ਛਾ ਗਿਆ ਟਾਈਗਰ!/ -ਨਿੰਦਰ ਘੁਗਿਆਣਵੀ
ਇਹ ਸ਼ਾਇਦ ਸਦੀਆਂ ਪੁਰਾਣੀ ਵਾਰਤਾ ਹੋਵੇਗੀ। ਸਾਦੇ ਸਮੇਂ ਦੇ ਸਾਦੇ ਲੋਕ ਹੋਣਗੇ। ਸਤਿਯੁਗ ਬੀਤ ਰਿਹਾ ਹੋਵੇਗਾ। ਸ਼ੀਤਲ ਜਲ ਵਰਗੇ ਸੁਭਾਓ ਹੋਣੇ ਨੇ ਲੋਕਾਂ ਦੇ। ਭਗਤੀ ਭਾਵਨਾ ਲੋਕਾਂ ਦੇ ਮਨਾਂ ਅੰਦਰ ਠਾਠਾਂ ਮਾਰ ਰਹੀ ਹੋਵੇਗੀ, ਮੈਂ ਅਜਿਹਾ ਹੀ ਚਿਤਵਿਆ।
ਕੋਈ ਸੱਚਾ ਸ਼ਰਧਾਵਾਨ ਹੋਣਾ ਤੰਗਰਾਲੀ ਪਿੰਡ ਤੋਂ, ਉਹ ਪਹੁੰਚੇ ਹੋਏ ਇੱਕ ਸਾਧੂ ਦੀ ਕੁਟੀਆ ਵੱਲ ਆਇਆ। ਸਾਧੂ ਦੇ ਵਚਨ ਸੁਣੇ, ਨਿਹਾਲੋ ਨਿਹਾਲ ਹੋ ਗਿਆ। ਮਨ ਮੰਤਰ ਮੁਗਧ ਕਰ ਲਿਆ। ਬੜੇ ਸੁਰੀਲੇ ਲੱਗੇ ਬੋਲ ਸਾਧੂ ਦੇ। ਮਨ ਦਿਲੋਂ ਮੋਹਿਆ ਗਿਆ । ਸਾਧੂ ਦੇ ਸਾਹਮਣੇ ਖਲੋ ਕੇ ਦੋਵੇਂ ਹੱਥ ਜੋੜੇ ਤੇ ਬੋਲਿਆ, "ਬਾਬਾ ਜੀ, ਆਪਣੇ ਵਚਨਾਂ ਵਰਗਾ ਮਿੱਠਾ ਮਿੱਠਾ ਪ੍ਰਸ਼ਾਦਿ ਤਾਂ ਦੇ ਦਿਓ ਜੀ?"
ਰਤਾ ਕੁ ਮੁਸਕਰਾਇਆ ਸਾਧੂ, ਤੇ ਉਹਨੇ ਮਿਸ਼ਰੀ ਨਾਲ ਉਹਦੀ ਮੁੱਠੀ ਭਰ ਦਿੱਤੀ। ਉਚਾਰਿਆ ਕਿ ਆਹ ਲੈ ਭਗਤਾ, ਘਰੇ ਸਾਂਭ ਕੇ ਰੱਖੀਂ ਏਹ ਪ੍ਰਸ਼ਾਦ, ਕੰਮ ਆਏਗਾ ਤੇਰੇ। ਸ਼ਰਧਾਵਾਨ ਆਪਣੇ ਪਿੰਡ ਤੰਗਰਾਲੀ ਆਉਂਦਿਆਂ ਸੋਚਦਾ ਆਇਆ ਕਿ ਸਾਂਭ ਕੇ ਰੱਖੀਂ ਦਾ ਕੀ ਭਾਵ ਹੋਇਆ ਭਲਾ? ਘਰ ਪੁੱਜਾ। ਘਰ ਵਿੱਚ ਮਿੱਟੀ ਦਾ ਇਕੋ ਇਕ ਪਵਿੱਤਰ ਭਾਂਡਾ ਲੱਭਾ, ਉਹ ਛੋਟੀ ਜਿਹੀ ਕੁੱਜੀ ਸੀ। ਉਸ ਨੇ ਮੁੱਠੀ ਕੁੱਜੀ ਵਿਚ ਮੂਧੀ ਕੀਤੀ ਤੇ ਕੁੱਜੀ ਨਿੱਕੇ ਜਿਹੇ ਢਕਣੇ ਨਾਲ ਢੱਕ ਦਿੱਤੀ। ਸਾਧੂ ਦੇ ਆਦੇਸ਼ਾਂ ਅਨੁਸਾਰ ਪ੍ਰਸ਼ਾਦਿ ਸੰਭਾਲਿਆ ਗਿਆ। ਮਹੀਨੇ ਬੀਤੇ। ਸਾਲ ਬੀਤੇ। ਬਹੁਤ ਸਾਲ ਬੀਤੇ। ਸਮਾਂ ਆਇਆ, ਤੇ ਆਖਿਰ ਉਸ ਕੁੱਜੀ ਵਿਚ ਪਈ 'ਪੁਰਾਣੀ ਮਿਸ਼ਰੀ' ਇਕ ਦਿਨ ਟਾਈਗਰ (ਹਰਜੀਤ ਸਿੰਘ) ਦੀ ਆਵਾਜ ਬਣ ਗਈ, ਮਿਠਾਸ ਭਰੀ, ਮਖਮਲੀ ਤੇ ਦਿਲਕਸ਼ ਆਵਾਜ਼।
ਅੱਜਕਲ੍ਹ ਟਾਈਗਰ ਨੂੰ ਖੂਬ ਸੁਣਿਆ ਜਾ ਰਿਹਾ ਹੈ। ਉਸਦੀ ਆਵਾਜ਼ ਮਨਾਂ ਨੂੰ ਖਿੱਚਾਂ ਪਾਈ ਜਾਂਦੀ ਹੈ। ਅਣਗਿਣਤ ਲੋਕ ਉਹਨੂੰ ਮੋਹ ਦੇ ਰਹੇ ਨੇ। ਉਹਦੀ ਆਵਾਜ਼ ਵਿਚ ਸਕੂਨ ਹੀ ਨਹੀਂ, ਨਿੱਘਾ-ਨਿੱਘਾ ਸੇਕ ਵੀ ਹੈ। ਜੇ ਉਹ ਖੁਦ ਆਪਣੀ ਆਵਾਜ਼ ਨੂੰ ਇਕ-ਮਨ ਹੋ ਕੇ ਸੁਣੇਗਾ, ਤਾਂ ਉਸਨੂੰ ਜਾਪੇਗਾ ਕਿ ਉਹਦੀ ਆਵਾਜ਼ 'ਧੁਰ-ਕੀ ਆਵਾਜ਼' ਹੈ, ਡੂੰਘਿਓ ਬੜੇ ਸਹਿਜੇ ਸਹਿਜੇ ਉਠਦੀ ਹੋਈ ਆਵਾਜ਼ ਪਰ ਫ਼ਨਕਾਰ ਐਸਾ ਕੁਝ ਖੁਦ ਨਹੀਂ ਜਾਣਦੇ ਹੁੰਦੇ ਆਪਣੇ ਬਾਬਤ,ਇਹ ਕਲਾਤਮਿਕ ਭੇਦ ਹੀ ਹੁੰਦਾ ਹੈ। ਉਹ ਤਾਂ ਸਿਰਫ ਗਾਉਂਦੇ ਨੇ। ਲੋਕਾਂ ਨੂੰ ਭਾਉਂਦੇ ਨੇ। ਡੂੰਘ ਵਿਚ ਲੱਥ ਜਾਣ ਦਾ ਵੇਲਾ ਗੁਆ ਬਹਿੰਦੇ ਨੇ ਪਰ ਟਾਈਗਰ ਛੋਟੀ ਆਯੂ ਦਾ 'ਸਿਆਣਾ' ਗਾਇਕ ਬਣ ਚੁੱਕਾ ਹੈ। ਸਿਆਣਪ ਦਾ ਉਮਰ ਨਾਲ ਕੋਈ ਸਬੰਧ ਨਹੀਂ ਹੁੰਦਾ। ਸਿਆਣਪ ਤਾਂ ਰੱਬੀ ਦੇਣ ਹੁੰਦੀ ਹੈ, ਬਿਲਕੁਲ ਉਵੇਂ, ਜਿਵੇਂ ਕਲਾ ਦੀ ਦੇਣ ਰੱਬੀ ਹੈ।
ਇਕ ਦਿਨ ਅਚਾਨਕ ਟਾਈਗਰ ਦੀ ਆਵਾਜ਼ ਮੈਨੂੰ ਰਾਹੇ ਡੱਕ ਲੈਂਦੀ ਹੈ। ਉਹ ਪ੍ਰਦੇਸੀਆਂ ਦਾ ਦੁਖਾਂਤ ਗਾ ਰਿਹਾ ਸਭ ਨੂੰ 'ਆਪਣਾ ਆਪਣਾ' ਲੱਗਣ ਲੱਗਿਆ, ਤੇ ਮੈਨੂੰ ਵੀ ਆਪਣਾ ਹੀ ਜਾਪਿਆ, ਜਿਵੇਂ ਕੋਈ ਘਰ ਦਾ ਜੀਅ ਗਾ ਰਿਹਾ ਹੋਵੇ। ਗੀਤ ਦੇ ਬੋਲ ਜੰਗ ਢਿਲੋਂ ਨੇ ਕਿਆ ਖੂਬਸੂਰਤ ਲਿਖੇ:
ਟੋਰਾਂਟੋ ਦੀਆਂ ਸੜਕਾਂ 'ਤੇ ਰੋਇਆ ਗੱਭਰੂ
ਸਿਰਾਂ ਉਤੇ ਉਡਦੇ ਜਹਾਜ਼ ਵੇਖਕੇ---
ਇਹ ਬੋਲ ਸੁਣਦਿਆਂ ਮੈਂ ਉਦਾਸ ਹੋ ਗਿਆ। ਅੱਖਾਂ ਭਰ ਆਈਆਂ। ਮਨ ਡੁਬ-ਡੁਬਾ ਆਇਆ। ਟੋਰਾਂਟੋ ਦਾ ਏਅਰਪੋਰਟ ਏਰੀਆ ਤੇ ਡੈਰੀ ਰੋਡ ਚੇਤੇ ਆ ਗਏ ਤੇ ਦੁਨੀਆਂ ਤੋਂ ਵਿਛੜੇ ਸੱਜਣ ਵੀ ਹਟਕੋਰੇ ਭਰਦੇ ਜਾਪਣ ਲੱਗੇ। ਇਓਂ ਟਾਈਗਰ ਨੂੰ ਭਾਲਣ ਲੱਗਾ ਮੈਂ!
ਤਲਵੰਡੀ ਸਾਬੋ ਲਾਗੇ ਛੋਟੇ ਜਿਹੇ ਤੰਗਰਾਲੀ ਪਿੰਡ ਦੇ ਆਮ ਸਾਧਾਰਨ ਪਰਿਵਾਰ ਵਿਚ ਜੁਗਰਾਜ ਸਿੰਘ ਤੇ ਹਰਬੰਸ ਕੌਰ ਦੇ ਘਰ ਜਨਮਿਆਂ ਟਾਈਗਰ। ਪਿੰਡ ਦੇ ਪ੍ਰਾਇਮਰੀ ਸਕੂਲੋਂ ਪੜ ਕੇ ਫਿਰ ਤਲਵੰਡੀ ਸਾਬੋ ਆ ਗਿਆ ਤੇ ਗੁਰੂ ਕਾਸ਼ੀ ਕਾਲਜ ਤੀਕ ਅੱਪੜ ਗਿਆ। ਸੰਗੀਤ ਉਹਦੇ ਅੰਦਰ ਬਚਪਨ ਤੋਂ ਅੰਗੜਾਈ ਭੰਨ ਰਿਹਾ ਸੀ। ਸਕੂਲ ਕਾਲਜ ਗਾਉਂਦਾ ਤੇ ਫਿਰ ਉਸਤਾਦ ਪਰਮਜੀਤ ਸਿੰਘ ਪਾਸੋਂ ਸਿੱਖਣ ਲੱਗਿਆ। ਖੁਦ ਵੀ ਰਿਆਜ ਕਰਨ ਦਾ ਨੇਮ ਨਾ ਭੁੱਲਿਆ। ਇਵੇਂ ਹੀ ਉਹ ਵਾਰਿਸ ਭਰਾਵਾਂ ਦੀ ਨਿਗਾ ਪੈ ਗਿਆ ਤੇ ਕਮਲ ਹੀਰ ਉਸ ਨੂੰ ਦਿਲੋਂ ਉਤਸ਼ਾਹਿਤ ਕਰਦਾ ਉਸਦਾ ਹੌਸਲਾ ਵਧਾਈ ਗਿਆ।