ਮਰਨ ਤੋਂ ਬਾਅਦ ਦੇਹਦਾਨੀ ਪਤੀ-ਪਤਨੀ ਜੋੜੇ ਦੀ ਪਹਿਲ ਪ੍ਰੇਰਨਾਦਾਇਕ: ਸਿਵਲ ਸਰਜਨ
ਪ੍ਰਮੋਦ ਭਾਰਤੀ
ਨਵਾਂਸ਼ਹਿਰ, 22 ਅਕਤੂਬਰ 2026: ਮਨੁੱਖਤਾ ਦੀ ਸੇਵਾ ਲਈ ਕੀਤਾ ਗਿਆ ਸੰਕਲਪ ਜੀਵਨ ਤੋਂ ਬਾਅਦ ਵੀ ਸਮਾਜ ਦੇ ਕੰਮ ਆ ਸਕਦਾ ਹੈ। ਮਰਨ ਉਪਰੰਤ ਦੇਹਦਾਨ ਇੱਕ ਅਜਿਹਾ ਉੱਤਮ ਉਪਰਾਲਾ ਹੈ, ਜਿਸ ਰਾਹੀਂ ਮੈਡੀਕਲ ਸਿੱਖਿਆ, ਵਿਗਿਆਨਕ ਖੋਜ ਅਤੇ ਭਵਿੱਖ ਦੇ ਡਾਕਟਰਾਂ ਦੀ ਸਿਖਲਾਈ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਜਾ ਸਕਦਾ ਹੈ। ਇਹ ਪ੍ਰਗਟਾਵਾ ਸਿਵਲ ਸਰਜਨ ਸ਼ਹੀਦ ਭਗਤ ਸਿੰਘ ਨਗਰ ਡਾ. ਅਮਨ ਸੂਦ ਨੇ ਪਿੰਡ ਊਦੋਵਾਲ ਦੇ ਦੇਹਦਾਨੀ ਪਤੀ-ਪਤਨੀ ਜੋੜੇ ਦੀ ਪਹਿਲ ਦੀ ਸ਼ਲਾਘਾ ਕਰਦਿਆਂ ਕੀਤਾ।
ਉਨ੍ਹਾਂ ਕਿਹਾ ਕਿ ਸੇਵਾਮੁਕਤ ਫੌਜੀ ਨਾਇਕ ਤਰਸੇਮ ਸਿੰਘ ਪੁੱਤਰ ਸ੍ਰੀ ਅਮਰਚੰਦ ਅਤੇ ਉਨ੍ਹਾਂ ਦੀ ਪਤਨੀ ਸ੍ਰੀਮਤੀ ਕੁਲਵਿੰਦਰ ਕੌਰ ਵੱਲੋਂ ਮਰਨ ਉਪਰੰਤ ਦੇਹਦਾਨ ਕਰਨ ਦਾ ਸੰਕਲਪ ਲੈਣਾ ਸਮਾਜ ਲਈ ਪ੍ਰੇਰਨਾਦਾਇਕ ਹੈ। ਦੇਸ਼ ਦੀ ਸੇਵਾ ਕਰ ਚੁੱਕੇ ਸੇਵਾਮੁਕਤ ਫੌਜੀ ਵੱਲੋਂ ਮਨੁੱਖਤਾ ਦੀ ਭਲਾਈ ਲਈ ਅਜਿਹਾ ਕਦਮ ਚੁੱਕਣਾ ਸੇਵਾ-ਭਾਵਨਾ ਦੀ ਉੱਤਮ ਮਿਸਾਲ ਹੈ।
