ਐਡਵੋਕੇਟ ਧਾਮੀ ਨੇ ਜੂਨ 1984 ਲਈ ਇਕ ਵਾਰ ਫੇਰ ਕਾਂਗਰਸ ਨੂੰ ਠਹਿਰਾਇਆ ਦੋਸ਼ੀ
ਬੰਦੀ ਸਿੰਘਾਂ ਦੀ ਰਿਹਾਈ ਲਈ ਕੌਮ ਨੂੰ ਇੱਕ ਮੰਚ ’ਤੇ ਇਕੱਠੇ ਹੋਣ ਦਾ ਸੱਦਾ
ਕੁਲਵਿੰਦਰ ਸਿੰਘ/ ਬਾਬੂਸ਼ਾਹੀ ਬਿਊਰੋ
ਅੰਮ੍ਰਿਤਸਰ 6 ਜੂਨ
ਆਪਰੇਸ਼ਨ ਬਲੂ ਸਟਾਰ ਦੀ 42ਵੀਂ ਬਰਸੀ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੀਡੀਆ ਨਾਲ ਗੱਲਬਾਤ ਕਰਦਿਆਂ ਜੂਨ 1984 ਦੀਆਂ ਘਟਨਾਵਾਂ ਨੂੰ ਸਿੱਖ ਇਤਿਹਾਸ ਦਾ ਬਹੁਤ ਹੀ ਦੁਖਦਾਈ ਅਤੇ ਨਾ ਭੁੱਲਣ ਵਾਲਾ ਸਾਕਾ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ 42 ਸਾਲ ਪਹਿਲਾਂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਗੁਰਪੁਰਬ ਮੌਕੇ ਸੰਗਤਾਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੀਆਂ ਹੋਈਆਂ ਸਨ, ਪਰ ਉਸ ਸਮੇਂ ਦੀ ਕਾਂਗਰਸ ਸਰਕਾਰ ਵੱਲੋਂ ਫੌਜੀ ਕਾਰਵਾਈ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ’ਤੇ ਹਮਲਾ ਕੀਤਾ ਗਿਆ।
ਧਾਮੀ ਨੇ ਕਿਹਾ ਕਿ ਇਸ ਕਾਰਵਾਈ ਦੌਰਾਨ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ, ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਭਾਈ ਅਮਰੀਕ ਸਿੰਘ, ਜਨਰਲ ਸ਼ਬੇਗ ਸਿੰਘ, ਬਾਬਾ ਠਾਰਾ ਸਿੰਘ ਅਤੇ ਅਨੇਕਾਂ ਹੋਰ ਸਿੰਘਾਂ ਨੇ ਅਦੁੱਤੀ ਬਹਾਦਰੀ ਦਾ ਪ੍ਰਦਰਸ਼ਨ ਕਰਦਿਆਂ ਸ਼ਹਾਦਤਾਂ ਪ੍ਰਾਪਤ ਕੀਤੀਆਂ। ਉਨ੍ਹਾਂ ਕਿਹਾ ਕਿ ਇਹ ਸੂਰਮੇ ਆਪਣੇ ਧਰਮ, ਕੌਮ ਅਤੇ ਗੁਰੂ ਘਰਾਂ ਦੀ ਰੱਖਿਆ ਲਈ ਆਖ਼ਰੀ ਸਾਹ ਤੱਕ ਡਟੇ ਰਹੇ।
ਐਸਜੀਪੀਸੀ ਪ੍ਰਧਾਨ ਨੇ ਦੋਸ਼ ਲਗਾਇਆ ਕਿ ਉਸ ਸਮੇਂ ਸਿਰਫ਼ ਹਥਿਆਰਬੰਦ ਸਿੰਘ ਹੀ ਨਹੀਂ, ਸਗੋਂ ਗੁਰਪੁਰਬ ਮਨਾਉਣ ਲਈ ਆਏ ਬੇਕਸੂਰ ਸ਼ਰਧਾਲੂ, ਔਰਤਾਂ, ਬੱਚੇ ਅਤੇ ਬਜ਼ੁਰਗ ਵੀ ਇਸ ਹਿੰਸਾ ਦਾ ਸ਼ਿਕਾਰ ਬਣੇ। ਉਨ੍ਹਾਂ ਕਿਹਾ ਕਿ ਗਰਮੀਆਂ ਦੇ ਦਿਨਾਂ ਵਿੱਚ ਬਿਜਲੀ ਅਤੇ ਪਾਣੀ ਵਰਗੀਆਂ ਬੁਨਿਆਦੀ ਸਹੂਲਤਾਂ ਨੂੰ ਵੀ ਬੰਦ ਕਰ ਦਿੱਤਾ ਗਿਆ ਸੀ। ਧਾਮੀ ਨੇ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਸਰੋਵਰ ਸ਼ਹੀਦਾਂ ਦੇ ਖੂਨ ਨਾਲ ਲਾਲ ਹੋ ਗਿਆ ਸੀ ਅਤੇ ਇਹ ਘਟਨਾ ਸਿੱਖ ਮਨਾਂ ’ਤੇ ਅੱਜ ਵੀ ਡੂੰਘਾ ਅਸਰ ਛੱਡਦੀ ਹੈ।
