ਚੰਡੀਗੜ੍ਹ ਯੂਨੀਵਰਸਿਟੀ ਨੇ ਚਾਰ ਰੋਜ਼ਾ ਦੂਜੇ 'ਗਲੋਬਲ ਪਾਰਟਨਰਸ਼ਿਪ ਕਨਕਲੇਵ-2026' 'ਚ ਅਮਰੀਕਾ, ਫ਼ਰਾਂਸ, ਇੰਗਲੈਂਡ ਵਰਗੇ ਮੁਲਕਾਂ ਦੀਆਂ ਵੱਕਾਰੀ ਯੂਨੀਵਰਸਿਟੀਆਂ ਨਾਲ ਕੀਤੇ 19 ਐਮਓਯੂ
ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਕੀਤੇ ਗਏ ਸਮਝੌਤੇ ਉਚੇਰੀ ਸਿੱਖਿਆ ਦੇ ਲੋਕਤੰਤਰੀਕਰਨ ਅਤੇ ਵਿਸ਼ਵਵਿਆਪੀ ਸਾਂਝੀਵਾਲਤਾ ਵੱਲ ਇੱਕ ਮੀਲ ਪੱਥਰ: ਦੀਪ ਇੰਦਰ ਸਿੰਘ ਸੰਧੂ, ਚੰਡੀਗੜ੍ਹ ਯੂਨੀਵਰਸਿਟੀ ਦੇ ਸੀਨੀਅਰ ਮੈਨੇਜਿੰਗ ਡਾਇਰੈਕਟਰ
ਚੰਡੀਗੜ੍ਹ ਯੂਨੀਵਰਸਿਟੀ ਵਿਖੇ ਚਾਰ-ਰੋਜ਼ਾ 'ਦੂਜਾ ਗਲੋਬਲ ਪਾਰਟਨਰਸ਼ਿਪ ਕਾਨਫਰੰਸ-2026' ਸਫ਼ਲਤਾਪੂਰਵਕ ਨੇਪਰੇ ਚੜ੍ਹਿਆ
ਚੰਡੀਗੜ੍ਹ ਯੂਨੀਵਰਸਿਟੀ ਵਿਖੇ ਕਰਵਾਏ ਗਏ ਚਾਰ-ਰੋਜ਼ਾ 'ਦੂਜੇ ਗਲੋਬਲ ਪਾਰਟਨਰਸ਼ਿਪ ਕਨਕਲੇਵ-2026' ਵਿੱਚ ਵਿਸ਼ਵ ਦੇ 20 ਮੁਲਕਾਂ ਦੀਆਂ 40 ਯੂਨੀਵਰਸਿਟੀਆਂ ਤੋਂ 60 ਤੋਂ ਵੱਧ ਪ੍ਰਤੀਨਿਧਾਂ ਨੇ ਕੀਤੀ ਸ਼ਿਰਕਤ
ਚੰਡੀਗੜ੍ਹ/ਮੋਹਾਲੀ, 28 ਮਾਰਚ: ਚੰਡੀਗੜ੍ਹ ਯੂਨੀਵਰਸਿਟੀ ਵਿਖੇ ਚਾਰ ਰੋਜ਼ਾ 'ਦੂਜੇ ਗਲੋਬਲ ਪਾਰਟਨਰਸ਼ਿਪ ਕਨਕਲੇਵ-2026' ਦਾ ਸ਼ਾਨਦਾਰ ਆਯੋਜਨ ਕੀਤਾ ਗਿਆ। ਇਸ ਚਾਰ ਦਿਨਾਂ ਕਨਕਲੇਵ ਵਿੱਚ ਦੁਨੀਆ ਭਰ ਦੀਆਂ ਵੱਕਾਰੀ ਯੂਨੀਵਰਸਿਟੀਆਂ ਦੇ ਉੱਚ ਪੱਧਰੀ ਡੈਲੀਗੇਟਾਂ ਨੇ ਹਿੱਸਾ ਲਿਆ। ਇਸ ਦੇ ਅੰਤਿਮ ਦਿਨ ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਅਮਰੀਕਾ, ਫਰਾਂਸ ਅਤੇ ਯੂਕੇ ਵਰਗੇ ਦੇਸ਼ਾਂ ਦੀਆਂ 19 ਵਿਸ਼ਵ ਪ੍ਰਸਿੱਧ ਯੂਨੀਵਰਸਿਟੀਆਂ ਨਾਲ ਸਮਝੌਤਾ ਪੱਤਰ (ਐਮਓਯੂ) 'ਤੇ ਦਸਤਖ਼ਤ ਕੀਤੇ ਗਏ। ਇਸ ਕਾਨਫਰੰਸ ਦਾ ਮੁੱਖ ਉਦੇਸ਼ ਅੰਤਰਰਾਸ਼ਟਰੀ ਵਿਦਿਆਰਥੀ ਗਤੀਸ਼ੀਲਤਾ (ਸਟੂਡੈਂਟ ਮੋਬੀਲਿਟੀ), ਫੈਕਲਟੀ ਐਕਸਚੇਂਜ ਅਤੇ ਸਾਂਝੇ ਖੋਜ ਕਾਰਜਾਂ ਰਾਹੀਂ ਗਿਆਨ ਦਾ ਆਦਾਨ-ਪ੍ਰਦਾਨ ਕਰਨਾ ਅਤੇ ਨਵੀਨਤਾ (ਇਨੋਵੇਸ਼ਨ) ਨੂੰ ਉਤਸ਼ਾਹਿਤ ਕਰਨਾ ਸੀ। ਇਸ ਕਨਕਲੇਵ ਦਾ ਵਿਸ਼ਾ ’ਵਿਸ਼ਵਵਿਆਪੀ ਭਾਈਵਾਲੀ ਨੂੰ ਮਜ਼ਬੂਤ ਕਰਨਾ, ਸਹਿਯੋਗ, ਗਤੀਸ਼ੀਲਤਾ ਅਤੇ ਨਵੀਨਤਾ ਨੂੰ ਉਤਸ਼ਾਹਿਤ ਕਰਨਾ - ਇੱਕ ਬਿਹਤਰ ਭਵਿੱਖ’ ਰੱਖਿਆ ਗਿਆ ਸੀ।
ਕਾਨਫਰੰਸ ਦੌਰਾਨ ਅੰਤਰਰਾਸ਼ਟਰੀ ਵਿਦਿਆਰਥੀ ਗਤੀਸ਼ੀਲਤਾ ਅਤੇ ਸਾਂਝੇ ਖੋਜ ਕਾਰਜਾਂ ਨੂੰ ਹੁਲਾਰਾ ਦੇਣ ਲਈ ਕੀਤੇ ਗਏ 15 ਸਮਝੌਤਿਆਂ ਤਹਿਤ ਏਅਰੋਸਪੇਸ ਇੰਜੀਨੀਅਰਿੰਗ ਵਿੱਚ ਡਿਊਲ ਡਿਗਰੀ (4 ਸਾਲ ਸੀ.ਯੂ. ਅਤੇ 1 ਸਾਲ ਪੈਰਿਸ) ਕਰਵਾਉਣ ਲਈ ਫਰਾਂਸ ਦੀ ਸੰਸਥਾ ਆਈ.ਪੀ.ਐਸ.ਏ. -ਪੋਲੀਟੈਕਨਿਕ ਡੇਸ ਸਾਇੰਸ ਅਵਾਂਸਿਸ, ਪੈਰਿਸ ਨਾਲ ਐਮਓਯੂ ਕੀਤਾ ਗਿਆ। ਇਸੇ ਤਰ੍ਹਾਂ ਐਮਬੀਏ (1 ਸਾਲ ਸੀ.