ਬੀ.ਸੀ. ਸਰਕਾਰ ਵੱਲੋਂ ‘ਗੁਰੂ ਨਾਨਕ ਜਹਾਜ਼ ਐਲਾਨਨਾਮਾ’ ਰੱਦ ਕਰਨ ਦੀ ਸਖ਼ਤ ਨਿਖੇਧੀ
ਕੰਸਰਵੇਟਿਵ ਬੀ.ਸੀ. ਦੇ ਉਮੀਦਵਾਰਾਂ ਵੱਲੋਂ ਸਰਕਾਰ ਬਣਨ ’ਤੇ ਇਤਿਹਾਸਕ ਪਛਾਣ ਬਹਾਲ ਕਰਨ ਦਾ ਭਰੋਸਾ
ਹਰਦਮ ਮਾਨ
ਸਰੀ, 21ਅਕਤੂਬਰ 2026-ਬ੍ਰਿਟਿਸ਼ ਕੋਲੰਬੀਆ ਸਰਕਾਰ ਵੱਲੋਂ ‘ਗੁਰੂ ਨਾਨਕ ਜਹਾਜ਼ ਐਲਾਨਨਾਮੇ’ ਵਿੱਚੋਂ ‘ਗੁਰੂ ਨਾਨਕ ਜਹਾਜ਼’ ਬਿਨਾਂ ਕਿਸੇ ਜਨਤਕ ਸੂਚਨਾ ਜਾਂ ਸਪੱਸ਼ਟੀਕਰਨ ਦੇ ਹਟਾਏ ਜਾਣ ’ਤੇ ਕੈਨੇਡਾ ਦੀਆਂ ਸਿੱਖ, ਸਮਾਜਿਕ, ਸਭਿਆਚਾਰਕ, ਸਾਹਿਤਕ ਅਤੇ ਮਨੁੱਖੀ ਅਧਿਕਾਰ ਜਥੇਬੰਦੀਆਂ ਨੇ ਸਖ਼ਤ ਰੋਸ ਪ੍ਰਗਟਾਇਆ ਹੈ। ਇਸ ਸਬੰਧੀ ਗ਼ਦਰ ਮੈਮੋਰੀਅਲ ਸੁਸਾਇਟੀ ਕੈਨੇਡਾ, ਗੁਰੂ ਨਾਨਕ ਜਹਾਜ਼ ਹੈਰੀਟੇਜ ਸੁਸਾਇਟੀ ਬੀ.ਸੀ. ਅਤੇ ਵਣਜਾਰਾ ਨੋਮੈਡ ਕੁਲੈਕਸ਼ਨਜ਼ ਸਮੇਤ ਵੱਖ-ਵੱਖ ਸੰਸਥਾਵਾਂ ਦੀ ਇੱਕ ਵਿਸ਼ੇਸ਼ ਇਕੱਤਰਤਾ ਹੋਈ, ਜਿਸ ਵਿੱਚ ਸਰਕਾਰ ਦੀ ਇਸ ਕਾਰਵਾਈ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਇਤਿਹਾਸਕ ਨਾਂ ਅਤੇ ਸਹੀ ਬਿਰਤਾਂਤ ਦੀ ਬਹਾਲੀ ਦੀ ਮੰਗ ਕੀਤੀ ਗਈ।
ਇਕੱਤਰਤਾ ਦੌਰਾਨ ਬੁਲਾਰਿਆਂ ਨੇ ਕਿਹਾ ਕਿ ਸਾਲ 1914 ਵਿੱਚ ਵੈਨਕੂਵਰ ਬੰਦਰਗਾਹ ’ਤੇ ਪਹੁੰਚੇ ਇਸ ਜਹਾਜ਼ ਨੂੰ ਤਤਕਾਲੀ ਸਰਕਾਰ ਵੱਲੋਂ ਦਾਖ਼ਲੇ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ। ਬਾਬਾ ਗੁਰਦਿੱਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨਾਲ ਜੁੜੇ ਇਸ ਇਤਿਹਾਸਕ ਸਾਕੇ ਦੀ ਪੇਸ਼ਕਾਰੀ ਵਿੱਚ ਜਹਾਜ਼ ਦੀ ਅਸਲ ਪਛਾਣ ਅਤੇ ਨਾਂ ਨੂੰ ਬਣਦੀ ਥਾਂ ਮਿਲਣੀ ਬੇਹੱਦ ਜ਼ਰੂਰੀ ਹੈ।
