DSGMC ਵੱਲੋਂ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 26ਵਾਂ ਰਾਗ ਦਰਬਾਰ 24 ਨੂੰ
ਪੰਥ ਪ੍ਰਸਿੱਧ ਕੀਰਤਨੀਏ ਅਤੇ ਵਿਦਵਾਨ ਗੁਰਬਾਣੀ ਕੀਰਤਨ ਤੇ ਕਥਾ ਰਾਹੀਂ ਸੰਗਤਾਂ ਨੂੰ ਕਰਨਗੇ ਨਿਹਾਲ
ਨਵੀਂ ਦਿੱਲੀ 22 ਅਕਤੂਬਰ (ਮਨਮੋਹਨ ਸਿੰਘ) ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਧੰਨ-ਧੰਨ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ 26ਵਾਂ ਰਾਗ ਦਰਬਾਰ 24 ਅਕਤੂਬਰ, ਸ਼ਨਿੱਚਰਵਾਰ ਨੂੰ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਸ਼ਰਧਾ ਅਤੇ ਉਤਸ਼ਾਹ ਨਾਲ ਕਰਵਾਇਆ ਜਾ ਰਿਹਾ ਹੈ। ਸ਼ਾਮ 4:45 ਵਜੇ ਤੋਂ ਦੇਰ ਰਾਤ ਤੱਕ ਚੱਲਣ ਵਾਲੇ ਇਸ ਰੂਹਾਨੀ ਰਾਗ ਦਰਬਾਰ ਸਮਾਗਮ ਦੌਰਾਨ ਪੰਥ ਪ੍ਰਸਿੱਧ ਕੀਰਤਨੀਏ ਅਤੇ ਵਿਦਵਾਨ ਗੁਰਬਾਣੀ ਕੀਰਤਨ ਤੇ ਗੁਰਮਤਿ ਵਿਚਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਅਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ ਰਾਗ ਦਰਬਾਰ ਵਿੱਚ ਭਾਈ ਅਮਨਦੀਪ ਸਿੰਘ ਜੀ, ਸ੍ਰੀ ਅਨੰਦਪੁਰ ਸਾਹਿਬ, ਭਾਈ ਤਜਿੰਦਰ ਸਿੰਘ ਜੀ, ਹਜ਼ੂਰੀ ਕੀਰਤਨੀਏ ਸ੍ਰੀ ਹਰਿਮੰਦਰ ਸਾਹਿਬ, ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ, ਹੈੱਡ ਗ੍ਰੰਥੀ ਗੁਰਦੁਆਰਾ ਬੰਗਲਾ ਸਾਹਿਬ, ਭਾਈ ਕਰਮਜੀਤ ਸਿੰਘ ਜੀ ਸ਼ਾਂਤ, ਨਿਊਜਰਸੀ (ਅਮਰੀਕਾ) ਅਤੇ ਡਾ. ਗੁਰਨਾਮ ਸਿੰਘ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਗੁਰਬਾਣੀ ਦੇ ਇਲਾਹੀ ਕੀਰਤਨ ਅਤੇ ਗੁਰਮਤਿ ਕਥਾ ਰਾਹੀਂ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਨਗੇ।
ਦੋਵੇਂ ਆਗੂਆਂ ਨੇ ਕਿਹਾ ਕਿ ਰਾਗ ਦਰਬਾਰ ਵਰਗੇ ਧਾਰਮਿਕ ਸਮਾਗਮ ਸਿੱਖ ਸੰਗਤ ਨੂੰ ਗੁਰਬਾਣੀ, ਗੁਰਮਤਿ ਸੰਗੀਤ ਅਤੇ ਗੁਰੂ ਸਾਹਿਬਾਨ ਦੀ ਪਾਵਨ ਸਿੱਖਿਆ ਨਾਲ ਜੋੜਨ ਦਾ ਮਹੱਤਵਪੂਰਨ ਮਾਧਿਅਮ ਹਨ। ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਪਰਿਵਾਰਾਂ ਸਮੇਤ ਇਸ ਪਵਿੱਤਰ ਸਮਾਗਮ ਵਿੱਚ ਸ਼ਾਮਲ ਹੋ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਅਤੇ ਗੁਰਬਾਣੀ ਕੀਰਤਨ ਦਾ ਅਨੰਦ ਮਾਣਨ।
ਉਨ੍ਹਾਂ ਦੱਸਿਆ ਕਿ ਦੇਸ਼-ਵਿਦੇਸ਼ ਵਿੱਚ ਵਸਦੀਆਂ ਸੰਗਤਾਂ ਦੀ ਸਹੂਲਤ ਲਈ ਇਸ ਰਾਗ ਦਰਬਾਰ ਦਾ ਸਿੱਧਾ ਪ੍ਰਸਾਰਨ ਵੀ ਕੀਤਾ ਜਾਵੇਗਾ। ਸੰਗਤਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਧਿਕਾਰਤ ਵੈੱਬਸਾਈਟ, ਕਮੇਟੀ ਦੇ ਫੇਸਬੁੱਕ ਪੇਜ ਅਤੇ ਯੂਟਿਊਬ ਚੈਨਲ ਤੋਂ ਇਲਾਵਾ ਚੜ੍ਹਦੀ ਕਲਾ ਟਾਈਮ ਟੀ.ਵੀ., ਜੀ.ਐੱਸ.ਪੀ.ਐੱਸ. ਲਾਈਵ, ਕੀਰਤਨ ਪ੍ਰਧਾਨਾ, ਬਾਣੀ ਨੈੱਟ, ਅਕਾਲ ਸਹਾਇ ਗੁਰਬਾਣੀ, ਦਰਸ਼ਨ ਟੀ.ਵੀ. ਅਤੇ ਸਿੱਖੀ ਚੈਨਲ ਰਾਹੀਂ ਵੀ ਇਸ ਰੂਹਾਨੀ ਸਮਾਗਮ ਨਾਲ ਜੁੜ ਸਕਣਗੀਆਂ।
- Download Babushahi App
-
-