ਅਲਵਿਦਾ : ਵਿਦਿਆ ਦੇ ਵਣਜਾਰੇ ਸਵਰਨ ਸਿੰਘ ਭੰਗੂ
ਉਜਾਗਰ ਸਿੰਘ
ਪੰਜਾਬੀ ਸਰੋਕਾਰਾਂ ਦੀ ਪ੍ਰਤੀਨਿਧਤਾ ਕਰਨ ਵਾਲੇ ਸਿਖਿਆ ਅਤੇ ਸਮਾਜਿਕ ਬਰਾਬਰੀ ਦੇ ਪੈਰੋਕਾਰ ਸਵਰਨ ਸਿੰਘ ਭੰਗੂ ਪ੍ਰਸ਼ਾਸ਼ਨਿਕ ਪ੍ਰਣਾਲੀ ਦੀ ਅਣਗਹਿਲੀ ਦਾ ਸ਼ਿਕਾਰ ਹੋ ਕੇ ਅਚਨਚੇਤ ਸਵਰਗ ਸਿਧਾਰ ਗਏ ਹਨ। ਉਹ ਸਮਾਜ ਵਿੱਚ ਫੈਲੀਆਂ ਜਿਹੜੀਆਂ ਊਣਤਾਈਆਂ ਦੇ ਗੰਦ ਨੂੰ ਖ਼ਤਮ ਕਰਨ ਲਈ ਸਾਰੀ ਉਮਰ ਜਦੋਜਹਿਦ ਕਰਦੇ ਰਹੇ, ਅਖ਼ੀਰ ਉਨ੍ਹਾਂ ਊਣਤਾਈਆਂ ਨੇ ਹੀ ਉਸਦੀ ਜਾਨ ਲੈ ਲਈ। ਇਹ ਮੌਤ ਇਕੱਲੇ ਸਵਰਨ ਸਿੰਘ ਭੰਗੂ ਦੀ ਮੌਤ ਨਹੀਂ, ਸਗੋਂ ਇਹ ਇੱਕ ਲਹਿਰ ਦੀ ਮੌਤ ਹੈ, ਜਿਹੜੀ ਸਵਰਨ ਸੰਘ ਭੰਗੂ ਨੇ ਸਮਾਜਿਕ ਨਾਬਰਾਬਰੀ ਅਤੇ ਬੇਇਨਸਾਫ਼ੀ ਦੇ ਖਾਤਮੇ ਲਈ ਸ਼ੁਰੂ ਕੀਤੀ ਸੀ। ਉਨ੍ਹਾਂ ਦੇ ਬੇਵਕਤੀ ਇਸ ਸੰਸਾਰ ਨੂੰ ਅਲਵਿਦਾ ਕਹਿਣ ਕਰਕੇ ਹਜ਼ਾਰਾਂ ਵਿਦਿਆਰਥੀਆਂ ਦੇ ਭਵਿਖ ਨੂੰ ਗ੍ਰਹਿਣ ਲੱਗ ਗਿਆ ਹੈ, ਜਿਹੜੇ ਸਵਰਨਸਿੰਘ ਭੰਗੂ ਦੀ ਰਹਿਨਮਾਈ ਵਿੱਚ ਸਿਖਿਆ ਪ੍ਰਾਪਤ ਕਰ ਰਹੇ ਸਨ। ਸਵਰਨ ਸਿੰਘ ਭੰਗੂ ਰੌਸ਼ਨ ਦਿਮਾਗ, ਸੁਜੱਗ, ਚੇਤੰਨ ਤੇ ਬਿਹਤਰੀਨ ਇਨਸਾਨ ਸਨ। ਉਨ੍ਹਾਂ ਨੇ ਸਮਾਜਿਕ ਬੁਰਾਈਆਂ ਦੂਰ ਕਰਨ ਲਈ ਇੱਕ ਲਹਿਰ ਪੈਦਾ ਕੀਤੀ ਹੋਈ ਸੀ। ਪੰਜਾਬ ਦੇ ਕਾਲੇ ਦਿਨਾ ਵਿੱਚ ਉਹ ਸਰਕਾਰੀਤੰਤਰ ਅਤੇ ਸਮਾਜ ਵਿਰੋਧੀ ਅਨਸਰਾਂ ਭਾਵ ਦੋਵੇਂ ਧਿਰਾਂ ਨੂੰ ਮਾਨਵਤਾ ਦੇ ਹਿਤਾਂ ਦੇ ਵਿਰੁੱਧ ਚੱਲਣ ਕਰਕੇ ਤਾੜਦੇ ਰਹਿੰਦੇ ਸਨ। ਉਹ ਬਹੁਤ ਹੀ ਬੇਬਾਕੀ ਨਾਲ ਪਬਲਿਕ ਸਮਾਗਮਾ ਵਿੱਚ ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਲੋਕਾਂ ਨੂੰ ਮੋਹਰੇ ਬਣਾਕੇ ਵਰਤਣ ਤੋਂ ਗੁਰੇਜ ਕਰਨ ਲਈ ਰੋਕਦੇ ਸਨ। ਉਹ ਖੱਬੇ ਪੱਖੀ ਸੋਚ ਦੇ ਸਮਰੱਥਕ ਹੋਣ ਕਰਕੇ ਸਚਾਈ ਦਾ ਸਾਥ ਦਿੰਦੇ ਸਨ। ਉਹ ਲੋਕਾਂ ਨਾਲ ਹੋ ਰਹੀ ਹਰ ਜ਼ਿਆਦਤੀ ਵਿਰੁੱਧ ਆਵਾਜ਼ ਉਠਾਉਂਦੇ ਸਨ। ਸਚਾਈ ‘ਤੇ ਪਹਿਰਾ ਦਿੰਦੇ ਸਨ। ਸਮਾਜਿਕ ਬੁਰਾਈਆਂ ਦੀ ਲਾਹਣਤ ਨੂੰ ਦੂਰ ਕਰਨ ਲਈ ਪਿੰਡਾਂ ਵਿੱਚ ਜਾ ਕੇ ਨਾਟਕ ਖੇਡਦੇ ਰਹੇ ਹਨ।
ਸੰਸਾਰ ਵਿੱਚ ਅਣਗਿਣਤ ਲੋਕ ਆਉਂਦੇ ਜਾਂਦੇ ਰਹਿੰਦੇ ਹਨ ਤੇ ਆਪੋ ਆਪਣੀਆਂ ਪਰਿਵਾਰਿਕ ਜ਼ਿੰਮੇਵਾਰੀਆਂ ਨਿਭਾਕੇ ਇਸ ਸੰਸਾਰ ਤੋਂ ਚੁੱਪ ਚਾਪ ਰੁਖਸਤ ਹੋ ਜਾਂਦੇ ਹਨ। ਉਨ੍ਹਾਂ ਨੂੰ ਸਮਾਜ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾ। ਉਨ੍ਹਾਂ ਦੇ ਜਾਣ ਦਾ ਸਮਾਜ ਨੂੰ ਬਹੁਤਾ ਫਰਕ ਵੀ ਨਹੀਂ ਪੈਂਦਾ, ਕਿਉਂਕਿ ਉਨ੍ਹਾਂ ਨੇ ਕੋਈ ਅਜਿਹਾ ਕੰਮ ਨਹੀਂ ਕੀਤਾ ਹੁੰਦਾ, ਜਿਸ ਕਰਕੇ ਉਨ੍ਹਾਂ ਨੂੰ ਯਾਦ ਕੀਤਾ ਜਾਵੇ। ਸਮਾਜ ਵਿੱਚ ਕੁਝ ਗਿਣਵੇਂਚੁਣਵੇਂ ਅਜਿਹੇ ਇਨਸਾਨ ਵੀ ਹੁੰਦੇ ਹਨ, ਜਿਹੜੇ ਆਪਣੇ ਸਮਾਜ ਵਿੱਚ ਪਾਏ ਯੋਗਦਾਨ ਕਰਕੇ ਜਾਣੇ ਜਾਂਦੇ ਹਨ, ਭਾਵ ਉਨ੍ਹਾਂ ਲੋਕਾਂ ਨੂੰ ਸਮਾਜ ਦੇ ਦਰਦ ਦੀ ਪਛਾਣ ਹੁੰਦੀ ਹੈ। ਉਨ੍ਹਾਂ ਦਾ ਦਿਲ ਸਮਾਜ ਲਈ ਧੜਕਦਾ ਹੁੰਦਾ ਹੈ। ਸਵਰਨ ਸਿੰਘ ਭੰਗੂ ਅਜਿਹੇ ਹੀ ਇਨਸਾਨ ਨਹੀਂ ਸਨ, ਸਗੋਂ ਇੱਕ ਫਰਿਸ਼ਤੇ ਦੇ ਰੂਪ ਵਿੱਚ ਜਾਣੇ ਜਾਂਦੇ ਵਿਅਕਤੀ ਸੀ, ਸਵਰਨ ਸਿੰਘ ਭੰਗੂ, ਜਿਨ੍ਹਾਂ ਨੇ ਸਮਾਜ ਦੇ ਗ਼ਰੀਬ, ਦੱਬੇ ਕੁਚਲੇ, ਪਛੜੇ, ਅਨੁਸੂਚਿਤ ਜਾਤੀਆਂ ਅਤੇ ਸਮਾਜ ਵੱਲੋਂ ਦੁਰਕਾਰੇ ਲੋਕਾਂ ਦੀ ਪੀੜ ਨੂੰ ਪਛਾਣਿਆਂ ਅਤੇ ਉਨ੍ਹਾਂ ਦੇ ਹੰਝੂ ਪੂੰਝੇ ਹੀ ਨਹੀਂ, ਸਗੋਂ ਉਨ੍ਹਾਂ ਦੇ ਚਿਹਰਿਆਂ ‘ਤੇ ਖ਼ੁਸ਼ੀਆਂ ਤੇ ਖੇੜੇ ਲੈ ਕੇ ਆਉਣ ਵਿੱਚ ਆਪਣਾ ਯੋਗਦਾਨ ਪਾਉਂਦੇ ਰਹਿੰਦੇ ਸਨ। ਉਹ ਇੱਕ ਖ਼ਰੇ ਸੋਨੇ ਵਰਗੇ ਸਨ, ਜਿਹੜੇ ਗ਼ਰੀਬਾਂ ਦੀਆਂ ਬਸਤੀਆਂ ਵਿੱਚ ਵਿਦਿਆ ਦੀ ਰੌਸ਼ਨੀ ਵੰਡਦੇ ਰਹਿੰਦੇ ਸੀ। ਉਨ੍ਹਾਂ ਦਾ ਸਵਰਨ ਸਿੰਘ ਨਾਮ ਹੀ ਸਹੀ ਅਰਥਾਂ ਵਿੱਚ ਪਵਿਤਰਤਾ, ਦਿਆਨਤਦਾਰੀ, ਇਮਾਨਦਾਰੀ ਅਤੇ ਆਪਣੇ ਫ਼ਰਜਾਂ ਦੀ ਪ੍ਰਤੀਬੱਧਤਾ ਦਾ ਪ੍ਰਤੀਕ ਸੀ। ਉਹ ਬਹੁ-ਪੱਖੀ, ਬਹੁ-ਦਿਸ਼ਾਵੀ ਅਤੇ ਉਚੀ ਤੇ ਸੁੱਚੀ-ਸੋਚ ਵਾਲੇ ਇਨਸਾਨ ਦੇ ਰੂਪ ਵਿੱਚ ਦੇਵਤਾ ਸਨ। ਉਹ ਨਾ ਕਿਸੀ ਸੇ ਦੋਸਤੀ ਨਾ ਕਿਸੀ ਸੇ ਵੈਰ ਦੇ ਸਿਧਾਂਤ ‘ਤੇ ਚਲਦੇ ਹੋਏ ਹਮੇਸ਼ਾ ਸਰਬੱਤ ਦੇ ਭਲੇ ਦੀ ਗੱਲ ਕਰਦੇ ਸਨ। ਉਨ੍ਹਾਂ ਦੀ ਨਿਰਪੱਖਤਾ ਦੀ ਪ੍ਰਵਿਰਤੀ ਵੀ ਲਾਮਿਸਾਲ ਸੀ। ਮਸਤ ਹਾਥੀ ਦੀ ਤਰ੍ਹਾਂ ਲੋਕ ਭਲਾਈ ਦੇ ਕਾਰਜਾਂ ਵਿੱਚ ਰੁੱਝੇ ਰਹਿੰਦੇ ਸਨ। ਬਹੁਤ ਹੀ ਸਾਧਾਰਨ ਜੀਵਨ ਬਤੀਤ ਕਰਦੇ ਸਨ। ਸਾਈਕਲ ਦੀ ਸਵਾਰੀ ਨੂੰ ਤਰਜੀਹ ਦਿੰਦੇ ਸਨ, ਸਾਈਕਲ ਹੀ ਉਸਦੀ ਦੀ ਮੌਤ ਦਾ ਕਾਰਨ ਬਣਿਆਂ। ਨਮਰਤਾ, ਸਮਾਜਿਕ ਜਾਗਰੂਕਤਾ, ਮਾਨਵਤਾ ਦੀ ਸੇਵਾ ਤੇ ਨੇਕਨੀਤੀ ਉਸਦੇ ਗਹਿਣੇ ਸਨ। ਉਹ ਸਮਾਜਿਕ ਕਦਰਾਂ ਕੀਮਤਾਂ ਦੀ ਪਹਿਰੇਦਾਰੀ ਕਰਦੇ ਸਨ। ਅਗਾਂਹਵਧੂ ਅਤੇ ਖੱਬੇ ਪੱਖੀ ਵਿਚਾਰਧਾਰਾ ਦੇ ਮਾਲਕ ਸਨ। ਸਮਾਜਿਕ ਤਾਣਾ ਬਾਣਾ ਹੀ ਉਸਦਾ ਪਰਿਵਾਰ ਸੀ। ਲੋਕਾਂ ਦੀ ਆਵਾਜ਼ ਬਣਕੇ ਉਸਨੂੰ ਖ਼ੁਸ਼ੀ ਮਿਲਦੀ ਸੀ। ਲੋਕ ਹਿਤਾਂ ਲਈ ਸਰਕਾਰ ਦਰਬਾਰ ਨਾਲ ਵੀ ਆਡ੍ਹਾ ਲਾ ਲੈਂਦੇ ਸਨ। ਡਰ ਭੈਅ ਤੋਂ ਕੋਹਾਂ ਦੂਰ ਸਨ।
ਸਵਰਨ ਸਿੰਘ ਭੰਗੂ ਸਮਾਜ ਸੇਵੀ, ਸਿਖਿਆ ਸ਼ਾਸਤਰੀ, ਇਨਕਲਾਬੀ, ਆਦਰਸ਼ਵਾਦੀ, ਤਰਕਸ਼ੀਲਵਾਦੀ, ਚਿੰਤਕ, ਦਾਰਸ਼ਨਿਕ, ਨਿਆਸਰਿਆਂ ਦੇ ਆਸਰਾ, ਉਘੇ ਪੱਤਰਕਾਰ, ਕਾਲਮ ਨਵੀਸ ਅਤੇ ਜ਼ਮਹੂਰੀ ਹੱਕਾਂ ਦੇ ਰਾਖਵਾਲੇ ਸਨ। ਮੁੱਖ ਤੌਰ ‘ਤੇ ਉਹ ਸਮਾਜਿਕ ਸਰੋਕਾਰਾਂ ਨਾਲ ਗੜੁਚ ਸਨ। ਉਹ ਸਿਰਫ ਇੱਕ ਵਿਅਕਤੀ ਹੀ ਨਹੀਂ, ਸਗੋਂ ਇੱਕ ਸੰਸਥਾ ਤੋਂ ਵੀ ਵੱਧ ਕੰਮ ਕਰਦੇ ਸਨ। ਉਹ ਹਮੇਸ਼ਾ ਸਮਾਜ ਨੂੰ ਸਿਹਤਮੰਦ ਤੇ ਉਸਾਰੂ ਰਾਹਾਂ ‘ਤੇ ਤੋਰਨ ਦੀ ਕੋਸ਼ਿਸ਼ ਵਿੱਚ ਰਹਿੰਦੇ ਸਨ। ਅਸਲ ਵਿੱਚ ਉਹ ਸਮਾਜਿਕ ਕਾਰਕੁੰਨ ਸਨ, ਜਿਹੜੇ ਪੰਜਾਬੀ ਸਭਿਆਚਾਰ, ਦਿਹਾਤੀ ਰਹਿਤਲ, ਸਿਖਿਆ ਅਤੇ ਸਮਾਜਿਕ ਮੁੱਦਿਆਂ ਪ੍ਰਤੀ ਸਮਰਪਤ ਭਾਵਨਾ ਰੱਖਦੇ ਸਨ। ਸਵਰਨ ਸਿੰਘ ਭੰਗੂ ਆਪਣੇ ਲੇਖਾਂ, ਕਾਲਮਾਂ ਨਾਟਕਾਂ, ਸੈਮੀਨਾਰਾਂ ਅਤੇ ਭਾਸ਼ਣਾ ਰਾਹੀਂ ਸਮਾਜਿਕ ਬੁਰਾਈਆਂ ਵਿਰੁੱਧ ਆਵਾਜ਼ ਬੁਲੰਦ ਕਰਦੇ ਰਹਿੰਦੇ ਸਨ। ਚਮਕੌਰ ਸਾਹਿਬ ਨੇੜੇ ਉਹ ਬੱਸੀ ਗੁਜਰਾਂ ਵਿਖੇ ‘ਮਾਲਵਾ ਰੂਰਲਐਜੂਕੇਸ਼ਨਸੋਸਾਇਟੀ’ ਅਤੇ ਇੱਕ ਵਿਦਿਅਕ ਸੰਸਥਾ ‘ਡ੍ਰੀਮਲੈਂਡ ਪਬਲਿਕ ਸਕੂਲ’ ਚਲਾਉਂਦੇ ਸਨ, ਜਿਸ ਵਿੱਚ ਗ਼ਰੀਬ ਲੋਕਾਂ ਨੂੰ ਨਾਮਾਤਰਫੀਸ ‘ਤੇ ਹੀ ਮਿਆਰੀ ਪੜ੍ਹਾਈ ਕਰਵਾਈ ਜਾਂਦੀ ਸੀ। ਇਸ ਸੰਸਥਾ ਦਾ ਦਿਹਾਤੀ ਖੇਤਰ ਵਿੱਚ ਮਹੱਤਵਪੂਰਨ ਯੋਗਦਾਨ ਹੈ। ਮੰਨੇ ਪ੍ਰੰਮਨੇਸਿਖਿਆ ਸ਼ਾਸਤਰੀ ਦਿਹਾਤੀ ਖੇਤਰ ਦੀ ਇਸ ਸੰਸਥਾ ਨੂੰ ਸਵਰਨ ਸਿੰਘ ਭੰਗੂ ਮਾਡਲ ਦਾ ਨਾਮ ਦਿੰਦੇ ਸਨ। ਉਨ੍ਹਾਂ ਨੂੰ ਜਿਉਂਦੀ ਜਾਗਦੀ ਵਿਦਿਅਕ ਸੰਸਥਾ ਕਿਹਾ ਜਾਂਦਾ ਸੀ। ਉਨ੍ਹਾਂ ਦੀ ਸੰਸਥਾ ਵਿੱਚੋਂ ਸਿਖਿਆ ਪ੍ਰਾਪਤ ਕਰਕੇ ਵਿਦਿਆਰਥੀ ਉਚ ਅਹੁਦਿਆਂ ‘ਤੇ ਲੱਗੇ ਹੋਏ ਹਨ ਤੇ ਕਈ ਵਿਦੇਸ਼ਾਂ ਵਿੱਚ ਬਿਹਤਰੀਨ ਜ਼ਿੰਦਗੀ ਬਸਰ ਕਰ ਰਹੇ ਹਨ। ਉਹ ਵਿਦਿਆਰਥੀਆਂ ਨੂੰ ਸਭ ਤੋਂ ਪਹਿਲਾਂ ਆਪਣੀ ਜ਼ਿੰਦਗੀ ਦਾ ਨਿਸ਼ਾਨਾ ਨਿਸਚਤ ਕਰਵਾਉਂਦੇ ਤੇ ਫਿਰ ਉਸ ਦੀ ਪ੍ਰਾਪਤੀ ਲਈ ਪੜ੍ਹਾਈ ਸਮਾਂ ਬੱਧ ਕਰਨ ਤੇ ਜ਼ੋਰ ਦਿੰਦੇ ਸਨ। ਸਕੂਲ ਦੇ ਸਾਰੇ ਵਿਦਿਆਰਥੀ ਸਵਰਨ ਸਿੰਘ ਭੰਗੂ ਦੀ ਸਿਖਿਆ ਪ੍ਰਤੀ ਬਚਨਵੱਧਤਾ ਕਰਕੇ ਉਸਦੇ ਕਦਰਦਾਨ ਸਨ। ਉਹ ਸਕੂਲ ਦੇ ਵਿਦਿਆਰਥੀਆਂ ਨੂੰ ਵੀ ਆਪਣੇ ਪਰਿਵਾਰਿਕ ਮੈਂਬਰ ਹੀ ਸਮਝਦੇ ਸਨ। ਉਹ ਮੋਹਵੰਤੀ ਇਨਸਾਨ ਸਨ, ਜਿਹੜੇ ਮਾਨਵਤਾ ਨਾਲ ਮੋਹ ਕਰਦੇ ਸਨ।
ਸਵਰਨ ਸਿੰਘ ਭੰਗੂ ਦਾ ਅਚਾਨਕ 4 ਜੂਨ 2026 ਨੂੰ ਇਸ ਸੰਸਾਰ ਤੋਂ ਚਲੇ ਜਾਣ ਦਾ ਦੁੱਖ ਤੇ ਦਰਦ ਦੇਸ਼ ਵਿਦੇਸ਼ ਦੇ ਹਜ਼ਾਰਾਂ ਨਹੀਂ ਲੱਖਾਂ ਲੋਕਾਂ ਨੇ ਮਹਿਸੂਸ ਕੀਤਾ ਹੈ। ਅਸਮਾਨ ਰੂਪੀ ਧਰਤੀ ‘ਤੇ ਚਮਕਦੇ ਧਰੂ ਤਾਰੇ ਦੀ ਰੌਸ਼ਨੀ ਤੋਂ ਮਾਨਵਤਾ ਵਾਂਝੀ ਹੋ ਗਈ ਹੈ। ਸਵਰਨ ਸਿੰਘ ਭੰਗੂ 68 ਸਾਲ ਦੀ ਉਮਰ ਵਿੱਚ ਸਵਰਗ ਸਿਧਾਰ ਗਏ ਹਨ। ਉਸਦਾ ਅਜੇ ਪਹਿਲੀ ਜੂਨ ਨੂੰ ਹੀ ਜਨਮ ਦਿਨ ਸੀ। ਸਵਰਨ ਸਿੰਘ ਭੰਗੂ ਸਾਰੀ ਉਮਰ ਜਿਸ ਮਾੜੀ ਪ੍ਰਸ਼ਾਸ਼ਨਿਕ ਪ੍ਰਣਾਲੀ ਵਿਰੁੱਧ ਲੜਦਾ ਰਿਹਾ, ਉਸਦੀ ਅਣਗਹਿਲੀ ਦੀ ਭੇਂਟ ਚੜ੍ਹ ਗਿਆ। ਸਵਰਨ ਸਿੰਘ ਭੰਗੂ ਨੇ ਆਪਣੀ ਵਸੀਅਤ ਕੀਤੀ ਹੋਈ ਸੀ ਕਿ ਉਸ ਦਾ ਸਰੀਰ ਪੀ ਜੀ ਆਈ ਨੂੰ ਦਾਨ ਕਰ ਦਿੱਤਾ ਜਾਵੇ ਤਾਂ ਜੋ ਉਸਦਾ ਸਰੀਰ ਵੀ ਮਾਨਵਤਾ ਦੇ ਲੇਖੇ ਲੱਗ ਸਕੇ। ਉਸਦੀ ਉਸਾਰੂ ਸੋਚ ਨੂੰ ਸਲਾਮ ਕਰਨੀ ਬਣਦੀ ਹੈ। ਉਸਦੇ ਲੜਕੇ ਦੇ ਆਸਟਰੇਲੀਆ ਤੋਂ ਆਉਣ ਤੋਂ ਬਾਅਦ ਪੀ ਜੀ ਆਈ ਨੂੰ ਸਰੀਰ ਦਾਨ ਕਰ ਦਿੱਤਾ ਜਾਵੇਗਾ। ਉਸਦੀ ਪਤਨੀ ਗੁਰਪ੍ਰੀਤ ਕੌਰ ਭੰਗੂ ਪਹਿਲਾਂ ਪ੍ਰਸਿੱਧ ਨਾਟਕਕਾਰ ਗੁਰਸ਼ਰਨ ਸਿੰਘ ਭਾਅ ਜੀ ਨਾਲ ਨਾਟਕਾਂ ਵਿੱਚ ਅਦਾਕਾਰੀ ਕਰਦੇ ਸਨ। ਗੁਰਪ੍ਰੀਤ ਕੌਰ ਭੰਗੂ ਅਧਿਆਪਕਾ ਸਨ, ਪ੍ਰੰਤੂ ਫਿਰ ਉਹ ਪੰਜਾਬੀ ਫਿਲਮਾਂ ਦੀ ਅਦਾਕਾਰੀ ਕਰਨ ਲੱਗ ਪਏ। ਸਵਰਨ ਸਿੰਘ ਭੰਗੂ ਨੇ ਆਪਣੀ ਪਤਨੀ ਗੁਰਪ੍ਰੀਤ ਕੌਰ ਭੰਗੂ ਨੂੰ ਫਿਲਮਾ ਵਿੱਚ ਕੰਮ ਕਰਨ ਲਈ ਪੂਰੀ ਖੁਲ੍ਹਦਿਲੀ ਵਿਖਾਈ ਅਤੇ ਹਮੇਸ਼ ਉਸਦੀ ਅਦਾਕਾਰੀ ਦੀ ਪ੍ਰੋੜ੍ਹਤਾ ਕੀਤੀ। ਅੱਜ ਕਲ੍ਹ ਕੋਈ ਪੰਜਾਬੀ ਫਿਲਮ ਨਹੀਂ ਜਿਸ ਵਿੱਚ ਗੁਰਪ੍ਰੀਤ ਕੌਰ ਭੰਗੂ ਦੀ ਅਦਾਕਾਰੀ ਨਾ ਹੋਵੇ। ਉਸਦਾ ਲੜਕਾ ਗਾਇਕ ਬਾਗੀ ਭੰਗੂ ਵੀ ਆਪਣੀ ਪਰਿਵਾਰਿਕ ਸਭਿਆਚਾਰਕ ਵਿਰਾਸਤ ਦਾ ਪਹਿਰੇਦਾਰ ਬਣ ਰਿਹਾ ਹੈ। ਉਹ ਆਸਟਰੇਲੀਆ ਵਿੱਚ ਰਹਿੰਦਾ ਹੈ। ਸਮੁੱਚਾ ਪੰਜਾਬੀ ਭਾਈਚਾਰਾ ਸਵਰਨ ਸਿੰਘ ਭੰਗੂ ਦੀ ਮੌਤ ਦੇ ਮਾਤਮ ਵਿੱਚ ਹੈ।
ਤਸਵੀਰਾਂ ਸਵਰਨ ਸਿੰਘ ਭੰਗੂ
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh480yahoo.com

-
ਉਜਾਗਰ ਸਿੰਘ, ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ujagarsingh48@yahoo.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.