ਇਲਾਕੇ ਦੇ ਪ੍ਰਸਿੱਧ ਗਾਇਕ ਹਰਦੇਵ ਮਾਹੀਨੰਗਲ ਨੇ ਆਖਿਆ ਕਿ ਟਾਈਗਰ ਦੀ ਆਵਾਜ਼ ਹਜ਼ਾਰਾਂ ਆਵਾਜ਼ਾਂ ਵਿੱਚੋ ਵਿਲੱਖਣ ਆਵਾਜ਼ ਹੈ। ਗੀਤਕਾਰ ਸ਼ੇਖਰ ਤਲਵੰਡੀ ਆਖਣ ਲੱਗਾ ਕਿ ਲਗਦਾ ਹੈ ਕਿ ਜਿਵੇਂ ਟਾਈਗਰ ਨੂੰ ਸੰਗੀਤ ਦੀ ਦੇਵੀ ਨੇ ਕਲੇਜੇ ਨਾਲ ਲਾ ਕੇ ਆਸ਼ੀਰਵਾਦ ਦਿੱਤਾ ਹੈ। ਜੰਗ ਢਿੱਲੋਂ ਦੇ ਲਿਖੇ ਗੀਤਾਂ ਨੇ ਤਾਂ ਅੱਤ ਹੀ ਕਰਵਾ ਦਿੱਤੀ ਸਮਝੋ, ਉਸਦੇ ਲਿਖੇ ਗੀਤ ਕੇਵਲ ਗੀਤ ਹੀ ਨਹੀਂ, ਸੱਚੀ ਸੁੱਚੀ ਸ਼ਾਇਰੀ ਦੀ ਨਿਵੇਕਲੀ ਵੰਨਗੀ ਹਨ। ਸਿੰਘ ਜੀਤ ਚਣਕੋਈਆਂ ਤੇ ਬੱਬੂ ਬਰਾੜ ਦੇ ਲਿਖੇ ਗੀਤਾਂ ਦੇ ਨਾਲ ਨਾਲ ਉਹ ਨਵੇਂ ਗੀਤਕਾਰ ਵੀ ਤਲਾਸ਼ੀ ਜਾ ਰਿਹਾ ਹੈ। 'ਟੋਰਾਂਟੋ' ਗੀਤ ਤੋਂ ਉਹ ਮਸ਼ਹੂਰ ਹੋਇਆ ਤੇ ਫਿਰ 'ਬੀਰਬਲ', 'ਸ਼ੌਕ', 'ਸਾਹ', 'ਪ੍ਰਛਾਵਾਂ' , 'ਜ਼ਿੰਦਗੀ' , 'ਜੀ ਵੇ ਸੋਹਣਿਆ' ਗੀਤਾਂ ਨਾਲ ਛਾ ਹੀ ਗਿਆ। ਉਸਦੇ ਜੈਸਮੀਨ ਅਖਤਰ ਨਾਲ ਗਾਏ ਦੋਗਾਣੇ ਖੂਬਸੂਰਤ ਦੋਗਾਣਾ ਗਾਇਕੀ ਦਾ ਗੁਲਦਸਤਾ ਹਨ। 'ਸਾਹ' ਗੀਤ ਦਾ ਗਾਇਨ ਤਾਂ ਸੱਚਮੁੱਚ ਸਾਹ ਰੋਕ ਕੇ ਸੁਣਨ ਵਾਲਾ ਹੈ। ਡਾਕੂਸ ਰਿਕਾਰਡ ਵੱਲੋਂ ਹੁਣੇ ਆਈ ਉਸਦੀ ਐਲਬਮ 'ਸ਼ਹਿਜ਼ਾਦਾ' ਚਰਚਾ ਵਿੱਚ ਹੈ, ਇਕ ਗੀਤ ਵਿਚ ਉਹ ਗਦਰੀਆਂ ਦੇ ਨਾਲ ਨਾਲ ਗੋਰਖ ਤੇ ਪੂਰਨ ਨੂੰ ਵੀ ਚੇਤੇ ਕਰਦਾ ਹੈ। ਉਹਦੀ ਆਵਾਜ਼ ਸਰੋਤੇ ਨੂੰ ਆਪਣੇ ਨਾਲ ਨਾਲ ਤੋਰੀ ਤੁਰੀ ਆਉਂਦੀ ਹੈ, ਜੰਗਲ ਜੰਗਲ--- ਪਰਬਤ ਪਰਬਤ--- ਗਲੀਓ ਗਲੀ-- ਮੁਹੱਲਿਓ ਮਹੱਲੀ!
