ਦੇਸ਼ ਦੇ ਨੌਜਵਾਨਾਂ ਨੂੰ ਕਾਕਰੋਚ ਕਹਿ ਕੇ ਸਿਸਟਮ ਕਰ ਰਿਹਾ ਮਜ਼ਾਕ, ਬਦਲਾਅ ਦੀ ਲੋੜ: ਮੀਤ ਹੇਅਰ
Kamaljit/ ਬਾਬੂਸ਼ਾਹੀ ਬਿਊਰੋ
ਸੰਗਰੂਰ 6 ਜੂਨ, 2026
ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਕੇਂਦਰ ਦੀ ਭਾਜਪਾ ਸਰਕਾਰ 'ਤੇ ਤਿੱਖੇ ਸਿਆਸੀ ਨਿਸ਼ਾਨੇ ਸਾਧਦਿਆਂ ਕਿਹਾ ਹੈ ਕਿ ਮੌਜੂਦਾ ਸਿਸਟਮ ਅਤੇ ਸਰਕਾਰਾਂ ਦੇਸ਼ ਦੇ ਨੌਜਵਾਨਾਂ ਨੂੰ ਕਾਕਰੋਚ ਕਹਿ ਕੇ ਉਨ੍ਹਾਂ ਦਾ ਮਜ਼ਾਕ ਉਡਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਅੱਜ ਸਰਕਾਰ ਦਾ ਪੂਰਾ ਪ੍ਰਸ਼ਾਸਨਿਕ ਢਾਂਚਾ ਆਮ ਲੋਕਾਂ ਅਤੇ ਨੌਜਵਾਨਾਂ ਦੀ ਆਵਾਜ਼ ਨੂੰ ਦਬਾਉਣ ਵਿੱਚ ਲੱਗਿਆ ਹੋਇਆ ਹੈ। ਇੱਥੋਂ ਤੱਕ ਕਿ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਵੀ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾਈਆਂ ਜਾ ਰਹੀਆਂ ਹਨ, ਪਰ ਇਸ ਦੇ ਬਾਵਜੂਦ ਦੇਸ਼ ਦਾ ਨੌਜਵਾਨ ਵਰਗ ਸੋਸ਼ਲ ਮੀਡੀਆ (ਐਕਸ/ਟਵਿੱਟਰ) 'ਤੇ ਦੇਸ਼ ਦੀਆਂ ਵੱਡੀਆਂ ਸਿਆਸੀ ਪਾਰਟੀਆਂ ਨਾਲੋਂ ਤਿੰਨ ਗੁਣਾ ਜ਼ਿਆਦਾ ਫੋਲੋਅਰਜ਼ ਇਕੱਠੇ ਕਰਕੇ ਆਪਣੀ ਆਵਾਜ਼ ਬੁਲੰਦ ਕਰ ਰਿਹਾ ਹੈ, ਜਿਸ ਕਾਰਨ ਨੌਜਵਾਨਾਂ ਵਿੱਚ ਭਾਰੀ ਗੁੱਸਾ ਅਤੇ ਅਕ੍ਰੋਸ਼ ਸਾਫ਼ ਦੇਖਿਆ ਜਾ ਸਕਦਾ ਹੈ।
ਸੰਸਦ ਮੈਂਬਰ ਨੇ ਦੋਸ਼ ਲਾਇਆ ਕਿ ਕੇਂਦਰ ਸਰਕਾਰ ਨੌਜਵਾਨਾਂ ਦੇ ਇਸ ਵਧਦੇ ਗੁੱਸੇ ਅਤੇ ਜਜ਼ਬਾਤਾਂ ਨੂੰ ਸਮਝਣ ਵਿੱਚ ਪੂਰੀ ਤਰ੍ਹਾਂ ਨਾਕਾਮ ਰਹੀ ਹੈ। ਚੋਣਾਂ ਦੌਰਾਨ ਨੌਜਵਾਨਾਂ ਨਾਲ ਕਰੋੜਾਂ ਨੌਕਰੀਆਂ ਦੇਣ ਅਤੇ ਕਿਸਾਨਾਂ ਨਾਲ ਵੱਡੇ-ਵੱਡੇ ਵਾਅਦੇ ਕੀਤੇ ਗਏ ਸਨ, ਪਰ ਜਦੋਂ ਤੋਂ ਬੀਜੇਪੀ ਸੱਤਾ ਵਿੱਚ ਆਈ ਹੈ, ਦੇਸ਼ ਦਾ ਹਰ ਵਰਗ ਖ਼ੁਦ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਿਹਾ ਹੈ। ਮੀਤ ਹੇਅਰ ਨੇ ਪੁਰਾਣੇ ਸਮਿਆਂ ਦੀ ਰਾਜਨੀਤੀ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਪਹਿਲਾਂ ਜੇਕਰ ਦੇਸ਼ ਵਿੱਚ ਕੋਈ ਵੱਡੀ ਅਣਹੋਣੀ ਜਾਂ ਅਟੈਕ ਹੁੰਦਾ ਸੀ ਤਾਂ ਦੇਸ਼ ਦਾ ਗ੍ਰਹਿ ਮੰਤਰੀ ਨੈਤਿਕ ਜ਼ਿੰਮੇਵਾਰੀ ਲੈਂਦੇ ਹੋਏ ਅਸਤੀਫ਼ਾ ਦੇ ਦਿੰਦਾ ਸੀ, ਅਤੇ ਵੱਡਾ ਰੇਲ ਹਾਦਸਾ ਹੋਣ 'ਤੇ ਰੇਲਵੇ ਮੰਤਰੀ ਆਪਣੇ ਅਹੁਦੇ ਤੋਂ ਹਟ ਜਾਂਦੇ ਸਨ। ਪਰ ਪਿਛਲੇ 12 ਸਾਲਾਂ ਦੇ ਸ਼ਾਸਨ ਅੰਦਰ ਦੇਸ਼ ਵਿੱਚ ਚਾਹੇ ਪੁਲਵਾਮਾ ਹਮਲਾ ਹੋਇਆ ਹੋਵੇ, ਵੱਡੇ ਰੇਲ ਹਾਦਸੇ ਹੋਏ ਹੋਣ ਜਾਂ ਫਿਰ ਹੁਣ 'ਨੀਟ' (NEET) ਵਰਗੇ ਵੱਕਾਰੀ ਅਤੇ ਮਹੱਤਵਪੂਰਨ ਪੇਪਰ ਲੀਕ ਹੋਣ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੋਵੇ, ਬੀਜੇਪੀ ਦੇ ਕਿਸੇ ਵੀ ਕੇਂਦਰੀ ਜਾਂ ਸੂਬਾਈ ਮੰਤਰੀ ਨੇ ਅਸਤੀਫ਼ਾ ਦੇਣ ਦੀ ਜ਼ਿੰਮੇਵਾਰੀ ਨਹੀਂ ਦਿਖਾਈ।
ਉਨ੍ਹਾਂ ਕੇਂਦਰ ਸਰਕਾਰ ਨੂੰ 'ਮੋਟੀ ਚਮੜੀ ਵਾਲੀ' ਅਤੇ ਜਵਾਬਦੇਹੀ ਤੋਂ ਭੱਜਣ ਵਾਲੀ ਸਰਕਾਰ ਦੱਸਦਿਆਂ ਕਿਹਾ ਕਿ ਅੱਜ ਜਨਤਾ ਦੀ ਜਾਇਜ਼ ਆਵਾਜ਼ ਨੂੰ ਕੁਚਲਣ ਲਈ ਪੁਲਿਸ, ਈ.ਡੀ. (ED) ਅਤੇ ਸੀ.ਬੀ.ਆਈ. (CBI) ਵਰਗੀਆਂ ਕੇਂਦਰੀ ਜਾਂਚ ਏਜੰਸੀਆਂ ਦਾ ਸ਼ਰੇਆਮ ਸਿਆਸੀ ਇਸਤੇਮਾਲ ਕੀਤਾ ਜਾ ਰਿਹਾ ਹੈ। ਸੰਸਦ ਮੈਂਬਰ ਮੀਤ ਹੇਅਰ ਨੇ ਕੇਂਦਰ ਸਰਕਾਰ ਨੂੰ ਸਖ਼ਤ ਲਹਿਜੇ ਵਿੱਚ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਸਰਕਾਰ ਨੇ ਸਮਾਂ ਰਹਿੰਦੇ ਦੇਸ਼ ਦੇ ਨੌਜਵਾਨਾਂ ਦੇ ਗੁੱਸੇ, ਮੰਗਾਂ ਅਤੇ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਜਲਦੀ ਨਾ ਸਮਝਿਆ, ਤਾਂ ਭਾਰਤ ਵਿੱਚ ਵੀ ਹਾਲਾਤ ਸਾਡੇ ਗੁਆਂਢੀ ਦੇਸ਼ਾਂ ਵਰਗੇ ਬਣ ਸਕਦੇ ਹਨ, ਜਿੱਥੇ ਜਨਤਾ ਦੇ ਬੇਕਾਬੂ ਹੋਏ ਗੁੱਸੇ ਕਾਰਨ ਵੱਡੇ ਸੱਤਾ ਪਲਟ ਅਤੇ ਤਖ਼ਤਾਪਲਟ ਦੇਖਣ ਨੂੰ ਮਿਲੇ ਹਨ।
- Download Babushahi App
-
-