Crime Special: ਝੋਟਾ ਕਤਲਕਾਂਡ: CBI ਦੀ ਐਂਟਰੀ ਮਗਰੋ ਕਈਆਂ ਨੂੰ ਠੰਢ ’ਚ ਆਉਣ ਲੱਗੀਆਂ ਤਰੇਲੀਆਂ
ਅਸ਼ੋਕ ਵਰਮਾ
ਬਠਿੰਡਾ , 21 ਅਕਤੂਬਰ 2026 :ਕੇਂਦਰੀ ਜਾਂਚ ਬਿਊਰੋ ਵੱਲੋਂ ਲੰਘੀ 13 ਅਕਤੂਬਰ ਨੂੰ ਐਂਟੀ ਡਰੱਗ ਟਾਸਕ ਫੋਰਸ ਦੇ ਸੰਚਾਲਕ ਪਰਵਿੰਦਰ ਸਿੰਘ ਝੋਟਾ ਨੂੰ ਕਤਲ ਕਰਨ ਦੇ ਮਾਮਲੇ ’ਚ ਦਰਜ ਐਫਆਈਆਰ ਨੇ ਕਈ ਅਧਿਕਾਰੀਆਂ ਅਤੇ ਪ੍ਰਾਈਵੇਟ ਬੰਦਿਆਂ ਨੂੰ ਸੁੰਨ ਕਰਕੇ ਰੱਖ ਦਿੱਤਾ ਹੈ। ਸੀਬੀਆਈ ਨੇ ਸੰਗੀਨ ਦੋਸ਼ਾਂ ਵਾਲੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਸੰਕੇਤ ਦਿੱਤੇ ਹਨ ਕਿ ਇਸ ਮਾਮਲੇ ’ਚ ਹੁਣ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਏਗਾ ਚਾਹੇ ਉਹ ਕਿੰਨਾਂ ਵੀ ਪ੍ਰਭਾਵਸ਼ਾਲੀ ਕਿਓਂ ਨਾਂ ਹੋਵੇ। ਜਾਣਕਾਰੀ ਅਨੁਸਾਰ ਮਾਮਲਾ ਦਰਜ ਹੁੰਦਿਆਂ ਹੀ ਇਸ ਕਤਲ ਮਾਮਲੇ ’ਚ ਮੁਲਜਮ ਮੈਡੀਕਲ ਸਟੋਰ ਮਾਲਕ ਅਸ਼ਵਨੀ ਕੁਮਾਰ ਦੇ ਕਥਿਤ ਨਜ਼ਦੀਕੀ ਰਹੇ ਕੁੱਝ ਅਧਿਕਾਰੀ ਜਿੰਨ੍ਹਾਂ ’ਚ ਪੁਲਿਸ ਅਫਸਰ ਵੀ ਸ਼ਾਮਲ ਹਨ, ਸਾਹ ਰੋਕਕੇ ਇਸ ਸਮੁੱਚੀ ਸਥਿਤੀ ’ਤੇ ਨਜ਼ਰ ਰੱਖ ਰਹੇ ਹਨ। ਸੀਬੀਆਈ ਵੱਲੋਂ ਹੁਣ ਅਸ਼ਵਨੀ ਕਮਾਰ ਤੋਂ ਇਲਾਵਾ ਇਸ ਕਤਲ ਨਾਲ ਸਿੱਧੇ ਜਾਂ ਅਸਿੱਧੇ ਰੂਪ ’ਚ ਜੁੜੇ ਲੋਕਾਂ ਦੀ ਸ਼ਨਾਖਤ ਕੀਤੀ ਜਾਏਗੀ।
