PM ਮੋਦੀ ਅਤੇ ਭਾਜਪਾ ਸਰਕਾਰ ਦਾ ਗਲਾ ਘੁੱਟਣ ਦਾ ਕੋਈ ਮੌਕਾ ਨਹੀਂ ਛੱਡ ਰਹੀ, ਪੈਰਿਸ ਤੋਂ ਵਾਪਸੀ 'ਤੇ CM ਮਾਨ ਦਾ ਅਪਮਾਨ ਕੀਤਾ ਗਿਆ: ਬਲਤੇਜ ਪੰਨੂ
ਪੰਜਾਬ ਦੇ ਮੁੱਖ ਮੰਤਰੀ ਨੂੰ ਦਿੱਲੀ ਹਵਾਈ ਅੱਡੇ 'ਤੇ 3 ਘੰਟੇ ਰੋਕਿਆ ਗਿਆ, ਫਿਰ ਉੱਪਰੋਂ ਦਬਾਅ ਤਹਿਤ ਬੇਤੁਕਾ 50,000 ਰੁਪਏ ਦਾ ਚਲਾਨ ਕੱਟਿਆ ਗਿਆ: ਬਲਤੇਜ ਪੰਨੂ
ਦਿੱਲੀ ਦੀਆਂ ਸਰਹੱਦਾਂ 'ਤੇ ਕਿਸਾਨਾਂ ਨੂੰ 18 ਮਹੀਨੇ ਰੱਖਣ ਤੋਂ ਲੈ ਕੇ ਪੰਜਾਬ ਦਾ ਫੰਡ ਰੋਕਣ ਤੱਕ, ਕੇਂਦਰ ਨੇ ਹਰ ਮੌਕੇ 'ਤੇ ਪੰਜਾਬ ਦਾ ਗਲਾ ਘੁੱਟਣ ਦੀ ਕੋਸ਼ਿਸ਼ ਕੀਤੀ ਹੈ: ਬਲਤੇਜ ਪੰਨੂ
ਮੋਦੀ ਸਰਕਾਰ ਨੂੰ ਡਰ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੰਜਾਬ ਵਿੱਚ ਨਿਵੇਸ਼ ਲੈ ਕੇ ਆਉਣਗੇ, ਇਸ ਲਈ ਉਨ੍ਹਾਂ ਨੂੰ ਵਿਦੇਸ਼ ਦੌਰੇ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ: ਬਲਤੇਜ ਪੰਨੂ
ਮੋਦੀ ਸਰਕਾਰ ਨਹੀਂ ਚਾਹੁੰਦੀ ਕਿ ਪੰਜਾਬ ਤਰੱਕੀ ਕਰੇ ਜਾਂ ਇਸਦਾ ਕੋਈ ਅਜਿਹਾ ਮੁੱਖ ਮੰਤਰੀ ਹੋਵੇ ਜੋ ਆਪਣੇ ਲੋਕਾਂ ਲਈ ਕੰਮ ਕਰੇ: ਬਲਤੇਜ ਪੰਨੂ
ਚੰਡੀਗੜ੍ਹ 20 ਅਕਤੂਬਰ, 2026:
ਚੰਡੀਗੜ੍ਹ, 20 ਅਕਤੂਬਰ
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਕੇਂਦਰ ਦੀ ਮੋਦੀ ਸਰਕਾਰ ਦੀਆਂ ਪੰਜਾਬ-ਵਿਰੋਧੀ ਚਾਲਾਂ ਦਾ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਉਨ੍ਹਾਂ ਦੀ ਸਰਕਾਰ ਪੰਜਾਬ ਅਤੇ ਪੰਜਾਬੀਅਤ ਨੂੰ ਨੀਵਾਂ ਦਿਖਾਉਣ ਦਾ ਕੋਈ ਵੀ ਮੌਕਾ ਹੱਥੋਂ ਨਹੀਂ ਜਾਣ ਦਿੰਦੇ। ਪੰਨੂ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੈਰਿਸ ਤੋਂ ਵਾਪਸੀ 'ਤੇ ਦਿੱਲੀ ਏਅਰਪੋਰਟ ਉੱਤੇ ਤਿੰਨ ਘੰਟੇ ਜਾਣ-ਬੁੱਝ ਕੇ ਰੋਕੀ ਰੱਖਿਆ ਗਿਆ ਅਤੇ ਉਸ ਤੋਂ ਬਾਅਦ 50,000 ਰੁਪਏ ਦਾ ਬੇਤੁਕਾ ਚਲਾਨ ਵੀ ਕੱਟ ਦਿੱਤਾ ਗਿਆ, ਜੋ ਕਿ ਪੰਜਾਬ ਦੀ ਹੋਂਦ ਤੇ ਸਨਮਾਨ ਉੱਤੇ ਸਿੱਧਾ ਹਮਲਾ ਹੈ।
ਬਲਤੇਜ ਪੰਨੂ ਨੇ ਕੇਂਦਰ ਸਰਕਾਰ ਦੀਆਂ ਪੰਜਾਬ-ਵਿਰੋਧੀ ਨੀਤੀਆਂ ਦੀ ਫ਼ਹਿਰਿਸਤ ਗਿਣਾਉਂਦਿਆਂ ਕਿਹਾ ਕਿ ਭਾਵੇਂ ਦਿੱਲੀ ਦੀਆਂ ਸਰਹੱਦਾਂ 'ਤੇ ਡੇਢ ਸਾਲ ਤੱਕ ਕਿਸਾਨਾਂ ਨੂੰ ਧੱਕੇ ਨਾਲ ਬਿਠਾ ਕੇ ਰੱਖਣਾ ਹੋਵੇ, ਭਾਵੇਂ ਪੰਜਾਬ ਦੇ ਹੱਕ ਦੇ ਫੰਡ ਰੋਕ ਕੇ ਰੱਖਣੇ ਹੋਣ, ਕੇਂਦਰ ਸਰਕਾਰ ਹਰ ਪੱਧਰ 'ਤੇ ਪੰਜਾਬ ਦਾ ਗਲ਼ ਘੁੱਟਣ ਦੀ ਕੋਸ਼ਿਸ਼ ਕਰਦੀ ਰਹੀ ਹੈ।
ਪੰਨੂ ਨੇ ਕਿਹਾ ਕਿ ਹੁਣ ਤੱਕ ਘੱਟੋ-ਘੱਟ ਚਾਰ ਵਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵਿਦੇਸ਼ ਯਾਤਰਾ ਦੀ ਇਜਾਜ਼ਤ ਇਸ ਲਈ ਨਹੀਂ ਦਿੱਤੀ ਗਈ ਕਿਉਂਕਿ ਮੋਦੀ ਸਰਕਾਰ ਨੂੰ ਡਰ ਹੈ ਕਿ ਜੇ ਮੁੱਖ ਮੰਤਰੀ ਵਿਦੇਸ਼ ਗਏ ਤਾਂ ਉੱਥੋਂ ਨਿਵੇਸ਼ ਤੇ ਫੰਡ ਲੈ ਕੇ ਪੰਜਾਬ ਨੂੰ ਤਰੱਕੀ ਦੀ ਰਾਹ 'ਤੇ ਲੈ ਜਾਣਗੇ।