ਟਾਈਗਰ ਦੇ ਸੰਗੀਤਕਾਰ ਬੜੇ ਸਿਆਣੇ ਨੇ, ਇਨਾਂ ਵਿਚ ਜੀ ਗੁਰੀ, ਬੀਟ, ਕੁਲਸ਼ਾਨ ਸੰਧੂ, ਆਈਰਸ, ਡੈਮਨ, ਗੈਫੀ, ਟਰੈਂਡੀ ਦੇ ਨਾਂ ਲਏ ਜਾ ਸਕਦੇ ਹਨ। ਵੀਡੀਓ ਕੀਤੇ ਹਨ ਹਿਤੇਸ਼ ਅਰੋੜਾ,ਭਿੰਡਰ ਬੁਰਜ ਤੇ ਗੈਵੀ ਖਹਿਰਾ ਨੇ। ਟਾਈਗਰ ਦਾ ਗੀਤ ਸੁਣਨ ਬਾਅਦ
ਟੋਰਾਂਟੋ ਦੀਆਂ ਸੜਕਾਂ ਉਤੇ ਪਿਛਾਂਹ ਪਰਤਣ ਨੂੰ ਦਿਲ ਕਰ ਰਿਹਾ ਹੈ। ਵਿੰਨੀ ਬੈਂਸ ਨਾਮੀ ਦੋਸਤ ਨੂੰ ਮੈਂ ਆਖਿਆ ਕਿ ਅੱਜ ਮੈਨੂੰ ਇਕੱਲਿਆਂ ਛਡ ਦੇ ਯਾਰ, ਮੈਂ ਸਿਰਾਂ ਉਤੋਂ ਉਡਦੇ ਜਹਾਜ਼ਾਂ ਨਾਲ ਗੱਲਾਂ ਕਰਨੀਆਂ ਨੇ। ਉਹ ਹੈਰਾਨ ਹੋਇਆ ਤੇ ਵਤਨੋਂ ਦੂਰ ਹੋਣ ਦਾ ਮੇਰਾ ਉਦਰੇਵਾਂ ਜਾਣ ਗਿਆ ਸੀ। ਇਕ-ਇਕ ਬੀਅਰ ਪੀਤੀ। ਸਿਖਰ ਦੁਪਹਿਰ ਟੋਰਾਂਟੋ ਦੀ। ਇਕ ਖੇਤ ਦੇ ਕਿਨਾਰੇ ਮੈਨੂੰ ਉਤਾਰਿਆ ਤੇ 'ਬਾਏ ਬਾਏ' ਆਖਦਾ 'ਅਹੁ' ਗਿਆ। ਮੈਨੂੰ ਕੀ ਪਤਾ ਸੀ ਕਿ ਇਹ ਉਸਦੀ ਆਖਰੀ 'ਬਾਏ ਬਾਏ' ਹੈ ---ਬਸ।
ਜਹਾਜ਼ ਚੜ ਰਹੇ ਨੇ। ਲੱਥ ਰਹੇ ਨੇ। ਮੈਨੂੰ ਹਰ ਜਹਾਜ਼ ਇੰਡੀਆ ਜਾਣ ਵਾਲਾ ਹੀ ਜਾਪਦਾ ਹੈ, ਜਰਾ ਕੁ ਨੀਵਾਂ ਹੋਵੇ, ਤੇ ਮੈਂ ਨਾਲ ਹੀ ਝੂਟ ਜਾਵਾਂ। ਉੱਡਾਂ ਤੇ ਭੱਜਾਂ, ਪਿੰਡ ਜਾ ਕੇ ਮਾਂ ਦੀ ਬੁੱਕਲ ਵਿੱਚ ਵੜ ਜਾਵਾਂ। ਮੈਂ ਕੀ ਜਾਣਾ ਕਿ ਕਦੇ ਜੰਗ ਢਿਲੋਂ ਇਹ ਵਾਰਤਾ ਇਕ ਗੀਤ ਵਿਚ ਪਰੋ ਛਡੇਗਾ ਤੇ 'ਕਾਕਾ ਟਾਈਗਰ' ਰੂਹ ਨਾਲ ਗਾ ਛੱਡੇਗਾ। ਟਾਈਗਰ ਪਿਆਰੇ, ਤੇਰੇ ਟੋਰਾਂਟੋ ਵਾਲੇ ਗੀਤ ਦੇ ਬੋਲਾਂ ਨੇ ਵਿੱਛੜਿਆ ਵਿੰਨੀ ਵੀਰ ਅੱਖਾਂ ਮੂਹਰੇ ਲਿਆ ਖਲਿਆਰਿਆ ਹੈ। ਤੂੰ ਜੁਗ ਜੁਗ ਜੀਵੇ ਫ਼ਨਕਾਰਾ ਤੇ ਲਿਖਣ ਵਾਲੇ ਜੰਗ ਗੀਤਕਾਰਾ। ਇਹੋ ਹੀ ਨਿੱਗਰ ਤੇ ਨਿੱਖਰੀ ਕਲਾ ਦੀ ਕਿਸਮ ਹੁੰਦੀ ਹੈ ਕਿ ਉਹ ਬੀਤੇ ਨੂੰ ਸਾਕਾਰ ਕਰ ਦੇਵੇ। ਨਾਲੇ ਨਾਲ ਤੋਰ ਦੇਵੇ ਤੇ ਤੁਰਦੇ ਨੂੰ ਰੋਕ ਲਵੇ। ਹੁਣ ਜਦੋਂ ਕਦੇ ਟੋਰਾਂਟੋ ਆਵਾਂਗਾ, ਟਾਈਗਰ ਦਾ ਗਾਇਆ ਗੀਤ :
ਟੋਰਾਂਟੋ ਦੀਆਂ ਸੜਕਾਂ 'ਤੇ ਰੋਇਆ ਗੱਭਰੂ
ਸਿਰਾਂ ਉਤੋਂ ਉਡਦੇ ਜਹਾਜ ਵੇਖਕੇ,
ਉਸੇ ਥਾਵੇਂ ਬਹਿ ਕੇ ਵਾਰ ਵਾਰ ਸੁਣਾਂਗਾ, ਜਿਥੇ ਵਿੰਨੀ ਵੀਰ ਮੈਨੂੰ ਜਹਾਜਾਂ ਨਾਲ ਗੱਲਾਂ ਕਰਨ ਨੂੰ ਛੱਡ ਕੇ ਸਦਾ ਸਦਾ ਲਈ ਚਲਾ ਗਿਆ ਸੀ। ਖੈਰ, ਪਿੰਡ ਹਾਂ। ਵਾਢੀ ਸਮੇਟਣ ਦੇ ਦਿਨ ਚੱਲ ਰਹੇ ਨੇ। ਟਰੈਕਟਰ ਟਰਾਲੀਆਂ ਦੀ ਖੜਕਾਹਟ ਹੈ। ਦੇਰ ਰਾਤ ਤੀਕਰ ਟਰੈਕਟਰਾਂ ਉਤੇ ਗੀਤ ਗੂੰਜ ਰਹੇ ਨੇ। ਕਿਸੇ ਕਿਸਾਨ ਦਾ ਟਰੈਕਟਰ ਟਰਾਲੀ ਮੰਡੀ ਵੱਲ ਨੂੰ ਜਾ ਰਿਹਾ ਜਾਪਦਾ ਹੈ ਕਣਕ ਲੈ ਕੇ। ਸ਼ਾਇਦ ਕਿਰਸਾਨ ਨੂੰ ਆਪਣੇ ਪਰਦੇਸੀ ਪੁੱਤ ਦੀ ਯਾਦ ਆ ਗਈ ਹੋਵੇ, ਤੇ ਉਸਨੇ ਟਾਈਗਰ ਦਾ ਗੀਤ ਵਜਾ ਲਿਆ ਹੈ, ਬੋਲ ਹਨ:
ਲੋੜ ਤਾਂ ਨੀ ਕੋਈ, ਏਥੇ ਕਿਹੜਾ ਪੁੱਛਦਾ
ਗੋਰਿਆਂ 'ਤੇ ਰੋਹਬ ਕਾਹਦਾ
ਖੜ੍ਹੀ ਮੁੱਛ ਦਾ
ਕਰਜੇ ਦੀ ਪੰਡ ਕੇਰਾਂ ਲਾਹੁੰਣੀ ਧੌਣ ਤੋਂ
