ਕੱਚੇ ਸਹਾਇਕ ਲਾਈਨਮੈਨਾਂ ਤੇ ਕੀਤੇ ਵਹਿਸ਼ੀ ਲਾਠੀਚਾਰਜ ਦੀ ਪੈਨਸ਼ਨਰ ਐਸੋਸੀਏਸ਼ਨ ਵਲੋਂ ਕਰੜੀ ਨਿਖੇਧੀ
ਪ੍ਰਮੋਦ ਭਾਰਤੀ
ਨਵਾਂਸ਼ਹਿਰ 06 ਜੂਨ 2026
ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਪੰਜਾਬ ਇਕਾਈ ਗੜਸ਼ੰਕਰ ਦੀ ਮਾਸਿਕ ਮੀਟਿੰਗ ਸੀਨੀਅਰ ਆਗੂ ਬਲਵੰਤ ਰਾਮ ਪ੍ਰਧਾਨਗੀ ਹੇਠ ਲਾਇਬ੍ਰੇਰੀ ਗਾਂਧੀ ਪਾਰਕ ਗੜ੍ਹਸ਼ੰਕਰ ਵਿਖੇ ਹੋਈ। ਮੀਟਿੰਗ ਵਿੱਚ ਪਟਿਆਲਾ ਵਿਖੇ ਆਪਣੀਆਂ ਸੇਵਾਵਾਂ ਪੱਕੀਆਂ ਕਰਵਾਉਣ ਲਈ ਸ਼ਾਂਤਮਈ ਧਰਨਾ ਦੇ ਰਹੇ ਕੱਚੇ ਸਹਾਇਕ ਲਾਈਨਮੈਨਾਂ ਉੱਤੇ ਪੰਜਾਬ ਸਰਕਾਰ ਦੇ ਇਸ਼ਾਰੇ ਤੇ ਪੰਜਾਬ ਪੁਲਿਸ ਵਲੋਂ ਕੀਤੇ ਵਹਿਸ਼ੀ ਲਾਠੀਚਾਰਜ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਗਈ ਤੇ ਮੰਗ ਕੀਤੀ ਕਿ ਇਸ ਲਾਠੀਚਾਰਜ ਲਈ ਜਿੰਮੇਵਾਰ ਅਧਿਕਾਰੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਕੱਚੇ ਕਾਮਿਆਂ ਨੂੰ ਤੁਰੰਤ ਪੱਕਾ ਕੀਤਾ ਜਾਵੇ । ਇਸ ਸਮੇਂ ਪੈਨਸ਼ਨਰ ਆਗੂ ਸ਼ਾਮ ਸੁੰਦਰ ਕਪੂਰ ਅਤੇ ਗੋਪਾਲ ਦਾਸ ਮਨਹੋਤਰਾ ਨੇ ਦੱਸਿਆ ਕਿ ਪੰਜਾਬ ਸਰਕਾਰ ਮੁਲਾਜ਼ਮਾਂ ਤੇ ਪੈਨਸ਼ਨਰਜ਼ ਦੀਆਂ ਜਾਇਜ਼ ਮੰਗਾਂ ਲਾਗੂ ਕਰਨ ਵਿਚ ਸਿਰੇ ਦਾ ਢੀਠ ਰਵਈਆ ਅਪਣਾ ਆ ਰਹੀ ਹੈ।ਪੰਜਾਬ ਦੇ ਇਤਿਹਾਸ ਵਿਚ ਭਗਵੰਤ ਮਾਨ ਦੀ ਹੀ ਐਸੀ ਸਰਕਾਰ ਹੈ ਜਿਸ ਨੇ ਲੰਬੇ ਸਮੇਂ ਤੋਂ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਮਹਿੰਗਾਈ ਭੱਤੇ ਦੀ ਇੱਕ ਵੀ ਕਿਸ਼ਤ ਜਾਰੀ ਨਹੀਂ ਕੀਤੀ। ਪੰਜਾਬ ਸਰਕਾਰ ਡੀ. ਏ. ਜਾਰੀ ਕਰਨ ਦੇ ਮਾਨਯੋਗ ਹਾਈ ਕੋਰਟ ਦੇ ਹੁਕਮਾਂ ਨੂੰ ਵੀ ਟਿੱਚ ਸਮਝਦੀ ਹੈ ਅਤੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦਾ ਡੀ. ਏ. ਰੋਕਣ ਲਈ ਅੜਿੱਕੇ ਡਾਹ ਰਹੀ ਹੈ ਅਤੇ ਦੂਜੇ ਪਾਸੇ ਅਫ਼ਸਰਸ਼ਾਹੀ ਨੂੰ ਕੇਂਦਰ ਦੇ ਬਰਾਬਰ ਡੀ.ਏ.ਦੇ ਰਹੀ ਹੈ ਤੇ ਮੁਲਾਜ਼ਮਾਂ ਨਾਲ਼ ਮਤਰੇਈ ਮਾਂ ਵਾਲਾ ਵਿਹਾਰ ਕਰ ਰਹੀ ਹੈ।ਮੰਗਾਂ ਲਾਗੂ ਕਰਨ ਤੋਂ ਇਨਕਾਰੀ ਸਰਕਾਰ ਸੰਘਰਸ਼ ਕਰ ਰਹੇ ਲੋਕਾਂ ਨੂੰ ਛੱਲੀਆਂ ਵਾਂਗ ਕੁੱਟ ਰਹੀ ਹੈ। ਸਰਕਾਰ ਦਾ ਵਤੀਰਾ ਦਿਨ ਪ੍ਰਤੀ ਦਿਨ ਗ਼ੈਰਜਿੰਮੇਵਾਰੀ ਵਾਲਾ ਅਤੇ ਸੰਵਦੇਨਹੀਣ ਹੁੰਦਾ ਜਾ ਰਿਹਾ ਜਿਸ ਕਾਰਨ ਮੁਲਾਜ਼ਮਾਂ ਤੇ ਪੈਨਸ਼ਨਰਾਂ ਦਾ ਸਰਕਾਰ ਪ੍ਰਤੀ ਗੁੱਸਾ ਦਿਨ ਬ ਦਿਨ ਵੱਧਦਾ ਜਾ ਰਿਹਾ ਹੈ। ਸਰਕਾਰ ਵਲੋਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀ ਕੀਤੀ ਜਾ ਰਹੀ ਖੱਜਲ ਖ਼ੁਆਰੀ ਦਾ ਖਮਿਆਜ਼ਾ ਸਰਕਾਰ ਨੂੰ 2027 ਦੀਆਂ ਚੋਣਾਂ ਦੌਰਾਨ ਭੁਗਤਣਾ ਪਵੇਗਾ। ਇਸ ਸਮੇਂ ਮੰਗ ਕੀਤੀ ਗਈ ਪੈਨਸ਼ਨ ਸੁਧਾਈ ਲਈ 2.59 ਦਾ ਗੁੰਨਾਂਕ ਲਾਗੂ ਕੀਤਾ ਜਾਵੇ, ਡੀ ਏ ਦੀਆਂ ਬਕਾਇਆ ਕਿਸ਼ਤਾਂ ਦਾ ਨਕਦ ਭੁਗਤਾਨ ਤੁਰੰਤ ਕੀਤਾ ਜਾਵੇ,ਮਾਸਿਕ ਮੈਡੀਕਲ ਭੱਤਾ ਦੋ ਹਜ਼ਾਰ ਕੀਤਾ ਜਾਵੇ,ਪੁਰਾਣੀ ਪੈਨਸ਼ਨ ਤੁਰੰਤ ਬਹਾਲ ਕੀਤੀ ਜਾਵੇ। ਮੀਟਿੰਗ ਵਿੱਚ ਰਤਨ ਸਿੰਘ,ਜੋਗਿੰਦਰ ਸਿੰਘ ਹੀਰ, ਰੌਸ਼ਨ ਲਾਲ ਵਰਮਾ,ਸੁਰਿੰਦਰ ਪਾਲ ਹੀਰ,ਹਰਬੰਸ ਲਾਲ,ਰੂਪ ਲਾਲ, ਮੁਖਤਿਆਰ ਚੰਦ,ਗੁਰਮੀਤ ਚੰਦ,ਕੁਲਵੰਤ ਸਿੰਘ,ਸਤਪਾਲ ਸਿੰਘ ਨੇ ਵੀ ਵਿਚਾਰ ਰੱਖੇ।
- Download Babushahi App
-
-