"ਚੰਡੀਗੜ੍ਹ UT ਹੈ, ਉੱਥੇ ਭਾਜਪਾ ਦਾ ਰਾਜ ਹੈ"; ਗ੍ਰਨੇਡ ਹਮਲੇ 'ਤੇ CM ਮਾਨ ਨੇ ਭਾਜਪਾ ਨੂੰ ਦਿਖਾਇਆ ਸ਼ੀਸ਼ਾ
ਭਾਜਪਾ ਦੇ 'ਦੋਹਰੇ ਸਟੈਂਡ' 'ਤੇ ਬੋਲੇ ਸੀਐਮ ਮਾਨ- "ਪਹਿਲਾਂ ਕਹਿੰਦੇ ਸੀ ਦਖਲ ਨਾ ਦਿਓ, ਹੁਣ ਘਟਨਾ ਵਾਪਰੀ ਤਾਂ ਮੈਂ ਜ਼ਿੰਮੇਵਾਰ?"
ਚੰਡੀਗੜ੍ਹ:
ਪੰਜਾਬ ਭਾਜਪਾ ਦੇ ਹੈੱਡਕੁਆਰਟਰ 'ਤੇ ਹੋਏ ਗ੍ਰਨੇਡ ਹਮਲੇ ਤੋਂ ਬਾਅਦ ਪੈਦਾ ਹੋਏ ਸਿਆਸੀ ਵਿਵਾਦ ਵਿੱਚ ਹੁਣ ਮੁੱਖ ਮੰਤਰੀ ਭਗਵੰਤ ਮਾਨ ਦੀ ਐਂਟਰੀ ਹੋਈ ਹੈ। ਅਸ਼ਵਨੀ ਸ਼ਰਮਾ ਵੱਲੋਂ ਇਸ ਹਮਲੇ ਲਈ 'ਆਪ' ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਣ 'ਤੇ ਮੁੱਖ ਮੰਤਰੀ ਨੇ ਭਾਜਪਾ ਨੂੰ ਆਪਣੀ ਜ਼ਿੰਮੇਵਾਰੀ ਸਮਝਣ ਦੀ ਸਲਾਹ ਦਿੱਤੀ ਹੈ।
ਮੁੱਖ ਮੰਤਰੀ ਮਾਨ ਨੇ ਸਪੱਸ਼ਟ ਕੀਤਾ ਕਿ ਚੰਡੀਗੜ੍ਹ ਇੱਕ ਕੇਂਦਰ ਸ਼ਾਸਿਤ ਪ੍ਰਦੇਸ਼ (UT) ਹੈ, ਜਿੱਥੇ ਸਿੱਧੇ ਤੌਰ 'ਤੇ ਕੇਂਦਰ ਸਰਕਾਰ ਅਤੇ ਪ੍ਰਸ਼ਾਸਨ ਦਾ ਰਾਜ ਹੈ। ਉਨ੍ਹਾਂ ਕਿਹਾ, "ਪਹਿਲਾਂ ਭਾਜਪਾ ਕਹਿੰਦੀ ਸੀ ਕਿ ਚੰਡੀਗੜ੍ਹ ਦੇ ਮਾਮਲਿਆਂ ਵਿੱਚ ਭਗਵੰਤ ਮਾਨ ਦਖਲ ਨਾ ਦੇਵੇ, ਪਰ ਹੁਣ ਜਦੋਂ ਕੋਈ ਮੰਦਭਾਗੀ ਘਟਨਾ ਵਾਪਰ ਗਈ ਹੈ, ਤਾਂ ਇਸ ਲਈ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਨੂੰ ਜ਼ਿੰਮੇਵਾਰ ਦੱਸਿਆ ਜਾ ਰਿਹਾ ਹੈ।"
ਭਾਜਪਾ ਦੀ ਬਿਆਨਬਾਜ਼ੀ 'ਤੇ ਚੁਟਕੀ ਲੈਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਭਾਜਪਾ ਦਾ ਸਟੈਂਡ ਹਮੇਸ਼ਾ ਦੋਹਰਾ ਰਿਹਾ ਹੈ। ਉਨ੍ਹਾਂ ਵਿਅੰਗ ਕਰਦਿਆਂ ਕਿਹਾ, "ਦੇਸ਼ ਵਿੱਚ ਜੇਕਰ ਕੁਝ ਗਲਤ ਹੁੰਦਾ ਹੈ ਤਾਂ ਇਹ (BJP) ਨਹਿਰੂ ਨੂੰ ਜ਼ਿੰਮੇਵਾਰ ਠਹਿਰਾਉਂਦੇ ਹਨ, ਅਤੇ ਜੇਕਰ ਪੰਜਾਬ ਵਿੱਚ ਕੁਝ ਗਲਤ ਹੁੰਦਾ ਹੈ ਤਾਂ ਭਗਵੰਤ ਮਾਨ ਨੂੰ।"
ਭਗਵੰਤ ਮਾਨ ਨੇ ਪੁਰਾਣੇ ਮੁੱਦਿਆਂ ਨੂੰ ਚੇਤੇ ਕਰਦਿਆਂ ਕਿਹਾ ਕਿ ਜਦੋਂ ਵੀ ਉਨ੍ਹਾਂ ਨੇ ਚੰਡੀਗੜ੍ਹ ਪੰਜਾਬ ਨੂੰ ਸੌਂਪਣ ਦੀ ਗੱਲ ਕੀਤੀ, ਤਾਂ ਭਾਜਪਾ ਵਾਲਿਆਂ ਨੇ ਉਨ੍ਹਾਂ ਨੂੰ 'ਗਦਾਰ' ਤੱਕ ਕਿਹਾ ਸੀ। ਉਨ੍ਹਾਂ ਕਿਹਾ ਕਿ ਜੇਕਰ ਚੰਡੀਗੜ੍ਹ ਪੰਜਾਬ ਦਾ ਹਿੱਸਾ ਹੁੰਦਾ, ਤਾਂ ਅਸੀਂ ਇਸ ਦੀ ਸੁਰੱਖਿਆ ਦੀ ਪੂਰੀ ਜ਼ਿੰਮੇਵਾਰੀ ਚੁੱਕਦੇ, ਪਰ ਹੁਣ ਜਦੋਂ ਇਹ ਉਨ੍ਹਾਂ (BJP) ਦੇ ਆਪਣੇ ਕੰਟਰੋਲ ਹੇਠ ਹੈ, ਤਾਂ ਉਹ (BJP) ਆਪਣੀ ਨਾਕਾਮੀ ਦਾ ਭਾਂਡਾ ਦੂਜਿਆਂ ਸਿਰ ਭੰਨ ਰਹੇ ਹਨ।
ਮੁੱਖ ਮੰਤਰੀ ਨੇ ਅਖੀਰ ਵਿੱਚ ਕਿਹਾ ਕਿ ਭਾਜਪਾ ਨੂੰ ਹਰ ਗੱਲ 'ਤੇ ਸਿਆਸਤ ਕਰਨ ਦੀ ਬਜਾਏ, ਆਪਣੀ ਪ੍ਰਸ਼ਾਸਨਿਕ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ ਅਤੇ ਚੰਡੀਗੜ੍ਹ ਦੀ ਕਾਨੂੰਨ ਵਿਵਸਥਾ ਨੂੰ ਸੁਧਾਰਨਾ ਚਾਹੀਦਾ ਹੈ।
Click to Follow Babushahi Facebook page →