ਉਨ੍ਹਾਂ ਕਿਹਾ ਕਿ ਭਾਵੇਂ ਇਤਿਹਾਸ ਵਿੱਚ ਮੁਗਲਾਂ ਅਤੇ ਅੰਗਰੇਜ਼ਾਂ ਦੇ ਸਮੇਂ ਵੀ ਸਿੱਖਾਂ ’ਤੇ ਜ਼ੁਲਮ ਹੋਏ, ਪਰ ਆਜ਼ਾਦ ਭਾਰਤ ਵਿੱਚ ਵਾਪਰੀ ਇਹ ਘਟਨਾ ਸਭ ਤੋਂ ਵੱਡੇ ਦੁੱਖ ਅਤੇ ਅਫ਼ਸੋਸ ਦਾ ਕਾਰਨ ਹੈ। ਉਨ੍ਹਾਂ ਕਿਹਾ ਕਿ ਸਿੱਖ ਕੌਮ ਇਸ ਨੂੰ “ਸਾਕਾ ਨੀਲਾ ਤਾਰਾ” ਨਹੀਂ, ਸਗੋਂ “ਤੀਜਾ ਘੱਲੂਘਾਰਾ” ਮੰਨਦੀ ਹੈ।
ਹਰਜਿੰਦਰ ਸਿੰਘ ਧਾਮੀ ਨੇ ਬੰਦੀ ਸਿੰਘਾਂ ਦੇ ਮੁੱਦੇ ’ਤੇ ਵੀ ਚਿੰਤਾ ਜਤਾਈ। ਉਨ੍ਹਾਂ ਕਿਹਾ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਪਿਛਲੇ 18 ਸਾਲਾਂ ਤੋਂ ਫਾਂਸੀ ਵਾਲੀ ਕੋਠੜੀ ਵਿੱਚ ਹਨ ਅਤੇ ਅੱਜ ਵੀ ਇਨਸਾਫ਼ ਦੀ ਉਡੀਕ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਦੇ ਹੁਕਮਾਂ ਦੇ ਬਾਵਜੂਦ ਸਰਕਾਰ ਵੱਲੋਂ ਇਸ ਮਾਮਲੇ ਵਿੱਚ ਕੋਈ ਫੈਸਲਾ ਨਹੀਂ ਲਿਆ ਜਾ ਰਿਹਾ। ਇਸ ਤੋਂ ਇਲਾਵਾ ਭਾਈ ਜਗਤਾਰ ਸਿੰਘ ਹਵਾਰਾ, ਭਾਈ ਦਵਿੰਦਰਪਾਲ ਸਿੰਘ ਭੁੱਲਰ, ਭਾਈ ਗੁਰਦੀਪ ਸਿੰਘ ਖਹਿਰਾ, ਭਾਈ ਪਰਮਜੀਤ ਸਿੰਘ ਘਿਓਰਾ ਅਤੇ ਭਾਈ ਜਗਤਾਰ ਸਿੰਘ ਤਾਰਾ ਸਮੇਤ ਕਈ ਬੰਦੀ ਸਿੰਘ ਦਹਾਕਿਆਂ ਤੋਂ ਜੇਲ੍ਹਾਂ ਵਿੱਚ ਬੰਦ ਹਨ।
ਧਾਮੀ ਨੇ ਸਮੁੱਚੀ ਸਿੱਖ ਕੌਮ ਅਤੇ ਪੰਥਕ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਉਹ ਸਾਰੇ ਕੌਮੀ ਮੁੱਦਿਆਂ ’ਤੇ ਇੱਕ ਮੰਚ ’ਤੇ ਇਕੱਠੇ ਹੋਣ। ਉਨ੍ਹਾਂ ਕਿਹਾ ਕਿ ਅੱਜ ਸਮਾਂ ਮੰਗ ਕਰਦਾ ਹੈ ਕਿ ਆਪਸੀ ਮਤਭੇਦਾਂ ਨੂੰ ਪਿੱਛੇ ਛੱਡ ਕੇ ਕੌਮ ਦੀ ਚੜ੍ਹਦੀ ਕਲਾ, ਬੰਦੀ ਸਿੰਘਾਂ ਦੀ ਰਿਹਾਈ ਅਤੇ ਹੋਰ ਪੰਥਕ ਮਸਲਿਆਂ ਦੇ ਹੱਲ ਲਈ ਸਾਂਝੀ ਰਣਨੀਤੀ ਬਣਾਈ ਜਾਵੇ। ਉਨ੍ਹਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਅਰਦਾਸ ਕੀਤੀ ਕਿ ਸਿੱਖ ਕੌਮ ਹਮੇਸ਼ਾ ਆਪਣੇ ਇਤਿਹਾਸ, ਵਿਰਸੇ ਅਤੇ ਕੁਰਬਾਨੀਆਂ ਨੂੰ ਯਾਦ ਰੱਖੇ।
- Download Babushahi App
-
-