ਇਸ ਮੌਕੇ ਪਹੁੰਚੇ ਸਰੀ ਨੌਰਥ ਤੋਂ ਕੰਸਰਵੇਟਿਵ ਪਾਰਟੀ ਆਫ਼ ਬੀ.ਸੀ. ਦੇ ਉਮੀਦਵਾਰ ਅਤੇ ਸਾਬਕਾ ਵਿਧਾਇਕ ਮਨਦੀਪ ਸਿੰਘ ਧਾਲੀਵਾਲ ਨੇ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਦੀ ਪਾਰਟੀ ਦੀ ਸਰਕਾਰ ਬਣਨ ’ਤੇ ਗੁਰੂ ਨਾਨਕ ਜਹਾਜ਼ ਦੇ ਨਾਂ ਨਾਲ ਐਲਾਨਨਾਮਾ ਮੁੜ ਜਾਰੀ ਕਰਵਾਇਆ ਜਾਵੇਗਾ ਅਤੇ ਵਿਦਿਅਕ ਖੇਤਰ ਵਿੱਚ ਵੀ ਇਸ ਦਾ ਸਹੀ ਇਤਿਹਾਸ ਸ਼ਾਮਲ ਕਰਵਾਉਣ ਲਈ ਪੂਰੇ ਯਤਨ ਕੀਤੇ ਜਾਣਗੇ। ਸਰੀ ਨਿਊਟਨ ਤੋਂ ਇਸੇ ਪਾਰਟੀ ਦੇ ਉਮੀਦਵਾਰ ਡਾ. ਹਰਜ ਧਾਲੀਵਾਲ ਨੇ ਆਖਿਆ ਕਿ ਵਿਧਾਇਕ ਚੁਣੇ ਜਾਣ ਉਪਰੰਤ ਉਹ ਇਸ ਮਾਮਲੇ ਨੂੰ ਵਿਧਾਨ ਸਭਾ ਵਿੱਚ ਉਠਾਉਣਗੇ ਅਤੇ ਐਲਾਨਨਾਮਾ ਜਾਰੀ ਕਰਵਾਉਣਾ ਉਨ੍ਹਾਂ ਦੀ ਪ੍ਰਮੁੱਖ ਤਰਜੀਹ ਹੋਵੇਗੀ।
ਗੁਰੂ ਨਾਨਕ ਜਹਾਜ਼ ਹੈਰੀਟੇਜ ਸੁਸਾਇਟੀ ਵੱਲੋਂ ਡਾ. ਗੁਰਵਿੰਦਰ ਸਿੰਘ ਧਾਲੀਵਾਲ ਨੇ ਇਤਿਹਾਸਕ ਹਵਾਲਿਆਂ ਦੇ ਆਧਾਰ ’ਤੇ ਜਹਾਜ਼ ਦੀ ਪਛਾਣ ਬਾਰੇ ਵਿਚਾਰ ਰੱਖੇ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮਿਲੇ ਸੰਦੇਸ਼ ਲਈ ਧੰਨਵਾਦ ਕਰਦਿਆਂ ਦੱਸਿਆ ਕਿ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਵੀ ਇਸ ਸਾਕੇ ਦੇ ਸ਼ਹੀਦਾਂ ਦੀ ਯਾਦ ਵਿੱਚ ਅਰਦਾਸ ਕੀਤੀ ਗਈ ਹੈ। ਗ਼ਦਰ ਮੈਮੋਰੀਅਲ ਸੁਸਾਇਟੀ ਕੈਨੇਡਾ ਦੇ ਡਾ. ਸੁਰਿੰਦਰਜੀਤ ਸਿੰਘ ਭੇਲਾ ਨੇ ਕਿਹਾ ਕਿ ਇਸ ਘਟਨਾ ਨੂੰ ਕੇਵਲ ‘ਕਾਮਾਗਾਟਾਮਾਰੂ’ ਦੇ ਨਾਂ ਹੇਠ ਪੇਸ਼ ਕਰਨ ਨਾਲ ‘ਗੁਰੂ ਨਾਨਕ ਜਹਾਜ਼’ ਦੀ ਵੱਖਰੀ ਇਤਿਹਾਸਕ ਪਛਾਣ ਪਿੱਛੇ ਰਹਿ ਜਾਂਦੀ ਹੈ।
