂ ਜੀਵਨ ਦੇ ਹਰ ਖੇਤਰ ਵਿੱਚ ਸਫਲ ਹੋਣ ਲਈ ਤਿਆਰ ਕਰਦੀ ਹੈ। ਯੂਨੀਵਰਸਿਟੀ ਹਮੇਸ਼ਾ ਹੀ ਨਵੀਆਂ ਸਿੱਖਿਆ ਨੀਤੀਆਂ ਅਤੇ ਤਕਨੀਕਾਂ ਨੂੰ ਅਪਣਾਉਣ ਵਿੱਚ ਅੱਗੇ ਰਹੀ ਹੈ। ਉਨ੍ਹਾਂ ਕਿਹਾ ਯੂਨੀਵਰਸਿਟੀ ਰਾਸ਼ਟਰੀ ਸਿੱਖਿਆ ਨੀਤੀ ਦੇ ਮੁੱਖ ਤੱਥਾਂ ਮਲਟੀ-ਡਿਸਿਪਲਿਨਰੀ ਐਜੂਕੇਸ਼ਨ, ਸਕਿਲ ਡਿਵੈਲਪਮੈਂਟ, ਰਿਸਰਚ ਅਤੇ ਇਨੋਵੇਸ਼ਨ ਨੂੰ ਆਪਣੇ ਕੋਰਸਾਂ ਵਿੱਚ ਸ਼ਾਮਲ ਕਰਨ ਲਈ ਵਚਨਬੱਧ ਹੈ। ਉਨ੍ਹਾਂ ਫਕੈਲਟੀ ਨੂੰ ਅਪੀਲ ਕੀਤੀ ਕੀ ਉਹ ਇਸ ਨੀਤੀ ਦੇ ਉਦੇਸ਼ਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਵਿਦਿਆਰਥੀਆਂ ਨੂੰ ਨਵੀਂ ਸੋਚ ਅਤੇ ਰਚਨਾਤਮਕਤਾ ਵੱਲ ਪ੍ਰੇਰਿਤ ਕਰਨ।
ਇਸ ਮੌਕੇ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਨਵਦੀਪਕ ਸੰਧੂ ਨੇ ਕਿਹਾ ਕਿ ਇਹ ਨੀਤੀ ਸਿੱਖਿਆ ਖੇਤਰ ਵਿੱਚ ਇੱਕ ਨਵੀਂ ਦਿਸ਼ਾ ਅਤੇ ਦ੍ਰਿਸ਼ਟੀਕੋਣ ਪ੍ਰਦਾਨ ਕਰਦੀ ਹੈ, ਜਿਸ ਨਾਲ ਸਾਡੇ ਦੇਸ਼ ਦੀ ਯੁਵਾ ਸ਼ਕਤੀ ਨੂੰ ਨਵੀਆਂ ਉਚਾਈਆਂ ਤੱਕ ਪਹੁੰਚਣ ਦਾ ਮੌਕਾ ਮਿਲੇਗਾ। ਉਨ੍ਹਾਂ ਕਿਹਾ ਕਿ ਇਹੋ ਜਿਹੇ ਲੈਕਚਰ ਵਿਦਿਆਰਥੀਆਂ ਲਈ ਪ੍ਰੇਰਣਾ ਦਾ ਸਰੋਤ ਬਣਦੇ ਹਨ ਅਤੇ ਉਨ੍ਹਾਂ ਨੂੰ ਨਵੀਂ ਸੋਚ ਦੇ ਨਾਲ ਅੱਗੇ ਵਧਣ ਲਈ ਪ੍ਰੇਰਿਤ ਕਰਦੇ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਇਸ ਤਰ੍ਹਾਂ ਦੇ ਮੌਕਿਆਂ ਦਾ ਪੂਰਾ ਲਾਭ ਲੈਣ।
ਮੰਚ ਸੰਚਾਲਨ ਯੂਨੀਵਰਸਿਟੀ ਦੇ ਡਿਪਟੀ ਲਾਇਬ੍ਰੇਰੀਅਨ ਡਾ.ਮਧੂ ਮਿੱਡਾ ਵੱਲੋਂ ਕੀਤਾ ਗਿਆ। ਸਮਾਰੋਹ ਦੇ ਅੰਤ ਵਿਚ ਡੀਨ ਅਕਾਦਮਿਕ ਪ੍ਰੋ. (ਡਾ.) ਵਾਈ. ਐਸ. ਬਰਾੜ ਵੱਲੋਂ ਧੰਨਵਾਦੀ ਭਾਸ਼ਣ ਪੇਸ਼ ਕੀਤਾ ਗਿਆ। ਯੂਨੀਵਰਸਿਟੀ ਦੇ ਡੀਨ ਆਰ ਐਂਡ ਡੀ ਡਾ. ਪਰਵੀਨ ਬੰਸਲ, ਡੀਨ ਵਿਦਿਆਰਥੀ ਭਲਾਈ ਡਾ.ਸਤਬੀਰ ਸਿੰਘ ਸਹਿਤ ਵੱਖੋ ਵੱਖ ਵਿਭਾਗ ਮੁਖੀ, ਫੈਕਲਟੀ ਮੈਂਬਰ, ਅਧਿਕਾਰੀ, ਸਟਾਫ ਅਤੇ ਵਿਦਿਆਰਥੀ ਸਮਾਰੋਹ ਵਿਚ ਮੌਜੂਦ ਰਹੇ।