ਗੁਰਦਾਸਪੁਰ ਦੀ ਧੀ ਦਾ ਕਮਾਲ; ਨਵੋਦਿਆ ਪ੍ਰੀਖਿਆ 'ਚ 98% ਅੰਕ ਲੈ ਕੇ ਜ਼ਿਲ੍ਹੇ 'ਚੋਂ ਰਹੀ ਅੱਵਲ, IPS ਬਣਨ ਦਾ ਹੈ ਸੁਪਨਾ
ਰੋਹਿਤ ਗੁਪਤਾ
ਗੁਰਦਾਸਪੁਰ, 29 ਮਾਰਚ 2026 : ਕਹਿੰਦੇ ਹਨ ਕਿ ਸਫ਼ਲਤਾ ਦੀ ਗੂੰਜ ਸਾਰੇ ਮਿਹਣਿਆਂ ਅਤੇ ਤਾਨਿਆਂ ਨੂੰ ਖ਼ਤਮ ਕਰ ਦਿੰਦੀ ਹੈ। ਅਜਿਹਾ ਹੀ ਕੁਝ ਕਰ ਵਿਖਾਇਆ ਹੈ ਗੁਰਦਾਸਪੁਰ ਦੇ ਸਰਕਾਰੀ ਪ੍ਰਾਇਮਰੀ ਸਕੂਲ 'ਬੇਰੀ' ਦੀ ਵਿਦਿਆਰਥਣ ਹਰਸਿਮਰਨਦੀਪ ਕੌਰ ਨੇ। ਸਾਲ 2025-26 ਦੀ ਨਵੋਦਿਆ ਵਿਦਿਆਲਿਆ ਪ੍ਰਵੇਸ਼ ਪ੍ਰੀਖਿਆ ਵਿੱਚ ਹਰਸਿਮਰਨਦੀਪ ਨੇ 98 ਫੀਸਦੀ ਤੋਂ ਵੱਧ ਅੰਕ ਪ੍ਰਾਪਤ ਕਰਕੇ ਪੂਰੇ ਜ਼ਿਲ੍ਹੇ ਵਿੱਚੋਂ ਪਹਿਲਾ ਸਥਾਨ ਹਾਸਿਲ ਕੀਤਾ ਹੈ।
ਸਰਕਾਰੀ ਸਕੂਲ 'ਚ ਪੜ੍ਹਨ ਕਾਰਨ ਰਿਸ਼ਤੇਦਾਰਾਂ ਨੇ ਤੋੜਿਆ ਸੀ ਮਿਲਵਰਤਣ
ਹਰਸਿਮਰਨਦੀਪ ਦੇ ਪਿਤਾ ਹਰਜੀਤ ਸਿੰਘ ਅਤੇ ਮਾਤਾ ਕੁਲਦੀਪ ਕੌਰ ਨੇ ਭਾਵੁਕ ਹੁੰਦਿਆਂ ਦੱਸਿਆ ਕਿ ਉਨ੍ਹਾਂ ਦੀਆਂ ਚਾਰ ਧੀਆਂ ਹਨ, ਜਿਨ੍ਹਾਂ ਵਿੱਚੋਂ ਤਿੰਨ ਸਰਕਾਰੀ ਸਕੂਲ ਵਿੱਚ ਪੜ੍ਹਦੀਆਂ ਹਨ। ਉਨ੍ਹਾਂ ਦੱਸਿਆ ਕਿ ਜਦੋਂ ਰਿਸ਼ਤੇਦਾਰਾਂ ਨੂੰ ਪਤਾ ਲੱਗਾ ਕਿ ਬੱਚੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਪੜ੍ਹ ਰਹੇ ਹਨ, ਤਾਂ ਕਈਆਂ ਨੇ ਉਨ੍ਹਾਂ ਨੂੰ ਮਿਹਣੇ ਦਿੱਤੇ ਅਤੇ ਮਿਲਵਰਤਣ ਤੱਕ ਛੱਡ ਦਿੱਤਾ। ਰਿਸ਼ਤੇਦਾਰਾਂ ਦਾ ਮੰਨਣਾ ਸੀ ਕਿ ਸਰਕਾਰੀ ਸਕੂਲਾਂ ਵਿੱਚ ਭਵਿੱਖ ਨਹੀਂ ਹੈ, ਪਰ ਅੱਜ ਹਰਸਿਮਰਨਦੀਪ ਦੀ ਸਫ਼ਲਤਾ ਨੇ ਉਨ੍ਹਾਂ ਸਭ ਦੇ ਮੂੰਹ ਬੰਦ ਕਰ ਦਿੱਤੇ ਹਨ। ਹੁਣ ਉਹੀ ਰਿਸ਼ਤੇਦਾਰ ਆਪਣੀ ਗ਼ਲਤੀ 'ਤੇ ਪਛਤਾ ਰਹੇ ਹਨ।
ਸਕੂਲ ਦੇ ਹੈੱਡਮਾਸਟਰ ਹਰਸਿਮਰਨਦੀਪ ਸਿੰਘ ਨੇ ਦੱਸਿਆ ਕਿ ਸਿਰਫ਼ ਹਰਸਿਮਰਨਦੀਪ ਕੌਰ ਹੀ ਨਹੀਂ, ਸਗੋਂ ਇੱਕ ਹੋਰ ਵਿਦਿਆਰਥਣ ਹਰਪ੍ਰੀਤ ਕੌਰ ਨੇ ਵੀ 80 ਫੀਸਦੀ ਤੋਂ ਵੱਧ ਨੰਬਰ ਲੈ ਕੇ ਸਕੂਲ ਦਾ ਨਾਮ ਰੋਸ਼ਨ ਕੀਤਾ ਹੈ। ਹਰਸਿਮਰਨਦੀਪ ਕੌਰ ਨੇ ਜ਼ਿਲ੍ਹੇ ਵਿੱਚੋਂ ਪਹਿਲਾ ਸਥਾਨ (ਨਿਸ਼ਾਨਾ IPS ਅਫ਼ਸਰ ਬਣਨਾ), ਹਰਪ੍ਰੀਤ ਕੌਰ ਨੇ ਵੇਟਿੰਗ ਲਿਸਟ ਵਿੱਚ ਸਥਾਨ (ਨਿਸ਼ਾਨਾ ਡਾਕਟਰ ਬਣਨਾ)।
ਪਿੰਡ ਦੇ ਸਰਪੰਚ ਅਵਤਾਰ ਸਿੰਘ ਅਤੇ ਸਕੂਲ ਸਟਾਫ਼ ਨੇ ਇਸ ਪ੍ਰਾਪਤੀ ਦਾ ਸਿਹਰਾ ਅਧਿਆਪਕਾਂ ਦੀ ਮਿਹਨਤ ਅਤੇ ਧਾਰਮਿਕ ਸੰਸਥਾ 'ਭਾਈ ਜੈਤਾ ਜੀ' ਦੇ ਮੁਖੀ ਗੁਰਪ੍ਰੀਤ ਸਿੰਘ ਦੇ ਸਹਿਯੋਗ ਸਿਰ ਬੰਨ੍ਹਿਆ। ਅਧਿਆਪਕਾਂ ਨੇ ਸਮਾਜ ਨੂੰ ਅਪੀਲ ਕੀਤੀ ਕਿ ਸਰਕਾਰੀ ਸਕੂਲਾਂ ਨੂੰ ਘੱਟ ਨਾ ਸਮਝਿਆ ਜਾਵੇ, ਕਿਉਂਕਿ ਇੱਥੇ ਵੀ ਮਾਡਲ ਸਕੂਲਾਂ ਵਾਂਗ ਉੱਜਵਲ ਭਵਿੱਖ ਦੇ ਬਰਾਬਰ ਮੌਕੇ ਮਿਲਦੇ ਹਨ।