ਯੂ. ਅਤੇ 1 ਸਾਲ ਵਿਦੇਸ਼), ਇੰਜੀਨੀਅਰਿੰਗ, ਸੀਐਸਈ, ਏ.ਆਈ.ਐਮ.ਐਲ. ਅਤੇ ਬੀਸੀਏ (1+3) ਦੇ ਡਿਊਲ ਡਿਗਰੀ ਪ੍ਰੋਗਰਾਮਾਂ ਲਈ ਯੂਕੇ ਦੀ ਰੌਇਲ ਹੋਲੋਵੇ, ਯੂਨੀਵਰਸਿਟੀ ਆਫ਼ ਲੰਡਨ ਨਾਲ ਹੱਥ ਮਿਲਾਇਆ ਗਿਆ। ਇਸ ਤੋਂ ਇਲਾਵਾ ਉਜ਼ਬੇਕਿਸਤਾਨ ਦੀ ਸਮਰਕੰਦ ਸਟੇਟ ਯੂਨੀਵਰਸਿਟੀ ਨਾਲ ਇੰਜੀਨੀਅਰਿੰਗ, ਸਾਇੰਸ, ਏ.ਆਈ.ਐਮ.ਐਲ., ਬਾਇਓਟੈਕਨਾਲੋਜੀ (2 ਸਾਲ ਸੀ.ਯੂ. ਅਤੇ 2 ਸਾਲ ਵਿਦੇਸ਼) ਅਤੇ ਮਨੋਵਿਗਿਆਨ (1 ਸਾਲ ਸੀ.ਯੂ. ਅਤੇ 1 ਸਾਲ ਵਿਦੇਸ਼) ਵਿੱਚ ਡਿਊਲ ਡਿਗਰੀ ਪ੍ਰੋਗਰਾਮਾਂ ਲਈ ਸਹਿਮਤੀ ਬਣੀ, ਜਦਕਿ ਹੰਗਰੀ ਦੀ ਸੇਜੇਡ ਯੂਨੀਵਰਸਿਟੀ ਨਾਲ ਚੰਡੀਗੜ੍ਹ ਯੂਨੀਵਰਸਿਟੀ ਦੇ ਏਆਈ ਆਗਮੈਂਟਡ ਪ੍ਰੋਗਰਾਮਾਂ ਲਈ ਵਿਸ਼ੇਸ਼ ਸਾਂਝੇਦਾਰੀ ਕੀਤੀ ਗਈ। ਅਮਰੀਕਾ ਦੀ ਸੇਂਟ ਪੀਟਰਜ਼ ਯੂਨੀਵਰਸਿਟੀ ਨਾਲ ਫੈਕਲਟੀ ਤੇ ਸਟੂਡੈਂਟ ਐਕਸਚੇਂਜ ਅਤੇ ਬੀ.ਬੀ.ਏ. (2 ਸਾਲ ਸੀ.ਯੂ. ਅਤੇ 2 ਸਾਲ ਯੂ.ਐਸ.ਏ.) ਪ੍ਰੋਗਰਾਮ ਲਈ ਸਮਝੌਤਾ ਹੋਇਆ ਅਤੇ ਦੱਖਣੀ ਅਫਰੀਕਾ ਦੀ ਕੈਪ ਪੇਨਿਨਸੁਲਾ ਯੂਨੀਵਰਸਿਟੀ ਆਫ਼ ਟੈਕਨਾਲੋਜੀ ਨਾਲ ਖੋਜ ਤੇ ਵਿਦਿਆਰਥੀ ਵਟਾਂਦਰਾ ਪ੍ਰੋਗਰਾਮਾਂ ਲਈ ਐਮਓਯੂ 'ਤੇ ਹਸਤਾਖਰ ਕੀਤੇ ਗਏ। ਇਸ ਦੇ ਨਾਲ ਹੀ ਹੰਗਰੀ ਦੀ ਸੇਜ਼ੇਡ ਯੂਨੀਵਰਸਿਟੀ, ਯੂਨੀਵਰਸਿਟੀ ਟੈਕਨਾਲੋਜੀ ਮਾਰਾ (ਮਲੇਸ਼ੀਆ), ਏਸ਼ੀਆ ਪੈਸੀਫਿਕ ਯੂਨੀਵਰਸਿਟੀ ਆਫ਼ ਟੈਕਨਾਲੋਜੀ ਐਂਡ ਇਨੋਵੇਸ਼ਨ (ਮਲੇਸ਼ੀਆ), ਪਲਾਕੀ ਯੂਨੀਵਰਸਿਟੀ (ਚੈੱਕ ਗਣਰਾਜ), ਸਦਰਨ ਫੈਡਰਲ ਯੂਨੀਵਰਸਿਟੀ (ਰੂਸ), ਡੀ. ਸਾਰਿਕਬਾਯੇਵ ਈਸਟ ਕਜ਼ਾਕਿਸਤਾਨ ਟੈਕਨਾਲੋਜੀ ਯੂਨੀਵਰਸਿਟੀ (ਕਜ਼ਾਕਿਸਤਾਨ), ਅਮਰੀਕਨ ਇੰਟਰਨੈਸ਼ਨਲ ਯੂਨੀਵਰਸਿਟੀ (ਬੰਗਲਾਦੇਸ਼), ਈ.ਏ.ਐਨ. ਯੂਨੀਵਰਸਿਟੀ (ਕੋਲੰਬੀਆ) ਅਤੇ ਕੋਕੰਦ ਸਟੇਟ ਯੂਨੀਵਰਸਿਟੀ (ਉਜ਼ਬੇਕਿਸਤਾਨ), ਯੂਨੀਵਰਸਿਟੀ ਆਫ਼ ਹਡਰਸਫ਼ੀਲਡ ਨੇ ਚੰਡੀਗੜ੍ਹ ਯੂਨੀਵਰਸਿਟੀ ਮੋਹਾਲੀ ਅਤੇ ਏਆਈ-ਆਗਮੈਂਟਿਡ ਚੰਡੀਗੜ੍ਹ ਯੂਨੀਵਰਸਿਟੀ ਉੱਤਰ ਪ੍ਰਦੇਸ਼ ਦੇ ਨਾਲ 'ਵਿਦਿਆਰਥੀ ਅਦਾਨ-ਪ੍ਰਦਾਨ ਪ੍ਰੋਗਰਾਮ' ਤਹਿਤ ਸਮਝੌਤਾ ਪੱਤਰ 'ਤੇ ਹਸਤਾਖਰ ਕੀਤੇ ਗਏ। ਇਸ ਤੋਂ ਇਲਾਵਾ, ਫ਼ਿਲਪੀਨਜ਼ ਦੀ ਮਾਰੀਆਨੋ ਮਾਰਕੋਸ ਸਟੇਟ ਯੂਨੀਵਰਸਿਟੀ ਅਤੇ ਇਲੋਇਲੋ ਸਾਇੰਸ ਐਂਡ ਟੈਕਨਾਲੋਜੀ ਯੂਨੀਵਰਸਿਟੀ ਨੇ ਵੀ ਚੰਡੀਗੜ੍ਹ ਯੂਨੀਵਰਸਿਟੀ ਮੋਹਾਲੀ ਨਾਲ ਵਿਦਿਆਰਥੀਆਂ ਦੇ ਅਦਾਨ-ਪ੍ਰਦਾਨ ਲਈ ਸਮਝੌਤਾ ਪੱਤਰਾਂ 'ਤੇ ਦਸਤਖ਼ਤ ਕੀਤੇ।
ਇਸ ਕਾਨਫਰੰਸ ਵਿੱਚ ਦੁਨੀਆ ਦੇ 20 ਤੋਂ ਵੱਧ ਦੇਸ਼ਾਂ ਨੇ ਸ਼ਮੂਲੀਅਤ ਕੀਤੀ, ਜਿਨ੍ਹਾਂ ਵਿੱਚ ਆਸਟ੍ਰੇਲੀਆ, ਕੈਨੇਡਾ, ਫਰਾਂਸ, ਯੂਨਾਈਟਿਡ ਕਿੰਗਡਮ, ਅਮਰੀਕਾ, ਸਿੰਗਾਪੁਰ, ਚੈੱਕ ਗਣਰਾਜ, ਹੰਗਰੀ, ਰੂਸ, ਕਜ਼ਾਕਿਸਤਾਨ, ਮਲੇਸ਼ੀਆ, ਦੱਖਣੀ ਅਫਰੀਕਾ, ਕੋਲੰਬੀਆ, ਨਾਰਥ ਮੈਸੇਡੋਨੀਆ, ਫਿਲੀਪੀਨਜ਼, ਉਜ਼ਬੇਕਿਸਤਾਨ, ਕਿਰਗਿਸਤਾਨ, ਬੰਗਲਾਦੇਸ਼, ਨੇਪਾਲ ਅਤੇ ਇਥੋਪੀਆ ਸਮੇਤ ਕਈ ਹੋਰ ਮੁਲਕ ਸ਼ਾਮਲ ਸਨ। ਇਸ ਵਿਸ਼ਵ-ਪੱਧਰੀ ਸਮਾਗਮ ਵਿੱਚ 40 ਤੋਂ ਵੱਧ ਵਿਦੇਸ਼ੀ ਯੂਨੀਵਰਸਿਟੀਆਂ ਦੇ 60 ਤੋਂ ਵੱਧ ਡੈਲੀਗੇਟਾਂ ਨੇ ਹਿੱਸਾ ਲਿਆ। ਉਦਘਾਟਨੀ ਸਮਾਰੋਹ ਦੌਰਾਨ ਭਾਰਤ ਵਿੱਚ ਰੂਸ ਦੇ ਰਾਜਦੂਤ (ਐਂਬੈਸਡਰ ਐਕਸਟ੍ਰਾਓਰਡੀਨਰੀ ਅਤੇ ਪਲੇਨੀਪੋਟੈਂਸ਼ੀਅਰੀ) ਡੇਨਿਸ ਅਲੀਪੋਵ ਅਤੇ ਭਾਰਤ ਵਿੱਚ ਸਪੇਨ ਦੇ ਰਾਜਦੂਤ ਜੁਆਨ ਐਂਟੋਨੀਓ ਮਾਰਚ ਪੁਜੋਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਦਕਿ ਨੈਸ਼ਨਲ ਯੂਨੀਵਰਸਿਟੀ ਆਫ਼ ਸਿੰਗਾਪੁਰ ਦੇ ਪ੍ਰੋਵੋਸਟ ਚੇਅਰ ਪ੍ਰੋਫੈਸਰ ਮਨੋਜ ਗੁਪਤਾ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ।
ਚੰਡੀਗੜ੍ਹ ਯੂਨੀਵਰਸਿਟੀ ਦੇ ਸੀਨੀਅਰ ਮੈਨੇਜਿੰਗ ਡਾਇਰੈਕਟਰ ਦੀਪ ਇੰਦਰ ਸਿੰਘ ਸੰਧੂ ਨੇ ਕਿਹਾ ਕਿ ਇਸ ਆਯੋਜਨ ਨੇ ਨਾ ਸਿਰਫ਼ ਚੰਡੀਗੜ੍ਹ ਯੂਨੀਵਰਸਿਟੀ ਦੀ ਵਿਸ਼ਵਵਿਆਪੀ ਸਾਖ ਨੂੰ ਮਜ਼ਬੂਤ ਕੀਤਾ ਹੈ, ਸਗੋਂ ਭਾਰਤੀ ਵਿਦਿਆਰਥੀਆਂ ਲਈ ਅੰਤਰਰਾਸ਼ਟਰੀ ਪੱਧਰ 'ਤੇ ਕਰੀਅਰ ਬਣਾਉਣ ਦੇ ਨਵੇਂ ਰਾਹ ਵੀ ਖੋਲ੍ਹੇ ਹਨ। ਉਨ੍ਹਾਂ ਕਿਹਾ ਕਿ ਇਹ ਉੱਚ ਸਿੱਖਿਆ ਦੇ ਲੋਕਤੰਤਰੀਕਰਨ ਅਤੇ ਵਿਸ਼ਵ ਭਾਈਚਾਰੇ ਦੀ ਦਿਸ਼ਾ ਵਿੱਚ ਇੱਕ ਵੱਡਾ ਕਦਮ ਹੈ। ਕਿਸੇ ਵੀ ਰਾਸ਼ਟਰ ਦੀ ਪ੍ਰਗਤੀ ਹੋਵੇ ਜਾਂ ਕਿਸੇ ਯੂਨੀਵਰਸਿਟੀ ਦੀ ਦੂਰਅੰਦੇਸ਼ੀ ਅਗਵਾਈ, ਇਹ ਮਜ਼ਬੂਤ ਨੀਤੀਆਂ ਅਤੇ ਇੱਕ ਉਤਸ਼ਾਹ-ਅਧਾਰਿਤ ਪ੍ਰਣਾਲੀ ਨਾਲ ਹੀ ਸੰਭਵ ਹੁੰਦੀ ਹੈ। ਪ੍ਰਤਿਭਾ ਹਰ ਜਗ੍ਹਾ ਮੌਜੂਦ ਹੁੰਦੀ ਹੈ, ਪਰ ਅਸਲ ਚੁਣੌਤੀ ਉਸ ਨੂੰ ਪਛਾਣਨ, ਉਸ ਦੀ ਹਮਾਇਤ ਕਰਨ ਅਤੇ ਉਸ ਨੂੰ ਅੱਗੇ ਵਧਣ ਲਈ ਸਹੀ ਮਾਹੌਲ ਪ੍ਰਦਾਨ ਕਰਨ ਵਿੱਚ ਹੈ ਅਤੇ ਚੰਡੀਗੜ੍ਹ ਯੂਨੀਵਰਸਿਟੀ ਅਜਿਹਾ ਕਰਨ ਦੀ ਅਪਾਰ ਸਮਰੱਥਾ ਰੱਖਦੀ ਹੈ।
ਦੀਪ ਇੰਦਰ ਸਿੰਘ ਸੰਧੂ ਨੇ ਅੱਗੇ ਕਿਹਾ ਕਿ ਅਹੁਦੇ ਨਾਲੋਂ ਕਿਤੇ ਵੱਧ ਮਹੱਤਵਪੂਰਨ ਸਮਰਪਣ ਹੈ ਅਤੇ ਸੀਨੀਅਰਤਾ ਨਾਲੋਂ ਕਿਤੇ ਵੱਧ ਨਿਸ਼ਠਾ ਮਾਅਨੇ ਰੱਖਦੀ ਹੈ। ਭੌਤਿਕ ਸੰਪਤੀਆਂ ਨਾਲੋਂ ਮਨੁੱਖੀ ਕਦਰਾਂ-ਕੀਮਤਾਂ ਵੱਡੀਆਂ ਹਨ ਅਤੇ ਕਾਗਜ਼ੀ ਕਾਰਵਾਈ ਨਾਲੋਂ ਅਸਲ ਕੰਮ ਜ਼ਿਆਦਾ ਅਹਿਮ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਅਸੀਂ ਇਹ ਸਮਝੌਤੇ (ਐਮਓਯੂ) ਸਿਰਫ਼ ਆਪਣੀ ਗਿਣਤੀ ਵਧਾਉਣ ਜਾਂ ਕਾਗਜ਼ਾਂ ਨੂੰ ਫਾਈਲਾਂ ਵਿੱਚ ਸਾਂਭ ਕੇ ਰੱਖਣ ਲਈ ਨਹੀਂ ਕਰ ਰਹੇ, ਬਲਕਿ ਅਸਲ ਵਿੱਚ ਅਸੀਂ ਚਾਹੁੰਦੇ ਹਾਂ ਕਿ ਹਰ ਇੱਕ ਸਾਂਝੇਦਾਰੀ ਵਿਦਿਆਰਥੀ ਗਤੀਸ਼ੀਲਤਾ, ਫੈਕਲਟੀ ਗਤੀਸ਼ੀਲਤਾ ਅਤੇ ਖੋਜ ਦੇ ਮਾਮਲੇ ਵਿੱਚ ਸਰਗਰਮ ਹੋਵੇ; ਇਹੀ ਸਾਡੀ ਇਸ ਪਹਿਲਕਦਮੀ ਦਾ ਮੁੱਖ ਉਦੇਸ਼ ਹੈ।