ਸਿਵਲ ਸਰਜਨ ਡਾ. ਅਮਨ ਸੂਦ ਨੇ ਕਿਹਾ ਕਿ ਮਨੁੱਖੀ ਦੇਹ ਮੈਡੀਕਲ ਵਿਦਿਆਰਥੀਆਂ ਨੂੰ ਸਰੀਰ ਦੀ ਬਣਤਰ ਅਤੇ ਵੱਖ-ਵੱਖ ਅੰਗਾਂ ਦੀ ਕਾਰਜਪ੍ਰਣਾਲੀ ਨੂੰ ਵਿਹਾਰਕ ਢੰਗ ਨਾਲ ਸਮਝਣ ਵਿੱਚ ਸਹਾਇਤਾ ਕਰਦੀ ਹੈ। ਇਸ ਨਾਲ ਡਾਕਟਰੀ ਸਿੱਖਿਆ ਅਤੇ ਖੋਜ ਨੂੰ ਮਜ਼ਬੂਤੀ ਮਿਲਦੀ ਹੈ ਅਤੇ ਭਵਿੱਖ ਵਿੱਚ ਮਰੀਜ਼ਾਂ ਦੀ ਬਿਹਤਰ ਦੇਖਭਾਲ ਲਈ ਡਾਕਟਰਾਂ ਦੀ ਸਿਖਲਾਈ ਵਿੱਚ ਯੋਗਦਾਨ ਪੈਂਦਾ ਹੈ। ਉਨ੍ਹਾਂ ਕਿਹਾ ਕਿ ਦੇਹਦਾਨ ਬਾਰੇ ਸਮਾਜ ਵਿੱਚ ਜਾਗਰੂਕਤਾ ਫੈਲਾਉਣਾ ਅਤੇ ਲੋਕਾਂ ਨੂੰ ਇਸ ਦੀ ਮਹੱਤਤਾ ਸਮਝਾਉਣਾ ਸਮੇਂ ਦੀ ਲੋੜ ਹੈ।
ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਦੇਹਦਾਨ ਵਰਗੇ ਮਨੁੱਖਤਾ-ਭਲਾਈ ਦੇ ਕਾਰਜਾਂ ਬਾਰੇ ਜਾਣਕਾਰੀ ਪ੍ਰਾਪਤ ਕਰਨ, ਆਪਣੇ ਪਰਿਵਾਰਕ ਮੈਂਬਰਾਂ ਨਾਲ ਇਸ ਸਬੰਧੀ ਵਿਚਾਰ-ਵਟਾਂਦਰਾ ਕਰਨ ਅਤੇ ਇੱਛੁਕ ਹੋਣ ਦੀ ਸੂਰਤ ਵਿੱਚ ਸਬੰਧਤ ਮੈਡੀਕਲ ਸੰਸਥਾ ਦੀ ਨਿਰਧਾਰਤ ਪ੍ਰਕਿਰਿਆ ਅਨੁਸਾਰ ਰਜਿਸਟ੍ਰੇਸ਼ਨ ਕਰਵਾਉਣ।
ਇਸ ਮੌਕੇ ਦੋਆਬਾ ਸੇਵਾ ਸਮਿਤੀ, ਨਵਾਂਸ਼ਹਿਰ ਦੇ ਜਨਰਲ ਸਕੱਤਰ ਸ੍ਰੀ ਰਤਨ ਕੁਮਾਰ ਜੈਨ ਨੇ ਦੱਸਿਆ ਕਿ ਸਮਿਤੀ ਵੱਲੋਂ ਹੁਣ ਤੱਕ 153 ਵਿਅਕਤੀਆਂ ਨੂੰ ਮਰਨ ਉਪਰੰਤ ਦੇਹਦਾਨ ਲਈ ਪ੍ਰੇਰਿਤ ਕੀਤਾ ਜਾ ਚੁੱਕਾ ਹੈ। ਸਮਿਤੀ ਵੱਲੋਂ ਦੇਹਦਾਨ ਕਰਨ ਦੇ ਇੱਛੁਕ ਵਿਅਕਤੀਆਂ ਦੇ ਫਾਰਮ ਭਰਵਾਉਣ ਅਤੇ ਸਬੰਧਤ ਮੈਡੀਕਲ ਸੰਸਥਾਵਾਂ ਤੱਕ ਪਹੁੰਚਾਉਣ ਵਿੱਚ ਸਹਿਯੋਗ ਦਿੱਤਾ ਜਾਂਦਾ ਹੈ, ਤਾਂ ਜੋ ਨਿਰਧਾਰਤ ਪ੍ਰਕਿਰਿਆ ਅਨੁਸਾਰ ਰਜਿਸਟ੍ਰੇਸ਼ਨ ਕਰਵਾਈ ਜਾ ਸਕੇ। ਉਨ੍ਹਾਂ ਕਿਹਾ ਕਿ ਦੇਹਦਾਨ ਸਬੰਧੀ ਜਾਗਰੂਕਤਾ ਫੈਲਾਉਣਾ ਸਮਾਜ ਪ੍ਰਤੀ ਅਹਿਮ ਜ਼ਿੰਮੇਵਾਰੀ ਹੈ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਨੇਕ ਕਾਰਜ ਦੀ ਮਹੱਤਤਾ ਨੂੰ ਸਮਝਣ ਅਤੇ ਹੋਰਨਾਂ ਨੂੰ ਵੀ ਦੇਹਦਾਨ ਲਈ ਪ੍ਰੇਰਿਤ ਕਰਨ, ਤਾਂ ਜੋ ਮਨੁੱਖੀ ਦੇਹ ਮੈਡੀਕਲ ਸਿੱਖਿਆ ਅਤੇ ਖੋਜ ਦੇ ਕੰਮ ਆ ਸਕੇ ਅਤੇ ਮੌਤ ਤੋਂ ਬਾਅਦ ਵੀ ਮਨੁੱਖਤਾ ਦੀ ਸੇਵਾ ਜਾਰੀ ਰਹੇ। ਉਨ੍ਹਾਂ ਇਹ ਵੀ ਦੱਸਿਆ ਕਿ ਦੇਹਦਾਨੀ ਜੋੜੇ ਦੇ ਪੁੱਤਰ ਸ੍ਰੀ ਹਰਕੰਵਲਜੀਤ ਸਿੰਘ, ਧੀਆਂ ਸ੍ਰੀਮਤੀ ਬਲਜਿੰਦਰ ਕੌਰ ਅਤੇ ਸ੍ਰੀਮਤੀ ਪਵਨਦੀਪ ਕੌਰ ਅਤੇ ਭਰਾ ਸ੍ਰੀ ਜਸਪਾਲ ਸਿੰਘ ਦੀ ਸਹਿਮਤੀ ਨਾਲ ਇਹ ਸੰਕਲਪ ਲਿਆ ਗਿਆ। ਪਰਿਵਾਰ ਵੱਲੋਂ ਇਸ ਨੇਕ ਕਾਰਜ ਲਈ ਸਹਿਮਤੀ ਦੇਣਾ ਵੀ ਸਮਾਜਿਕ ਜਾਗਰੂਕਤਾ ਅਤੇ ਮਨੁੱਖਤਾ ਪ੍ਰਤੀ ਸਮਰਪਣ ਦੀ ਭਾਵਨਾ ਨੂੰ ਦਰਸਾਉਂਦਾ ਹੈ।
ਇਸ ਮੌਕੇ ਕੈਪਟਨ ਸਤਨਾਮ ਸਿੰਘ, ਸੇਵਾਮੁਕਤ ਸੁਪਰਡੈਂਟ ਸ੍ਰੀ ਅਸ਼ੋਕ ਸ਼ਰਮਾ, ਸ੍ਰੀ ਜਗਜੀਤ ਰਾਏ ਅਤੇ ਸ੍ਰੀ ਗੁਰਮੀਤ ਰਾਮ ਹਾਜ਼ਰ ਸਨ। ਬਲਾਕ ਸੰਮਤੀ ਮੈਂਬਰ ਸ੍ਰੀ ਰਾਕੇਸ਼ ਕੁਮਾਰ ਅਤੇ ਸ੍ਰੀ ਰਾਮ ਲੁਭਾਇਆ ਨੇ ਇਸ ਮੌਕੇ ਗਵਾਹ ਵਜੋਂ ਦਸਤਖ਼ਤ ਕੀਤੇ।
- Download Babushahi App
-
-