ਮਾਈਕ੍ਰੋਸਾਫ਼ਟ ਨੇ ਚੰਡੀਗੜ੍ਹ ਯੂਨੀਵਰਸਿਟੀ ਵਿੱਚ ਸਥਾਪਤ ਕੀਤਾ 'ਸਕਿੱਲ ਸੈਂਟਰ'
ਵਿਦਿਆਰਥੀਆਂ ਨੂੰ 'ਮਾਈਕ੍ਰੋਸਾਫ਼ਟ ਸਰਟੀਫ਼ਿਕੇਸ਼ਨ' ਤੱਕ ਮਿਲੇਗੀ ਪਹੁੰਚ, ਉੱਭਰ ਰਹੀਆਂ ਤਕਨੀਕਾਂ ਵਿੱਚ ਵਿਹਾਰਕ ਸਿਖਲਾਈ ਨਾਲ ਰੁਜ਼ਗਾਰ ਦੇ ਮੌਕਿਆਂ ਵਿੱਚ ਹੋਵੇਗਾ ਵਾਧਾ
ਮੋਹਾਲੀ, 2 ਅਪ੍ਰੈਲ 2026 ਅਮਰੀਕਾ ਦੀ ਦਿੱਗਜ ਗਲੋਬਲ ਟੈੱਕ ਕੰਪਨੀ 'ਮਾਈਕ੍ਰੋਸਾਫ਼ਟ' ਦੇ ਸਹਿਯੋਗ ਨਾਲ ਚੰਡੀਗੜ੍ਹ ਯੂਨੀਵਰਸਿਟੀ (ਸੀਯੂ) ਨੇ ਆਰਟੀਫ਼ੀਸ਼ੀਅਲ ਇੰਟੈਲੀਜੈਂਸ (ਏਆਈ) ਵਿੱਚ ਇੱਕ ਅਤਿ ਆਧੁਨਿਕ 'ਮਾਈਕ੍ਰੋਸਾਫ਼ਟ ਸਕਿੱਲ ਸੈਂਟਰ' ਸਥਾਪਤ ਕੀਤਾ ਹੈ। ਇਸ ਦਾ ਮੁੱਖ ਉਦੇਸ਼ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੀ ਰੁਜ਼ਗਾਰ ਸਮਰੱਥਾ ਨੂੰ ਨਿਖਾਰਨਾ ਹੈ। ਇਸ ਸਕਿੱਲ ਸੈਂਟਰ ਰਾਹੀਂ ਵਿਦਿਆਰਥੀਆਂ ਨੂੰ ਏਆਈ, ਐਮਐਲ (ਮਸ਼ੀਨ ਲਰਨਿੰਗ), ਕਲਾਊਡ ਕੰਪਿਊਟਿੰਗ ਅਤੇ ਹੋਰ ਨਵੀਆਂ ਤਕਨੀਕਾਂ ਵਿੱਚ ਮਾਈਕ੍ਰੋਸਾਫ਼ਟ ਸਰਟੀਫ਼ਿਕੇਸ਼ਨ, ਅਸਲ ਸੰਸਾਰ ਦੇ ਵਿਹਾਰਕ ਤਜਰਬੇ ਅਤੇ ਲੈਬ ਆਧਾਰਤ ਸਿੱਖਿਆ ਪ੍ਰਦਾਨ ਕੀਤੀ ਜਾਵੇਗੀ, ਜੋ ਕਿ ਪੂਰੀ ਤਰ੍ਹਾਂ ਅਤਿ ਆਧੁਨਿਕ ਦੌਰ ਵਿੱਚ ਵਿਸ਼ਵ ਪੱਧਰੀ ਤਕਨੀਕੀ ਲੋੜ ਦੇ ਅਨੁਕੂਲ ਹੈ।
ਮਾਈਕ੍ਰੋਸਾਫ਼ਟ ਸਕਿੱਲ ਸੈਂਟਰ ਦੇ ਉਦਘਾਟਨੀ ਸਮਾਰੋਹ ਵਿੱਚ ਦਿੱਗਜ ਸ਼ਖ਼ਸੀਅਤਾਂ ਹਿੱਸਾ ਲਿਆ, ਜਿਨ੍ਹਾਂ ਵਿੱਚ ਮਾਈਕ੍ਰੋਸਾਫ਼ਟ ਵਿੱਚ ਪਬਲਿਕ ਸੈਕਟਰ ਦੇ ਡਾਇਰੈਕਟਰ ਸੰਜੇ ਢੀਂਗਰਾ, ਬਾਈਟਐਕਸਐਲ (byteXL) ਦੇ ਸੀਐਸਓ ਅਤੇ ਸਹਿ ਸੰਸਥਾਪਕ ਸ਼੍ਰੀਚਰਨ ਤਾਡੇਪੱਲੀ, ਚੰਡੀਗੜ੍ਹ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. (ਡਾ.) ਰਵੀਰਾਜਾ ਐਨ ਸੀਤਾਰਾਮ, ਪ੍ਰੋ. ਵਾਈਸ ਚਾਂਸਲਰ ਪ੍ਰੋ. (ਡਾ.) ਐਸਐਸ ਸਹਿਗਲ ਅਤੇ ਅਕਾਦਮਿਕ ਮਾਮਲਿਆਂ ਦੇ ਪ੍ਰੋ. ਵਾਈਸ ਚਾਂਸਲਰ ਪ੍ਰੋ. (ਡਾ.) ਰਘੂਵੀਰ ਵੀਆਰ ਸ਼ਾਮਲ ਸਨ। ਇਹ ਸੈਂਟਰ ਆਫ਼ ਐਕਸੀਲੈਂਸ ਇੱਕ ਸਮਝੌਤਾ ਪੱਰ ਦੇ ਆਧਾਰ 'ਤੇ ਸਥਾਪਤ ਕੀਤਾ ਗਿਆ ਹੈ, ਜਿਸ 'ਤੇ ਮਾਈਕ੍ਰੋਸਾਫ਼ਟ ਅਤੇ ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਸਾਂਝੇ ਤੌਰ 'ਤੇ ਹਸਤਾਖਰ ਕੀਤੇ ਗਏ ਸਨ। ਇਸ ਐਮਓਯੂ ਦਾ ਮੁੱਖ ਮਕਸਦ ਵਿਦਿਆਰਥੀਆਂ ਨੂੰ ਡਿਜੀਟਲ ਆਰਥਿਕਤਾ ਵਿੱਚ ਸਫ਼ਲ ਹੋਣ ਲਈ ਸਮਰੱਥ ਅਤੇ ਹੁਨਰਮੰਦ ਬਣਾਉਣਾ ਹੈ, ਤਾਂ ਜੋ ਸੂਬੇ ਨੂੰ ਉਨ੍ਹਾਂ ਤਕਨੀਕਾਂ ਵਿੱਚ ਸਿਖਲਾਈ ਪ੍ਰਾਪਤ ਪੇਸ਼ੇਵਰਾਂ ਦੇ ਇੱਕ ਪ੍ਰਮੁੱਖ ਗੜ੍ਹ ਵਜੋਂ ਵਿਕਸਤ ਕੀਤਾ ਜਾ ਸਕੇ, ਜਿਨ੍ਹਾਂ ਦੀ ਮੌਜੂਦਾ ਸਮੇਂ ਵਿੱਚ ਭਾਰੀ ਮੰਗ ਹੈ।
ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਮਾਈਕ੍ਰੋਸਾਫ਼ਟ ਦੇ ਪਬਲਿਕ ਸੈਕਟਰ ਡਾਇਰੈਕਟਰ ਸੰਜੇ ਢੀਂਗਰਾ ਨੇ ਕਿਹਾ, "ਮਾਈਕ੍ਰੋਸਾਫ਼ਟ ਸਕਿੱਲ ਸੈਂਟਰ ਲਈ ਚੰਡੀਗੜ੍ਹ ਯੂਨੀਵਰਸਿਟੀ ਦੇ ਨਾਲ ਸਹਿਯੋਗ ਜਾਂ ਕੋਲੈਬੋਰੇਸ਼ਨ ਕਰਨ ਨੂੰ ਲੈਕੇ ਬੇਹੱਦ ਉਤਸ਼ਾਹਿਤ ਹੈ। ਇਸ ਕੇਂਦਰ ਵਿੱਚ ਅਸੀਂ 'ਏਆਈ ਫ਼ਾਰ ਆਲ' ਦੀ ਸਹੂਲਤ ਪ੍ਰਦਾਨ ਕਰਾਂਗੇ, ਜਿਸ ਦਾ ਭਾਵ ਹੈ ਕਿ ਮਾਈਕ੍ਰੋਸਾਫ਼ਟ ਦੇ ਕੋਰਸ ਸਿਰਫ਼ ਬੀਟੈੱਕ ਦੇ ਵਿਦਿਆਰਥੀਆਂ ਤੱਕ ਹੀ ਸੀਮਤ ਨਹੀਂ ਰਹਿਣਗੇ, ਸਗੋਂ ਯੂਨੀਵਰਸਿਟੀ ਦੇ ਹੋਰਨਾਂ ਪ੍ਰੋਗਰਾਮਾਂ ਦੇ ਵਿਦਿਆਰਥੀ ਵੀ ਇਨ੍ਹਾਂ ਦਾ ਲਾਹਾ ਲੈ ਸਕਣਗੇ।"
ਉਨ੍ਹਾਂ ਅੱਗੇ ਕਿਹਾ, "ਚੰਡੀਗੜ੍ਹ ਯੂਨੀਵਰਸਿਟੀ ਨਾਲ ਕੀਤਾ ਗਿਆ ਇਹ ਸਮਝੌਤਾ ਪੱਤਰ ਜਾਂ ਐਮਓਯੂ ਇਸ ਸੈਂਟਰ ਆਫ਼ ਐਕਸੀਲੈਂਸ ਵਿੱਚ ਵਰਚੂਅਲ ਲੈਬਾਂ ਸ਼ੁਰੂ ਕਰਨ ਵਿੱਚ ਸਹਾਈ ਹੋਵੇਗਾ, ਜਿੱਥੇ ਵਿਿਦਿਆਰਥੀ ਆ ਕੇ ਆਨਲਾਈਨ ਸਿੱਖਿਆ ਹਾਸਲ ਕਰ ਸਕਣਗੇ। ਇਹ ਲੈਬਾਂ ਕਲਾਊਡ ਕੰਪਿਊਟਿੰਗ 'ਤੇ ਆਧਾਰਤ ਹੋਣਗੀਆਂ ਅਤੇ 'ਮਾਈਕ੍ਰੋਸਾਫ਼ਟ ਅਜ਼ਿਊਰ' (Microsoft Azure) ਰਾਹੀਂ ਚਲਾਈਆਂ ਜਾਣਗੀਆਂ। ਆਨਲਾਈਨ ਅਤੇ ਆਫ਼ਲਾਈਨ ਕੋਰਸਾਂ ਦੇ ਜ਼ਰੀਏ ਐਮਸੀਏ ਦੀ ਆਨਲਾਈਨ ਡਿਗਰੀ ਲਈ ਵੀ ਕੋਰਸ ਮੁਹੱਈਆ ਕਰਵਾਏਗਾ, ਜਿਨ੍ਹਾਂ ਵਿੱਚ ਗਿੱਟਹੱਬ ਫ਼ਾਊਂਡੇਸ਼ਨ (GitHub Foundation), ਅਜ਼ਿਊਰ ਫ਼ੰਡਾਮੈਂਟਲਸ (Azure Fundamentals), ਪਾਵਰ ਬੀਆਈ ਡਾਟਾ ਐਨਾਲਿਸਟ (Power BI Data Analyst) ਅਤੇ ਅਜ਼ਿਊਰ ਏਆਈ ਫ਼ੰਡਾਮੈਂਟਲਸ (Azure AI Fundamentals) ਵਰਗੇ ਵਿਸ਼ੇ ਸ਼ਾਮਲ ਹੋਣਗੇ।"
ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ, "ਮਾਈਕ੍ਰੋਸਾਫ਼ਟ ਅਤੇ ਚੰਡੀਗੜ੍ਹ ਯੂਨੀਵਰਸਿਟੀ ਵਿਚਾਲੇ ਹੋਇਆ ਇਹ ਸਹਿਯੋਗ ਮਾਈਕ੍ਰੋਸਾਫ਼ਟ ਸਰਟੀਫ਼ਿਕੇਸ਼ਨ ਰਾਹੀਂ ਸਾਰੇ ਵਿਦਿਆਰਥੀਆ ਨੂੰ ਰੁਜ਼ਗਾਰ ਦੇ ਵਧੇਰੇ ਯੋਗ ਅਤੇ ਉਦਯੋਗਿਕ ਲੋੜਾਂ ਮੁਤਾਬਕ ਤਿਆਰ ਹੋਣ ਵਿੱਚ ਮਦਦ ਕਰੇਗਾ। ਇਸ ਯੂਨੀਵਰਸਿਟੀ ਤੋਂ ਡਿਗਰੀ ਪੂਰੀ ਕਰਨ ਤੋਂ ਬਾਅਦ ਵਿਦਿਆਰਥੀਆਂ ਨੂੰ ਨਾਮੀ ਕੰਪਨੀਆਂ ਵਿੱਚ ਬਿਹਤਰੀਨ ਪਲੇਸਮੈਂਟ ਮਿਲੇਗੀ, ਕਿਉਂਕਿ ਅਜੋਕੇ ਸਮੇਂ ਵਿੱਚ ਵਿਦਿਆਰਥੀਆਂ ਲਈ ਮਾਰਕੀਟ ਵਿੱਚ ਮੌਜੂਦ ਨਵੇਂ ਹੁਨਰ ਸਿੱਖਣਾ ਬਹੁਤ ਜ਼ਰੂਰੀ ਹੈ, ਖ਼ਾਸ ਕਰਕੇ ਏਆਈ, ਮਸ਼ੀਨ ਲਰਨਿੰਗ ਅਤੇ ਕਲਾਊਡ ਕੰਪਿਊਟਿੰਗ।"
ਉੱਧਰ, ਦੂਜੇ ਪਾਸੇ ਚੰਡੀਗੜ੍ਹ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਰਵੀਰਾਜਾ ਐਨ ਸੀਤਾਰਾਮ ਨੇ ਕਿਹਾ, "ਮਾਈਕ੍ਰੋਸਾਫ਼ਟ ਦੇ ਨਾਲ ਸੀਯੂ ਦੇ ਇਸ ਐਮਓਯੂ ਅਤੇ ਚੰਡੀਗੜ੍ਹ ਯੂਨੀਵਰਸਿਟੀ ਵਿੱਚ ਮਾਈਕ੍ਰੋਸਾਫ਼ਟ ਸਕਿੱਲ ਸੈਂਟਰ ਦੇ ਉਦਘਾਟਨ ਨਾਲ ਯੂਨੀਵਰਸਿਟੀ ਨੂੰ ਮਾਈਕ੍ਰੋਸਾਫ਼ਟ ਦੇ 4400 ਤੋਂ ਵੱਧ ਮਾਡਿਊਲਾਂ ਵਾਲੇ ਅਤਿ ਆਧੁਨਿਕ ਕੰਟੈਂਟ ਤੱਕ ਪਹੁੰਚ ਮਿਲੇਗੀ, ਜੋ ਸਿੱਧੇ ਤੌਰ 'ਤੇ ਉਦਯੋਗਿਕ ਨੌਕਰੀਆਂ ਨਾਲ ਸਬੰਧਤ ਹਨ। ਇਸ ਸਮਝੌਤੇ ਦੇ ਤਹਿਤ, ਸੀਯੂ ਦੇ ਵਿਦਿਆਰਥੀਆਂ ਨੂੰ ਮਾਈਕ੍ਰੋਸਾਫ਼ਟ ਫ਼ੰਡਾਮੈਂਟਲ ਸਰਟੀਫ਼ਿਕੇਸ਼ਨ ਦਾ ਸਿਲੇਬਸ, ਟੀਚਿੰਗ ਮੈਟੀਰੀਅਲ ਅਤੇ ਐਡਵਾਂਸਡ ਰੋਲ ਆਧਾਰਤ ਕੋਰਸ ਮੁਹੱਈਆ ਕਰਵਾਏ ਜਾਣਗੇ।"
ਉਨ੍ਹਾਂ ਅੱਗੇ ਕਿਹਾ, "ਇਹ ਮਾਈਕ੍ਰੋਸਾਫ਼ਟ ਸਕਿੱਲ ਸੈਂਟਰ ਇੱਕ ਹੱਬ ਵਜੋਂ ਕੰਮ ਕਰੇਗਾ ਅਤੇ ਸ਼ੁਰੂਆਤ ਵਿੱਚ ਇਹ ਚੰਡੀਗੜ੍ਹ ਯੂਨੀਵਰਸਿਟੀ ਦੇ ਇੰਜਨੀਅਰਿੰਗ ਵਿਦਿਆਰਥੀਆ ਨੂੰ ਹੁਨਰ ਸਿਖਲਾਈ ਪ੍ਰਦਾਨ ਕਰੇਗਾ, ਪਰ ਆਉਣ ਵਾਲੇ ਦਿਨਾਂ ਵਿੱਚ ਪੂਰੀ ਯੂਨੀਵਰਸਿਟੀ ਦੇ ਵਿਿਦਿਆਰਥੀ (ਸਿਰਫ਼ ਇੰਜਨੀਅਰਿੰਗ ਦੇ ਹੀ ਨਹੀਂ) ਇਸ ਸੈਂਟਰ ਰਾਹੀਂ 'ਏਆਈ ਫ਼ਾਰ ਆਲ' ਮੁਹਿੰਮ ਦੇ ਤਹਿਤ ਮਾਈਕ੍ਰੋਸਾਫ਼ਟ ਸਰਟੀਫ਼ਿਕੇਸ਼ਨ ਹਾਸਲ ਕਰ ਸਕਣਗੇ ਅਤੇ ਉੱਭਰ ਰਹੀਆਂ ਤਕਨੀਕਾਂ ਵਿੱਚ ਨਵੇਂ ਜ਼ਮਾਨੇ ਦੇ ਹੁਨਰ ਸਿੱਖ ਸਕਣਗੇ। ਇਸ ਨਾਲ 'ਏਆਈ ਫ਼ਾਰ ਆਲ' ਦਾ ਸੁਪਨਾ ਬਹੁਤ ਜਲਦ ਹਕੀਕਤ ਬਣ ਜਾਵੇਗਾ।"
ਬਾਈਟਐਕਸਐਲ ਦੇ ਸੀਐਸਓ ਅਤੇ ਸਹਿ-ਸੰਸਥਾਪਕ ਸ਼੍ਰੀਚਰਨ ਤਾਡੇਪੱਲੀ ਨੇ ਕਿਹਾ, "ਬਾਈਟਐਕਸਐਲ ਨੇ ਮਾਈਕ੍ਰੋਸਾਫਟ ਦੇ ਨਾਲ ਮਿਲ ਕੇ ਭਾਰਤ ਵਿੱਚ ਇੰਜਨੀਅਰਿੰਗ ਸਿੱਖਿਆ ਨੂੰ ਹੋਰ ਬਿਹਤਰ ਬਣਾਉਣ ਲਈ ਏਆਈ, ਐਮਐਲ ਅਤੇ ਜੈਨ ਏਆਈ 'ਤੇ ਕੇਂਦਰਿਤ ਬੀਟੈੱਕ ਪ੍ਰੋਗਰਾਮ ਸ਼ੁਰੂ ਕੀਤੇ ਹਨ। ਇਨ੍ਹਾਂ ਪ੍ਰੋਗਰਾਮਾਂ ਵਿੱਚ ਉਦਯੋਗਕ ਮਾਹਿਰਾਂ ਵੱਲੋਂ ਪ੍ਰਮਾਣਿਤ ਸਿਖਲਾਈ, ਪੇਡ ਇੰਟਰਨਸ਼ਿਪ ਅਤੇ ਪੱਕੀ ਪਲੇਸਮੈਂਟ ਦੀ ਸਹੂਲਤ ਦਿੱਤੀ ਗਈ ਹੈ।"
ਉਨ੍ਹਾਂ ਅੱਗੇ ਕਿਹਾ, "ਚੰਡੀਗੜ੍ਹ ਯੂਨੀਵਰਸਿਟੀ ਵਿੱਚ ਏਆਈ ਲਈ ਸਥਾਪਿਤ ਇਹ 'ਮਾਈਕ੍ਰੋਸਾਫ਼ਟ ਸਕਿੱਲ ਸੈਂਟਰ' ਭਾਰਤ ਦੀ ਕਿਸੇ ਵੀ ਯੂਨੀਵਰਸਿਟੀ ਵਿੱਚ ਬਣਿਆ ਅਜਿਹਾ ਪਹਿਲਾ ਸੈਂਟਰ ਹੈ। ਇਸ ਲਈ, ਇਹ ਚੰਡੀਗੜ੍ਹ ਯੂਨੀਵਰਸਿਟੀ ਲਈ ਬਹੁਤ ਮਾਣ ਵਾਲੀ ਗੱਲ ਹੈ। ਇਸ ਨਾਲ ਇੰਜਨੀਅਰਿੰਗ ਦੇ ਵਿਦਿਆਰਥੀਆਂ ਨੂੰ ਪਹਿਲੇ ਸਾਲ ਤੋਂ ਹੀ ਹੁਨਰ ਸਿਖਲਾਈ ਮਿਲਣੀ ਸ਼ੁਰੂ ਹੋ ਜਾਵੇਗੀ। ਇਸ ਏਆਈ ਸਕਿੱਲ ਸੈਂਟਰ ਦਾ ਮੁੱਖ ਮਕਸਦ ਤਕਨਾਲੋਜੀ ਨੂੰ ਵਿਦਿਆਰਥੀਆਂ ਦੇ ਹੋਰ ਨੇੜੇ ਲਿਆਉਣਾ ਹੈ। ਮਾਈਕ੍ਰੋਸਾਫ਼ਟ ਲਰਨਿੰਗ ਅਤੇ ਬਾਈਟਐਕਸਐਲ ਪਲੇਟਫਾਰਮ ਦੇ ਸਹਿਯੋਗ ਨਾਲ ਨਵੀਂ ਤਕਨਾਲੋਜੀ 'ਤੇ ਕੰਮ ਕਰਨ ਨਾਲ ਚੰਡੀਗੜ੍ਹ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੀ ਰੁਜ਼ਗਾਰ ਹਾਸਲ ਕਰਨ ਦੀ ਸਮਰੱਥਾ ਵਿੱਚ ਵੱਡਾ ਵਾਧਾ ਹੋਵੇਗਾ।"
ਮਾਈਕ੍ਰੋਸਾਫਟ ਸਕਿੱਲ ਸੈਂਟਰ ਬਾਰੇ ਜਾਣਕਾਰੀ ਦਿੰਦਿਆਂ ਚੰਡੀਗੜ੍ਹ ਯੂਨੀਵਰਸਿਟੀ ਦੇ ਸੀਨੀਅਰ ਮੈਨੇਜਿੰਗ ਡਾਇਰੈਕਟਰ ਦੀਪਇੰਦਰ ਸਿੰਘ ਸੰਧੂ ਨੇ ਕਿਹਾ, “ਚੰਡੀਗੜ੍ਹ ਯੂਨੀਵਰਸਿਟੀ ਵਿੱਚ ਮਾਈਕ੍ਰੋਸਾਫਟ ਸਕਿੱਲ ਸੈਂਟਰ ਦਾ ਉਦਘਾਟਨ, ਉਦਯੋਗ ਅਤੇ ਅਕਾਦਮਿਕ ਖੇਤਰ ਦੇ ਆਪਸੀ ਸਹਿਯੋਗ ਨੂੰ ਮਜ਼ਬੂਤ ਕਰਨ ਅਤੇ ਤਕਨਾਲੋਜੀ ਅਧਾਰਿਤ ਸਿੱਖਿਆ ਨੂੰ ਹੁਲਾਰਾ ਦੇਣ ਦੀ ਦਿਸ਼ਾ ਵਿੱਚ ਇੱਕ ਅਹਿਮ ਕਦਮ ਹੈ। ਇਹ ਸੈਂਟਰ ਸੀਯੂ ਦੇ ਵਿਦਿਆਰਥੀਆਂ ਨੂੰ ਏਆਈ, ਕਲਾਊਡ ਕੰਪਿਊਟਿੰਗ, ਡਾਟਾ ਸਾਇੰਸ, ਸਾਈਬਰ ਸੁਰੱਖਿਆ ਅਤੇ ਹੋਰ ਉੱਭਰ ਰਹੀਆਂ ਡਿਜੀਟਲ ਤਕਨੀਕਾਂ ਦੇ ਨਵੀਨਤਮ ਹੁਨਰ ਨਾਲ ਲੈਸ ਕਰੇਗਾ। ਇਹ ਪਹਿਲ ਵਿਦਿਆਰਥੀਆਂ ਵਿੱਚ ਨਵੀਨਤਾ, ਰੁਜ਼ਗਾਰ ਸਮਰੱਥਾ ਅਤੇ ਵਿਸ਼ਵ ਪੱਧਰੀ ਮੁਕਾਬਲੇਬਾਜ਼ੀ ਦੀ ਭਾਵਨਾ ਨੂੰ ਉਤਸ਼ਾਹਿਤ ਕਰਨ ਲਈ ਯੂਨੀਵਰਸਿਟੀ ਵੱਲੋਂ ਕੀਤੇ ਜਾ ਰਹੇ ਲਗਾਤਾਰ ਯਤਨਾਂ ਦੇ ਅਨੁਕੂਲ ਹੈ।”
ਉਨ੍ਹਾਂ ਅੱਗੇ ਕਿਹਾ, “ਮਾਈਕ੍ਰੋਸਾਫਟ ਸਕਿੱਲ ਸੈਂਟਰ, ਮਾਈਕ੍ਰੋਸਾਫਟ ਦੀਆਂ ਤਕਨੀਕਾਂ ਅਤੇ ਪਲੇਟਫਾਰਮਾਂ 'ਤੇ ਵਿਹਾਰਕ ਸਿਖਲਾਈ (ਪ੍ਰੈਕਟਿਕਲ ਟ੍ਰੇਨਿੰਗ) ਦੇ ਕੇ ਚੰਡੀਗੜ੍ਹ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਉਦਯੋਗਿਕ ਲੋੜਾਂ ਮੁਤਾਬਕ ਤਿਆਰ ਕਰੇਗਾ। ਇਹ ਕੇਂਦਰ ਵਿਸ਼ਵ ਪੱਧਰ 'ਤੇ ਮਾਨਤਾ ਪ੍ਰਾਪਤ ਸਰਟੀਫਿਕੇਸ਼ਨ, ਉਦਯੋਗਿਕ ਮਾਹਿਰਾਂ ਵੱਲੋਂ ਵਰਕਸ਼ਾਪਾਂ ਤੇ ਵਿਸ਼ੇਸ਼ ਸੈਸ਼ਨ, ਅਸਲ ਪ੍ਰੋਜੈਕਟਾਂ ਦਾ ਤਜਰਬਾ, ਲੈਬ ਅਧਾਰਿਤ ਪੜ੍ਹਾਈ ਅਤੇ ਗਲੋਬਲ ਟੈੱਕ ਜ਼ਰੂਰਤਾਂ ਦੇ ਹਿਸਾਬ ਨਾਲ ਕਰੀਅਰ ਮੁਖੀ ਹੁਨਰ ਵਿਕਾਸ ਦੇ ਮੌਕੇ ਪ੍ਰਦਾਨ ਕਰੇਗਾ। ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਆਪਣੇ ਕੋਰਸਾਂ ਦੇ ਹਿੱਸੇ ਵਜੋਂ ਦਿੱਤੇ ਜਾਣ ਵਾਲੇ ਮਾਈਕ੍ਰੋਸਾਫਟ ਸਰਟੀਫਿਕੇਸ਼ਨ, ਵਿਦਿਆਰਥੀਆਂ ਨੂੰ ਕੌਮਾਂਤਰੀ ਪੱਧਰ 'ਤੇ ਮਾਨਤਾ ਪ੍ਰਾਪਤ ਯੋਗਤਾਵਾਂ ਹਾਸਲ ਕਰਨ ਦਾ ਸੁਨਹਿਰੀ ਮੌਕਾ ਦੇਣਗੇ।”
