ਯੂਕੇ ਕਤਲਕਾਂਡ 'ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਖ਼ਤ: ਨਿੱਜੀ ਗੁਨਾਹ ਲਈ ਪੂਰੇ ਸਿੱਖ ਭਾਈਚਾਰੇ ਨੂੰ ਨਿਸ਼ਾਨਾ ਬਣਾਉਣ ਵਿਰੁੱਧ ਦਿੱਤੀ ਚੇਤਾਵਨੀ
ਕੁਲਵਿੰਦਰ ਸਿੰਘ/ ਬਾਬੂਸ਼ਾਹੀ ਬਿਊਰੋ
ਅੰਮ੍ਰਿਤਸਰ , 5 ਜੂਨ, 2026
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਬ੍ਰਿਟੇਨ ਵਿੱਚ ਹੋਏ ਹੈਨਰੀ ਨੋਵਾਕ ਦੇ ਕਤਲ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਪੀੜਤ ਪਰਿਵਾਰ ਨਾਲ ਡੂੰਘੀ ਹਮਦਰਦੀ ਪ੍ਰਗਟ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਉਨ੍ਹਾਂ ਸ਼ਰਾਰਤੀ ਅੰਸ਼ਾਂ ਨੂੰ ਸਖ਼ਤ ਚੇਤਾਵਨੀ ਦਿੱਤੀ ਹੈ ਜੋ ਇਸ ਵਿਅਕਤੀਗਤ ਅਪਰਾਧਿਕ ਮਾਮਲੇ ਦੀ ਆੜ ਵਿੱਚ ਸਮੁੱਚੇ ਸਿੱਖ ਭਾਈਚਾਰੇ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਰਚ ਰਹੇ ਹਨ।
ਵੀਰਵਾਰ ਨੂੰ ਜਾਰੀ ਕੀਤੇ ਇੱਕ ਅਧਿਕਾਰਤ ਬਿਆਨ ਵਿੱਚ ਜਥੇਦਾਰ ਨੇ ਹੈਨਰੀ ਨੋਵਾਕ ਦੀ ਬੇਵਕਤੀ ਮੌਤ 'ਤੇ ਅਫ਼ਸੋਸ ਪ੍ਰਗਟਾਇਆ ਅਤੇ ਵਿਛੜੀ ਰੂਹ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ। ਯੂਕੇ ਦੀ ਅਦਾਲਤ ਵੱਲੋਂ ਸਿੱਖ ਮੂਲ ਦੇ ਵਿਅਕਤੀ ਵਿਕਰਮ ਸਿੰਘ ਦਿਗਵਾ ਨੂੰ ਸੁਣਾਈ ਗਈ 21 ਸਾਲ ਦੀ ਕੈਦ ਦੀ ਸਜ਼ਾ ਦਾ ਹਵਾਲਾ ਦਿੰਦਿਆਂ ਜਥੇਦਾਰ ਨੇ ਸਪੱਸ਼ਟ ਕੀਤਾ ਕਿ ਇਹ ਫੈਸਲਾ ਕਾਨੂੰਨ ਦੇ ਦਾਇਰੇ ਵਿੱਚ ਬਿਲਕੁਲ ਜਾਇਜ਼ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਗੁਨਾਹ ਕਰਨ ਵਾਲਾ ਕੋਈ ਵੀ ਹੋਵੇ, ਉਸ ਨੂੰ ਆਪਣੇ ਪਿਛੋਕੜ ਦੀ ਪਰਵਾਹ ਕੀਤੇ ਬਿਨਾਂ ਕਾਨੂੰਨੀ ਨਤੀਜੇ ਭੁਗਤਣੇ ਹੀ ਪੈਣਗੇ ਅਤੇ ਸਿੱਖ ਭਾਈਚਾਰਾ ਅਦਾਲਤ ਦੇ ਇਸ ਫੈਸਲੇ ਦਾ ਪੂਰਾ ਸਤਿਕਾਰ ਕਰਦਾ ਹੈ।
