ਗੁਰੂ ਕੀ ਵਡਾਲੀ ਗੁਰਦੁਆਰਾ ਸਾਹਿਬ ਵਿਖੇ ਅੱਗ ਲੱਗਣ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 2 ਪਾਵਨ ਸਰੂਪਾਂ ਨੂੰ ਨੁਕਸਾਨ
ਕੁਲਵਿੰਦਰ ਸਿੰਘ/ ਬਾਬੂਸ਼ਾਹੀ ਬਿਊਰੋ
ਅੰਮ੍ਰਿਤਸਰ, 5 June 2026 :
ਅੰਮ੍ਰਿਤਸਰ ਦੇ ਵਡਾਲੀ ਇਲਾਕੇ ਸਥਿਤ ਗੁਰਦੁਆਰਾ ਸੰਗਤਸਰ ਸਾਹਿਬ (ਬਾਬਾ ਸੰਗਤ ਸਿੰਘ ਜੀ) ਵਿਖੇ ਬੀਤੀ ਰਾਤ ਇੱਕ ਦੁਖਦਾਈ ਘਟਨਾ ਵਾਪਰ ਗਈ, ਜਿੱਥੇ ਅੱਗ ਲੱਗਣ ਕਾਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੋ ਪਾਵਨ ਸਰੂਪਾਂ ਨੂੰ ਨੁਕਸਾਨ ਪਹੁੰਚਿਆ। ਜਾਣਕਾਰੀ ਅਨੁਸਾਰ ਸੁਖਾਸਨ ਵਾਲੇ ਸਥਾਨ 'ਤੇ ਲੱਗਾ ਪੱਖਾ ਰਾਤ ਸਮੇਂ ਗਰਮ ਹੋ ਕੇ ਅਚਾਨਕ ਅੱਗ ਦੀ ਲਪੇਟ ਵਿੱਚ ਆ ਗਿਆ। ਅੱਗ ਲੱਗਣ ਤੋਂ ਬਾਅਦ ਪੱਖਾ ਹੇਠਾਂ ਡਿੱਗ ਗਿਆ, ਜਿਸ ਕਾਰਨ ਨੇੜੇ ਸੁਸ਼ੋਭਿਤ ਪਾਵਨ ਸਰੂਪ ਪ੍ਰਭਾਵਿਤ ਹੋਏ।
ਘਟਨਾ ਦੀ ਸੂਚਨਾ ਮਿਲਦੇ ਹੀ ਗੁਰਦੁਆਰਾ ਪ੍ਰਬੰਧਕਾਂ ਅਤੇ ਸੰਗਤ ਵੱਲੋਂ ਤੁਰੰਤ ਕਾਰਵਾਈ ਕੀਤੀ ਗਈ। ਮੁੱਢਲੀ ਜਾਣਕਾਰੀ ਮੁਤਾਬਕ ਦੋਵੇਂ ਪਾਵਨ ਸਰੂਪਾਂ ਦੀਆਂ ਜਿਲਦਾਂ ਨੂੰ ਨੁਕਸਾਨ ਪਹੁੰਚਿਆ ਹੈ, ਜਦਕਿ ਅੰਗ ਸੁਰੱਖਿਅਤ ਦੱਸੇ ਜਾ ਰਹੇ ਹਨ। ਘਟਨਾ ਦੀ ਗੰਭੀਰਤਾ ਨੂੰ ਦੇਖਦੇ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੀ ਟੀਮ ਮੌਕੇ 'ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕੀਤੀ। ਕਮੇਟੀ ਵੱਲੋਂ ਘਟਨਾ ਸਬੰਧੀ ਵਿਸਥਾਰਪੂਰਵਕ ਰਿਪੋਰਟ ਤਿਆਰ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸੌਂਪੀ ਜਾਵੇਗੀ। ਇਸ ਦੌਰਾਨ ਨੁਕਸਾਨੇ ਗਏ ਪਾਵਨ ਸਰੂਪਾਂ ਨੂੰ ਵੀ ਅਗਲੀ ਕਾਰਵਾਈ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਲਿਜਾਇਆ ਗਿਆ ਹੈ। ਉੱਧਰ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਮਾਮਲੇ 'ਤੇ ਨਜ਼ਰ ਰੱਖੀ ਜਾ ਰਹੀ ਹੈ, ਪਰ ਸ਼੍ਰੋਮਣੀ ਕਮੇਟੀ ਦੀ ਜਾਂਚ ਰਿਪੋਰਟ ਆਉਣ ਤੱਕ ਕੋਈ ਮਾਮਲਾ ਦਰਜ ਨਹੀਂ ਕੀਤਾ ਗਿਆ। ਅਧਿਕਾਰੀਆਂ ਦਾ ਕਹਿਣਾ ਹੈ ਕਿ ਰਿਪੋਰਟ ਦੇ ਆਧਾਰ 'ਤੇ ਹੀ ਅਗਲੀ ਕਾਰਵਾਈ ਬਾਰੇ ਫੈਸਲਾ ਲਿਆ ਜਾਵੇਗਾ।
- Download Babushahi App
-
-