ਕੇਂਦਰੀ ਗ੍ਰ੍ਰਹਿ ਮੰਤਰੀ ਅਮਿਤ ਸ਼ਾਹ ਦੇ ਦੌਰੇ ਤੋਂ ਐਨ ਪਹਿਲਾਂ ਅਤੇ ਦਖਲ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਮਾਮਲਾ ਸੀਬੀਆਈ ਨੂੰ ਸੌਂਪਣ ਕਾਰਨ ਇਹ ਸਪਸ਼ਟ ਹੋ ਗਿਆ ਹੈ ਕਿ ਹੁਣ ਝੋਟਾ ਕਤਲ ਨਾਲ ਜੁੜੇ ਲੋਕਾਂ ਦੀ ਖੈਰ ਨਹੀਂ ਹੈ। ਮਾਨਸਾ ਵਿੱਚ ਪਰਵਿੰਦਰ ਸਿੰਘ ਝੋਟਾ ਕਤਲ ਮਾਮਲੇ ਦੀ ਜਾਂਚ ਲਈ ਸੀਬੀਆਈ ਦੀਆਂ ਤਿੰਨ ਟੀਮਾਂ ਕੰਮ ਕਰ ਰਹੀਆਂ ਹਨ ਜਿੰਨ੍ਹਾਂ ਵੱਲੋਂ ਤੇਜੀ ਨਾਲ ਜਾਂਚ ਕੀਤੀ ਜਾ ਰਹੀ ਹੈ। ਸੀਬੀਆਈ ਟੀਮਾਂ ਮਾਨਸਾ ਵਿੱਚ ਵੱਖ-ਵੱਖ ਥਾਵਾਂ ਤੋਂ ਸਬੂਤ ਇਕੱਠੇ ਕਰਨ ਅਤੇ ਮਾਮਲੇ ਨਾਲ ਸਬੰਧਤ ਜਾਣਕਾਰੀਆਂ ਜੁਟਾਉਣ ਵਿੱਚ ਲੱਗੀਆਂ ਹੋਈਆਂ ਹਨ। ਜਾਣਕਾਰੀ ਅਨੁਸਾਰ, ਸੀ.ਬੀ.ਆਈ. ਦੀ ਫੋਰੈਂਸਿਕ ਟੀਮ ਨੇ ਅਸ਼ਵਨੀ ਕੁਮਾਰ ਦੇ ਮੈਡੀਕਲ ਸਟੋਰ ਤੋਂ ਸੈਂਪਲ ਇਕੱਠੇ ਕੀਤੇ ਹਨ। ਇਸ ਦੇ ਨਾਲ ਹੀ ਘਟਨਾ ਵਾਲੀ ਥਾਂ ਦੇ ਆਸ ਪਾਸ ਸਥਿਤ ਦੁਕਾਨਾਂ ਦੇ ਮਾਲਕਾਂ ਤੋਂ ਵੀ ਬਾਰੀਕੀ ਨਾਲ ਪੁੱਛਗਿੱਛ ਕੀਤੀ ਗਈ ਹੈ, ਤਾਂ ਜੋ ਘਟਨਾ ਨਾਲ ਜੁੜੇ ਅਹਿਮ ਤੱਥ ਸਾਹਮਣੇ ਲਿਆਂਦੇ ਜਾ ਸਕਣ।
ਇਸ ਤੋਂ ਇਲਾਵਾ , ਸੀ.ਬੀ.ਆਈ. ਦੀ ਟੀਮ ਨੇ ਜੁੱਤੀਆਂ ਦੀ ਦੁਕਾਨ ਦਾ ਵੀ ਦੌਰਾ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਪਰਵਿੰਦਰ ਸਿੰਘ ਝੋਟਾ ਆਖ਼ਰੀ ਵਾਰ ਇਸੇ ਇਸ ਦੁਕਾਨ ’ਤੇ ਡਿੱਗੇ ਸਨ। ਇੱਥੇ ਵੀ ਫੋਰੈਂਸਿਕ ਟੀਮ ਨੇ ਸੈਂਪਲ ਇਕੱਠੇ ਕੀਤੇ ਹਨ। ਸੂਤਰ ਦੱਸਦੇ ਹਨ ਕਿ ਸੀਬੀਆਈ ਵੱਲੋਂ ਮੁਲਜ਼ਮ ਅਸ਼ਵਨੀ ਕੁਮਾਰ ਅਸਲੇ ਦੀ ਜਾਂਚ ਵੀ ਕਰੇਗੀ । ਵੇਰਵਿਆਂ ਅਨੁਸਾਰ ਅਸ਼ਵਨੀ ਕੁਮਾਰ ਕੋਲ ਇੱਕ ਪਿਸਟਲ (7.62 ਐੱਮ ਐੱਮ) ਅਤੇ ਇੱਕ ਬਾਰਾਂ ਬੋਰ ਦੀ ਗੰਨ ਸੀ। ਅਸ਼ਵਨੀ ਕੁਮਾਰ ਦੇ ਲਾਇਸੈਂਸ 21 ਅਗਸਤ 2024 ਤੋਂ 20 ਅਗਸਤ 2029 ਤੱਕ ਵੈਲਿਡ ਸਨ। ਮਾਨਸਾ ’ਚ ਆਪਣੀ ਦਵਾਈਆਂ ਦੀ ਦੁਕਾਨ ’ਚ ਪਰਵਿੰਦਰ ਸਿੰਘ ਝੋਟਾ ਦੀ ਹੱਤਿਆ ਕਰਨ ਲਈ ਅਸ਼ਵਨੀ ਨੇ ਲਾਇਸੈਂਸੀ ਹਥਿਆਰ ਦੀ ਵਰਤੋਂ ਕੀਤੀ ਸੀ। ਮਾਨਸਾ ’ਚ ਇਨਸਾਫ ਲਈ ਡਟੀ ਐਕਸ਼ਨ ਕਮੇਟੀ ਪਹਿਲਾਂ ਹੀ ਆਖ ਚੁੱਕੀ ਹੈ ਕਿ ਇੱਕ ਅਧਿਕਾਰੀ ’ਤੇ ਦਬਾਅ ਬਣਾਕੇ ਅਸ਼ਵਨੀ ਕੁਮਾਰ ਨੂੰ ਅਸਲਾ ਲਾਇਸੈਂਸ ਜਾਰੀ ਕਰਾਇਆ ਗਿਆ।
ਹਾਲਾਂਕਿ ਮੁਲਜ਼ਮ ਅਸ਼ਵਨੀ ਕੁਮਾਰ ’ਤੇ ਪੰਜ ਪੁਲੀਸ ਕੇਸ ਦਰਜ ਸਨ ਜਿਨ੍ਹਾਂ ਦੀ ਅਣਦੇਖੀ ਕਰਕੇ ਅਸਲਾ ਲਾਇਸੈਂਸ ਜਾਰੀ ਕਰਨ ਨੂੰ ਪ੍ਰਵਾਨਗੀ ਦਿੱਤੀ ਗਈ। ਆਮ ਤੌਰ ’ਤੇ ਜ਼ਿਲ੍ਹਾ ਮੈਜਿਸਟਰੇਟ ਕਿਸੇ ਵੀ ਉਸ ਵਿਅਕਤੀ ਨੂੰ ਅਸਲਾ ਲਾਇਸੈਂਸ ਜਾਰੀ ਨਹੀਂ ਕਰਦੇ ਜਿਸ ’ਤੇ ਕੋਈ ਪੁਲੀਸ ਕੇਸ ਦਰਜ ਹੁੰਦਾ ਹੈ। ਇੱਥੋਂ ਤੱਕ ਕਿ ਕਈ ਵਾਰ ਅਸਲਾ ਲਾਇਸੈਂਸ ਰੀਨਿਊ ਵੀ ਨਹੀਂ ਕੀਤਾ ਜਾਂਦਾ ਪ੍ਰੰਤੂ ਅਸ਼ਵਨੀ ਕੁਮਾਰ ਵਾਰੀ ਇਹ ਤੱਥ ਨਜ਼ਰਅੰਦਾਜ਼ ਕਰ ਦਿੱਤੇ ਗਏ। ਐਕਸ਼ਨ ਕਮੇਟੀ ਆਗੂ ਆਖਦੇ ਹਨ ਕਿ ਅਸਲਾ ਲਾਇਸੈਂਸ ਦੀ ਸਿਫਾਰਸ਼ ਕਰਨ ਵਾਲੇ ਸਿਆਸੀ ਆਗੂ ਦਾ ਪਤਾ ਲਾਇਆ ਜਾਵੇ। ਇਹੋ ਕਾਰਨ ਹੈ ਕਿ ਸੀਬੀਆਈ ਦੇ ਘੇਰੇ ’ਚ ਉਹ ਸਿਆਸੀ ਆਗੂ ਵੀ ਆਉਣਗੇ ਜਿਨ੍ਹਾਂ ਦੀ ਨੇੜਤਾ ਉਸ ਅਧਿਕਾਰੀ ਨਾਲ ਰਹੀ ਹੈ ਜਿਸ ਨੇ ਅਸ਼ਵਨੀ ਕੁਮਾਰ ਨੂੰ ਲਾਈਸੈਂਸ ਜਾਰੀ ਕਰਨ ’ਚ ਅਹਿਮ ਭੂਮਿਕਾ ਨਿਭਾਈ ਸੀ। ਸੂਤਰ ਆਖਦੇ ਹਨ ਕਿ ਅਸਲੇ ਦੇ ਇਸ ਚੱਕਰਵਿਊ ’ਚ ਦੋ ਤਿੰਨ ਸਿਆਸੀ ਆਗੂ ਫਸ ਸਕਦੇ ਹਨ।
ਸੂਤਰਾਂ ਮੁਤਾਬਕ ਸੀਬੀਆਈ ਇਸ ਮਾਮਲੇ ਦੀ ਸਾਜਿਸ਼ ਦੇ ਪਹਿਲੂ ਤੋਂ ਵੀ ਜਾਂਚ ਕਰ ਰਹੀ ਹੈ। ਪੁਲੀਸ ਜਾਂਚ ’ਚ ਵੀ ਇਹੀ ਸਾਹਮਣੇ ਆਇਆ ਸੀ ਕਿ ਅਸ਼ਵਨੀ ਦੋ ਸਾਲ ਤੋਂ ਝੋਟਾ ਨੂੰ ਮਾਰਨ ਦੀ ਫਿਰਾਕ ਵਿੱਚ ਸੀ ਜਿਸ ਲਈ ਉਹ ਅਸਲਾ ਆਪਣੇ ਕੋਲ ਰੱਖਦਾ ਸੀ। ਪੁਲਿਸ ਅਨੁਸਾਰ ਅਸ਼ਵਨੀ ਆਪਣੀ ਪਤਨੀ ਨੂੰ ਕਹਿੰਦਾ ਸੀ ਇਸ ਬੰਦੇ ਨੇ ਉਸ ਨੂੰ ਬਹੁਤ ਤੰਗ ਕੀਤਾ ਹੋਇਆ ਹੈ , ਹੁਣ ਉਸ ਤੋਂ ਹੋਰ ਬਰਦਾਸ਼ਤ ਨਹੀਂ ਹੁੰਦਾ । ਸਾਲ 2023 ’ਚ ਝੋਟੇ ਵੱਲੋਂ ਛਿੱਤਰਾਂ ਦਾ ਹਾਰ ਪਾ ਕੇ ਸ਼ਹਿਰ ਵਿੱਚ ਘੁੰਮਾਉਣ ਕਰਕੇ ਅਸ਼ਵਨੀ ਖੁਦ ਨੂੰ ਬੇਇੱਜ਼ਤ ਮਹਿਸੂਸ ਕਰਦਾ ਸੀ। ਪੁਲੀਸ ਅਨੁਸਾਰ ਅਸ਼ਵਨੀ ਦੀ ਪਤਨੀ ਨੀਲਮ ਰਾਣੀ ਉਸ ਦੀ ਸਾਜ਼ਿਸ਼ ਤੋਂ ਜਾਣੂੰ ਸੀ ਪਰ ਉਸ ਨੇ ਪੁਲੀਸ ਨੂੰ ਇਸ ਦੀ ਜਾਣਕਾਰੀ ਨਹੀਂ ਦਿੱਤੀ ਤੇ ਨਾ ਹੀ ਆਪਣੇ ਪਤੀ ਨੂੰ ਰੋਕਿਆ। ਇਸ ਕਰਕੇ ਉਸ ਨੂੰ ਵੀ ਇਸ ਮਾਮਲੇ ਦੀ ਸਾਜ਼ਿਸ਼ ਵਿੱਚ ਸ਼ਾਮਲ ਕੀਤਾ ਗਿਆ ਹੈ।
- Download Babushahi App
-
-