ਹਾਲਾਂਕਿ, ਜਥੇਦਾਰ ਨੇ ਇਸ ਗੱਲ 'ਤੇ ਡੂੰਘੀ ਚਿੰਤਾ ਅਤੇ ਇਤਰਾਜ਼ ਪ੍ਰਗਟਾਇਆ ਕਿ ਕੁਝ ਖ਼ਾਸ ਸਮੂਹਾਂ ਵੱਲੋਂ ਇਸ ਦੁਖਦਾਈ ਘਟਨਾ ਦਾ ਫਾਇਦਾ ਉਠਾ ਕੇ ਸਿੱਖ ਧਰਮ ਦੇ ਪਵਿੱਤਰ ਕਕਾਰ 'ਕਿਰਪਾਨ' 'ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਜਾ ਰਹੀ ਹੈ। ਯੂਕੇ ਦੇ ਸਿੱਖ ਨੁਮਾਇੰਦਿਆਂ ਤੋਂ ਮਿਲੀ ਜਾਣਕਾਰੀ ਦੇ ਅਧਾਰ 'ਤੇ ਉਨ੍ਹਾਂ ਸਪੱਸ਼ਟ ਕੀਤਾ ਕਿ ਵਾਰਦਾਤ ਵਿੱਚ ਵਰਤਿਆ ਗਿਆ ਹਥਿਆਰ ਕਿਰਪਾਨ ਨਹੀਂ, ਬਲਕਿ ਕਥਿਤ ਤੌਰ 'ਤੇ 'ਪੇਸ਼ ਕਬਜ਼' (ਇੱਕ ਫਾਰਸੀ ਖੰਜਰ) ਸੀ। ਉਨ੍ਹਾਂ ਦੁਹਰਾਇਆ ਕਿ ਸਿੱਖ ਧਰਮ ਵਿੱਚ ਕਿਰਪਾਨ ਜ਼ੁਲਮ ਦੇ ਖ਼ਿਲਾਫ਼, ਮਜ਼ਲੂਮ ਦੀ ਰੱਖਿਆ ਅਤੇ ਇਨਸਾਫ਼ ਦਾ ਪ੍ਰਤੀਕ ਹੈ, ਨਾ ਕਿ ਕਿਸੇ ਹਿੰਸਾ ਜਾਂ ਅਪਰਾਧ ਦਾ ਜ਼ਰੀਆ।
ਜਥੇਦਾਰ ਗੜਗੱਜ ਨੇ ਯੂਕੇ ਦੀਆਂ ਸਿੱਖ ਜਥੇਬੰਦੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਦੁੱਖ ਦੀ ਇਸ ਘੜੀ ਵਿੱਚ ਪੀੜਤ ਪਰਿਵਾਰ ਦੇ ਨਾਲ ਚਟਾਨ ਵਾਂਗ ਖੜ੍ਹੇ ਹੋਣ। ਉਨ੍ਹਾਂ ਬ੍ਰਿਟੇਨ ਦੇ ਸਮਾਜ ਨੂੰ ਧਰਮ ਜਾਂ ਨਸਲ ਦੇ ਨਾਂ 'ਤੇ ਨਫ਼ਰਤ ਫੈਲਾਉਣ ਵਾਲੀਆਂ ਕੋਸ਼ਿਸ਼ਾਂ ਨੂੰ ਨਾਕਾਮ ਕਰਨ ਦਾ ਸੱਦਾ ਦਿੱਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਬ੍ਰਿਟਿਸ਼ ਸਰਕਾਰ ਨੂੰ ਸਿਆਸੀ ਲਾਹਾ ਲੈਣ ਵਾਲੇ ਅਜਿਹੇ ਸਮੂਹਾਂ ਤੋਂ ਚੌਕਸ ਰਹਿਣ ਲਈ ਕਿਹਾ ਅਤੇ ਮੀਡੀਆ ਸਮੇਤ ਸੋਸ਼ਲ ਮੀਡੀਆ ਪਲੇਟਫਾਰਮਾਂ ਨੂੰ ਅਫਵਾਹਾਂ ਦੀ ਬਜਾਏ ਪ੍ਰਮਾਣਿਤ ਤੱਥਾਂ ਦੇ ਆਧਾਰ 'ਤੇ ਜ਼ਿੰਮੇਵਾਰੀ ਨਾਲ ਰਿਪੋਰਟਿੰਗ ਕਰਨ ਦੀ ਅਪੀਲ ਕੀਤੀ।
- Download Babushahi App
-
-