ਸੰਧੂ ਨੇ ਅੱਗੇ ਕਿਹਾ, "ਇਹ ਮਾਈਕ੍ਰੋਸਾਫਟ ਸਕਿੱਲ ਸੈਂਟਰ, ਚੰਡੀਗੜ੍ਹ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਮਾਈਕ੍ਰੋਸਾਫਟ ਦੇ ਵੱਖ-ਵੱਖ 'ਅੱਪ-ਸਕਿੱਲਿੰਗ' (ਹੁਨਰ ਵਧਾਉਣ ਵਾਲੇ) ਕੋਰਸ ਮੁਹੱਈਆ ਕਰਵਾਏਗਾ। ਸ਼ੁਰੂਆਤੀ ਕਦਮ ਵਜੋਂ, ਮਾਈਕ੍ਰੋਸਾਫਟ ਦੇ ਸਹਿਯੋਗ ਨਾਲ, ਚੰਡੀਗੜ੍ਹ ਯੂਨੀਵਰਸਿਟੀ ਇੱਕ ਵਿਸ਼ੇਸ਼ ਡਿਗਰੀ ਪ੍ਰੋਗਰਾਮ ਸ਼ੁਰੂ ਕਰ ਰਹੀ ਹੈ, ਉਹ ਹੈ ਬੈਚਲਰ ਆਫ਼ ਇੰਜੀਨੀਅਰਿੰਗ (BE) ਇਨ ਕੰਪਿਊਟਰ ਸਾਇੰਸ ਇੰਜੀਨੀਅਰਿੰਗ (CSE), ਜਿਸ ਵਿੱਚ ਏਆਂਈ (ਆਰਟੀਫੀਸ਼ੀਅਲ ਇੰਟੈਲੀਜੈਂਸ) ਦੀ ਵਿਸ਼ੇਸ਼ ਮੁਹਾਰਤ ਹੋਵੇਗੀ।"
ਉਨ੍ਹਾਂ ਅੱਗੇ ਦੱਸਿਆ, "ਚੰਡੀਗੜ੍ਹ ਯੂਨੀਵਰਸਿਟੀ ਨੇ ਮਾਈਕ੍ਰੋਸਾਫਟ ਦੇ ਤਿੰਨ ਵਿਸ਼ੇਸ਼ ਕੋਰਸ ਵੀ ਚੁਣੇ ਹਨ, ਉਹ ਹਨ ਏਜ਼ੈੱਡ-900: ਫ਼ੰਡਾਮੈਂਟਲਸ, ਡੀਪੀ-900 ਅਤੇ ਏਆਈ-900: ਏਆਈ ਫ਼ੰਡਾਮੈਂਟਲਸ। ਇਹ ਕੋਰਸ ਸੀਯੂ ਦੇ ਵਿਦਿਆਰਥੀਆਂ ਨੂੰ ਇਸ ਮਾਈਕ੍ਰੋਸਾਫਟ ਸਕਿੱਲ ਸੈਂਟਰ ਰਾਹੀਂ ਮੁੱਖ ਸਰਟੀਫਿਕੇਸ਼ਨ ਲਈ ਉਪਲਬਧ ਕਰਵਾਏ ਜਾਣਗੇ। ਆਉਣ ਵਾਲੇ ਸਮੇਂ ਵਿੱਚ ਵਿਦਿਆਰਥੀਆਂ ਲਈ ਅਜਿਹੇ ਹੋਰ ਵੀ ਕੋਰਸ ਸ਼ਾਮਲ ਕੀਤੇ ਜਾਣਗੇ।"
Click to Follow Babushahi Facebook page →