ਦੀਪ ਇੰਦਰ ਸਿੰਘ ਸੰਧੂ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਵਿਸ਼ਵ ਪੱਧਰੀ ਸਿੱਖਿਆ ਪ੍ਰਦਾਨ ਕਰਨਾ ਚੰਡੀਗੜ੍ਹ ਯੂਨੀਵਰਸਿਟੀ ਦੇ ਅਕਾਦਮਿਕ ਸੱਭਿਆਚਾਰ ਦਾ ਅਹਿਮ ਹਿੱਸਾ ਹੈ। ਯੂਨੀਵਰਸਿਟੀ ਨੇ 6 ਮਹਾਂਦੀਪਾਂ ਦੇ 100 ਤੋਂ ਵੱਧ ਦੇਸ਼ਾਂ ਦੀਆਂ ਚੋਟੀ ਦੀਆਂ ਗਲੋਬਲ ਯੂਨੀਵਰਸਿਟੀਆਂ ਨਾਲ 530 ਅੰਤਰਰਾਸ਼ਟਰੀ ਸਹਿਯੋਗ ਕੀਤੇ ਹਨ, ਜਿਸ ਤਹਿਤ 2300 ਤੋਂ ਵੱਧ ਵਿਦਿਆਰਥੀ ਸਮੈਸਟਰ ਐਕਸਚੇਂਜ, ਅੰਤਰਰਾਸ਼ਟਰੀ ਪ੍ਰੋਗਰਾਮਾਂ ਅਤੇ ਇੰਟਰਨਸ਼ਿਪ ਰਾਹੀਂ ਅਮਰੀਕਾ, ਯੂਕੇ, ਆਸਟ੍ਰੇਲੀਆ ਅਤੇ ਕੈਨੇਡਾ ਸਮੇਤ ਹੋਰਨਾਂ ਦੇਸ਼ਾਂ ਵਿੱਚ ਪੜ੍ਹਾਈ ਕਰ ਰਹੇ ਹਨ। ਯੂਨੀਵਰਸਿਟੀ ਵਿੱਚ 2100 ਤੋਂ ਵੱਧ ਅੰਤਰਰਾਸ਼ਟਰੀ ਵਿਜ਼ਿਟਿੰਗ ਫੈਕਲਟੀ, 560 ਅੰਤਰਰਾਸ਼ਟਰੀ ਰਿਸਰਚ ਨੈੱਟਵਰਕ ਸਕਾਲਰ ਅਤੇ 68 ਦੇਸ਼ਾਂ ਦੇ 3000 ਤੋਂ ਵੱਧ ਅੰਤਰਰਾਸ਼ਟਰੀ ਵਿਦਿਆਰਥੀ ਸਿੱਖਿਆ ਪ੍ਰਾਪਤ ਕਰ ਰਹੇ ਹਨ। ਇੰਨਾ ਹੀ ਨਹੀਂ, ਹੁਣ ਤੱਕ 310 ਵਿਦਿਆਰਥੀ ਵਾਲਟ ਡਿਜ਼ਨੀ ਵਰਲਡ, ਫਲੋਰਿਡਾ (ਅਮਰੀਕਾ) ਵਿਖੇ ਇੰਟਰਨਸ਼ਿਪ ਅਤੇ ਐਕਸਚੇਂਜ ਪ੍ਰੋਗਰਾਮਾਂ ਦਾ ਹਿੱਸਾ ਬਣ ਚੁੱਕੇ ਹਨ।
ਇਸ ਮੌਕੇ ਚੰਡੀਗੜ੍ਹ ਯੂਨੀਵਰਸਿਟੀ ਦੇ ਇੰਟਰਨੈਸ਼ਨਲ ਅਫੇਅਰਜ਼ ਦੇ ਐਗਜ਼ੀਕਿਊਟਿਵ ਡਾਇਰੈਕਟਰ ਰਾਜਨ ਸ਼ਰਮਾ ਨੇ ਕਿਹਾ ਕਿ ਸਾਡਾ ਉਦੇਸ਼ 'ਗਲੋਬਲ ਪਾਰਟਨਰਸ਼ਿਪ ਕਾਨਫਰੰਸ-2026' ਦੀ ਮੁਹਾਰਤ ਦਾ ਲਾਭ ਉਠਾ ਕੇ ਚੰਡੀਗੜ੍ਹ ਯੂਨੀਵਰਸਿਟੀ ਨੂੰ ਅੱਗੇ ਵਧਣ ਅਤੇ ਭਵਿੱਖ ਵਿੱਚ ਹੋਰ ਵੀ ਵੱਡੀਆਂ ਸਫ਼ਲਤਾਵਾਂ ਹਾਸਲ ਕਰਨ ਵਿੱਚ ਮਦਦ ਕਰਨਾ ਹੈ। ਇਨ੍ਹਾਂ ਸਮਝੌਤਿਆਂ ਨਾਲ ਸਾਡੇ ਵਿਦਿਆਰਥੀਆਂ ਨੂੰ ਵੱਡਾ ਫ਼ਾਇਦਾ ਹੋਵੇਗਾ। ਇਹ ਸਹਿਮਤੀ ਪੱਤਰ ਸਾਂਝੇਦਾਰੀ ਅਤੇ ਸਾਂਝੇ ਯਤਨਾਂ ਨੂੰ ਹੁਲਾਰਾ ਦੇਣਗੇ, ਜੋ ਨਾ ਸਿਰਫ਼ ਉੱਚ ਸਿੱਖਿਆ ਦੇ ਮਿਆਰ ਨੂੰ ਬਿਹਤਰ ਬਣਾਉਣਗੇ, ਸਗੋਂ ਆਉਣ ਵਾਲੇ ਸਾਲਾਂ ਤੱਕ ਅੰਤਰਰਾਸ਼ਟਰੀ ਸਬੰਧਾਂ ਨੂੰ ਵੀ ਮਜ਼ਬੂਤ ਕਰਨਗੇ। ਉਨ੍ਹਾਂ ਅੱਗੇ ਕਿਹਾ ਕਿ ਅੰਤਰਰਾਸ਼ਟਰੀ ਡੈਲੀਗੇਟਾਂ, ਮਾਹਿਰਾਂ ਅਤੇ ਪੇਸ਼ੇਵਰਾਂ ਦੀ ਇੱਥੇ ਮੌਜੂਦਗੀ ਗਲੋਬਲ ਪਾਰਟਨਰਸ਼ਿਪ ਦੀ ਭਾਵਨਾ ਦਾ ਇੱਕ ਜਿਊਂਦਾ-ਜਾਗਦਾ ਪ੍ਰਮਾਣ ਹੈ, ਕਿਉਂਕਿ ਇਹ ਸਾਰੇ ਨਾ ਸਿਰਫ਼ ਆਪਣੀ ਮੁਹਾਰਤ, ਸਗੋਂ ਇੱਕ ਵਿਆਪਕ ਦ੍ਰਿਸ਼ਟੀਕੋਣ ਵੀ ਨਾਲ ਲੈ ਕੇ ਆਏ ਹਨ, ਜੋ ਆਪਸੀ ਸੰਵਾਦ ਨੂੰ ਹੋਰ ਅਮੀਰ ਬਣਾਉਂਦਾ ਹੈ ਅਤੇ ਪਰਿਵਰਤਨਕਾਰੀ ਸਹਿਯੋਗ ਲਈ ਨਵੇਂ ਮੌਕੇ ਸਿਰਜਦਾ ਹੈ।