ਵਣਜਾਰਾ ਨੋਮੈਡ ਕੁਲੈਕਸ਼ਨਜ਼ ਦੇ ਰਾਜ ਸਿੰਘ ਭੰਡਾਲ ਨੇ ਪਹਿਲਾਂ ਐਲਾਨਨਾਮਾ ਜਾਰੀ ਕਰਨ ਅਤੇ ਫਿਰ ਨਾਂ ਹਟਾਉਣ ਦੀ ਪ੍ਰਕਿਰਿਆ ’ਤੇ ਸਵਾਲ ਖੜ੍ਹੇ ਕਰਦਿਆਂ ਕੈਨੇਡਾ ਦੀ ਫੈਡਰਲ ਸਰਕਾਰ ਵੱਲੋਂ ਦਿੱਤੀ ਗਈ ਮੁਆਫ਼ੀ ਵਿੱਚ ਵੀ ਇਸ ਨਾਂ ਨੂੰ ਯੋਗ ਥਾਂ ਦੇਣ ਦੀ ਮੰਗ ਕੀਤੀ। ਇੰਜਨੀਅਰ ਜਗਰੂਪ ਸਿੰਘ ਖੇੜਾ ਨੇ ਦਲੀਲ ਦਿੱਤੀ ਕਿ ਜਹਾਜ਼ ਨੂੰ ਕਿਰਾਏ ’ਤੇ ਲੈ ਕੇ ਨਵਾਂ ਨਾਂ ਦੇਣਾ ਅਸਾਧਾਰਨ ਗੱਲ ਨਹੀਂ ਹੈ, ਇਸ ਲਈ ਬਾਬਾ ਗੁਰਦਿੱਤ ਸਿੰਘ ਵੱਲੋਂ ਦਿੱਤੇ ਨਾਂ ਨੂੰ ਮਾਨਤਾ ਮਿਲਣੀ ਚਾਹੀਦੀ ਹੈ।
ਇਕੱਤਰਤਾ ਦੌਰਾਨ ਗੁਰਮੁਖ ਸਿੰਘ ਦਿਓਲ, ਕੁਲਦੀਪ ਸਿੰਘ ਚਾਹਲ, ਬਲਬੀਰ ਸਿੰਘ ਸੰਘਾ, ਸੁਰਿੰਦਰ ਸਿੰਘ ਬੜਿੰਗ, ਬੀਬੀ ਸੁਖਵਿੰਦਰ ਕੌਰ, ਬਲਕਾਰ ਸਿੰਘ ਦੁਸਾਂਝ, ਕੇਸਰ ਸਿੰਘ ਕੂਨਰ, ਗਗਨ ਸਿੰਘ ਅਤੇ ਗੁਰਪ੍ਰੀਤ ਸਿੰਘ ਤਲਵੰਡੀ ਨੇ ਵੀ ਵਿਚਾਰ ਸਾਂਝੇ ਕੀਤੇ। ਇਕੱਤਰਤਾ ਦੇ ਸੰਚਾਲਕ ਡਾ. ਜਸਜੋਤ ਸਿੰਘ ਮਾਨ ਨੇ ਸਿਆਸੀ ਨੁਮਾਇੰਦਿਆਂ ਸਾਹਮਣੇ ਜਵਾਬਦੇਹੀ ਦੇ ਸਵਾਲ ਰੱਖੇ।
ਇਸ ਮੌਕੇ ਜਗੀਰ ਸਿੰਘ ਨਾਗਰਾ, ਸੋਨੀ ਝਵਰ, ਭੁਪਿੰਦਰ ਸਿੰਘ ਘੱਗ, ਸਤਨਾਮ ਸਿੰਘ, ਹਰਪ੍ਰੀਤ ਸਿੰਘ, ਪੱਤਰਕਾਰ ਗੁਰਪ੍ਰੀਤ ਸਿੰਘ ਲੱਕੀ ਸਹੋਤਾ, ਅਮਰਪਾਲ ਸਿੰਘ, ਸੰਤੋਖ ਸਿੰਘ ਮੰਡੇਰ, ਨਿਰੰਜਨ ਸਿੰਘ ਲੇਹਲ, ਗੁਰਪ੍ਰੀਤ ਸਿੰਘ ਸੰਘੇੜਾ ਤਲਵੰਡੀ, ਮਨਪ੍ਰੀਤ ਸਿੰਘ, ਮਲਕੀਤ ਸਿੰਘ, ਰਵੀ ਕਾਂਤ, ਸਰਬਰਾਜ ਸਿੰਘ ਕਾਹਲੋਂ, ਪਰਮਿੰਦਰ ਸਿੰਘ ਥਿੰਦ, ਤੀਰਥ ਸਿੰਘ ਖਾਬੜਾ ਅਤੇ ਮਹਿੰਦਰਪਾਲ ਸਿੰਘ ਸੇਠੀ ਸਮੇਤ ਅਨੇਕਾਂ ਪਤਵੰਤੇ ਹਾਜਰ ਸਨ। ਇਕੱਤਰਤਾ ਦੇ ਅੰਤ ਵਿੱਚ ਸਾਰੀਆਂ ਜਥੇਬੰਦੀਆਂ ਨੇ ਗੁਰੂ ਨਾਨਕ ਜਹਾਜ਼ ਦੇ ਸਹੀ ਇਤਿਹਾਸ ਦੀ ਬਹਾਲੀ ਤੱਕ ਸਾਂਝਾ ਸੰਘਰਸ਼ ਜਾਰੀ ਰੱਖਣ ਦਾ ਪ੍ਰਣ ਲਿਆ।
- Download Babushahi App
-
-