ਰੁਕਦਾ ਨੀ ਪੁੱਤ ਫਿਰ ਪਿੰਡ ਆਉਣ ਤੋਂ ਵੀਡੀਓ ਕਾਲਾਂ 'ਚ
ਬਾਪੂ ਵੇਖ ਹੱਸਦਾ
ਹੌਸਲੇ 'ਚ ਹੋਜੇ ਫੇਰ ਪੁੱਤ ਜੱਟ ਦਾ
ਪਿੰਡ ਆਕੇ ਬਾਪੂ ਮੈਂ ਤਾਂ ਖੇਤੀ ਕਰੂੰਗਾ
ਘੈਂਟ ਜਿਹਾ ਤੂੰ ਰੱਖੀਂ ਸਵਰਾਜ ਵੇਖ ਕੇ
ਟੋਰਾਂਟੋ ਦੀਆਂ ਸੜਕਾਂ 'ਤੇ ਰੋਇਆ ਗੱਭਰੂ ਸਿਰਾਂ ਉਤੇ ਉਡਦੇ ਜਹਾਜ਼ ਵੇਖਕੇ---
ਰਾਤ ਬੀਤ ਚੱਲੀ ਹੈ। ਪਹੁ ਫੁੱਟਣ ਵਿਚ ਕੁਝ ਪਲ ਹੀ ਨੇ। ਬਾਬੇ ਦੇ ਬੋਲਣ ਦਾ ਵੇਲਾ ਹੋ ਚੱਲਿਆ ਏ। ਜਪੁਜੀ ਸਾਹਿਬ ਦੇ ਬੋਲ ਕੰਨੀਂ ਪੈਣਗੇ। ਦੂਰ ਪਰਦੇਸ ਵਿਚ ਗੁਆਚੀ ਇਕ ਹੂਕ ਦਾ ਤਰਲਾ ਹੈ, ਇਕ ਅਣਡਿੱਠਾ ਅਲਾਪ ਹੈ, ਇਕ ਸੁਰ ਦੀ ਸੁਗੰਧ ਹੈ, ਇਕ ਮੰਤਰ ਦਾ ਮੋਹ ਹੈ। ਮੈਂ ਟਾਈਗਰ ਬਾਰੇ ਡਾਇਰੀ ਦਾ ਪੰਨਾ ਲਿਖ ਰਿਹਾ ਹਾਂ। ਗਗਨ ਹਾਲੇ ਗੂੜਾ ਹੈ। ਤਾਰਿਆਂ ਦੀ ਟਿਮਟਿਮਾਹਟ ਹੈ। ਇਕ ਅਲੋਕਾਰਾ ਜਿਹਾ ਪੰਛੀ ਖੰਭ ਫੜਫੜਾਏਗਾ। ਅਲਾਪ ਲਗਾ ਕੇ ਉਡੇਗਾ। ਸੁੱਤਾ ਪਿੰਡ ਜਾਗੇਗਾ। ਮਾਂ ਚੁੱਲੇ ਅੱਗ ਪਾਵੇਗੀ। ਮੈਂ ਅੱਖ ਲਾਉਣ ਦਾ ਯਤਨ ਕਰਾਂਗਾ। ਅਕਾਸ਼ ਅੱਖ ਪੁੱਟ ਲਵੇਗਾ--- ਲੱਗੀ ਵਾਲੇ ਤੇ ਕਦੇ ਨੀ ਅੱਖ ਲਾਉਂਦੇ ਨੀ ਤੇਰੀ ਕਿਵੇ ਅੱਖ ਲੱਗ ਗਈ--।
9417421700

-
ਨਿੰਦਰ ਘੁਗਿਆਣਵੀ, ਲੇਖਕ
ninder_ghugianvi@yahoo.com
9417421700
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.