ਪੰਨੂ ਨੇ ਦੱਸਿਆ ਕਿ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ-ਹਰਿਆਣਾ ਹਾਈ ਕੋਰਟ ਦੇ ਹੁਕਮਾਂ ਅਨੁਸਾਰ ਪੈਰਿਸ (ਫ਼ਰਾਂਸ) ਦੀ ਯਾਤਰਾ ਕੀਤੀ, ਜਿੱਥੇ ਉਹ ਵਿਸ਼ਵ ਦੇ ਦੂਜੇ ਸਭ ਤੋਂ ਵੱਡੇ ਫੂਡ ਫੈਸਟੀਵਲ ਵਿੱਚ ਪੰਜਾਬ ਦੇ ਮਸ਼ਹੂਰ ਰਾਜਮਾ ਤੇ ਚਿੱਟੇ ਛੋਲਿਆਂ ਵਰਗੇ ਪ੍ਰੋਡਕਟ ਲਾਂਚ ਕਰਨ ਗਏ ਸਨ, ਤਾਂ ਉੱਥੇ ਵੀ ਕੇਂਦਰ ਸਰਕਾਰ ਨੇ ਆਪਣੀ ਤੰਗ-ਨਜ਼ਰੀ ਦਾ ਸਬੂਤ ਦਿੱਤਾ। ਮਾਣਯੋਗ ਹਾਈ ਕੋਰਟ ਨੇ ਸਪੱਸ਼ਟ ਹੁਕਮ ਦਿੱਤੇ ਸਨ ਕਿ ਸੀਐਮ ਭਗਵੰਤ ਮਾਨ ਨੂੰ ਉਨ੍ਹਾਂ ਦਾ ਬਣਦਾ ਪ੍ਰੋਟੋਕੋਲ ਦਿੱਤਾ ਜਾਵੇ, ਪਰ ਕੇਂਦਰ ਦੀ ਬਦਨੀਅਤੀ ਦੇਖੋ ਕਿ ਪੈਰਿਸ ਵਿੱਚ ਕੌਂਸਲੇਟ ਜਨਰਲ ਤੱਕ ਮੁੱਖ ਮੰਤਰੀ ਸਾਹਿਬ ਨੂੰ ਮਿਲਣ ਨਹੀਂ ਆਇਆ।
ਪੰਨੂ ਨੇ ਕਿਹਾ ਕਿ ਕੇਂਦਰ ਸਰਕਾਰ ਦੀ ਖਿੱਝ ਤੇ ਜ਼ਲਾਲਤ ਇੱਥੇ ਹੀ ਨਹੀਂ ਰੁਕੀ। ਜਦੋਂ ਮੁੱਖ ਮੰਤਰੀ ਭਗਵੰਤ ਮਾਨ ਪੈਰਿਸ ਤੋਂ ਵਾਪਸ ਆ ਕੇ ਦਿੱਲੀ ਏਅਰਪੋਰਟ 'ਤੇ ਪੁੱਜੇ ਤਾਂ ਉਨ੍ਹਾਂ ਨੂੰ ਜਾਣ-ਬੁੱਝ ਕੇ ਤਿੰਨ ਘੰਟੇ ਰੋਕ ਕੇ ਰੱਖਿਆ ਗਿਆ। ਬਹਾਨੇਬਾਜ਼ੀ ਇਹ ਕੀਤੀ ਗਈ ਕਿ "ਤੁਹਾਡਾ ਸਮਾਨ ਅਜੇ ਆ ਰਿਹਾ ਹੈ", "ਤੁਹਾਡਾ ਸਮਾਨ ਅਜੇ ਚੈੱਕ ਕੀਤਾ ਜਾ ਰਿਹਾ ਹੈ" ਜਿਹੜੀ ਕਿ ਸਰਾਸਰ ਝੂਠ ਤੇ ਪੰਜਾਬ ਦੀ ਤੌਹੀਨ ਹੈ।
ਪੰਨੂ ਨੇ ਦੱਸਿਆ ਕਿ ਤਿੰਨ ਘੰਟਿਆਂ ਬਾਅਦ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਾਣ ਦਿੱਤਾ ਗਿਆ ਤੇ ਸਮਾਨ ਗੱਡੀ ਵਿੱਚ ਰੱਖ ਕੇ ਜਾਣ ਲੱਗੇ ਤਾਂ ਉਸੇ ਸਮੇਂ ਅਫ਼ਸਰ ਪਿੱਛੇ ਦੌੜ ਕੇ ਆਏ ਅਤੇ ਕਿਹਾ ਕਿ ਉਨ੍ਹਾਂ ਉੱਤੇ "ਉੱਪਰੋਂ ਬਹੁਤ ਪ੍ਰੈਸ਼ਰ" ਹੈ ਤੇ 50,000 ਰੁਪਏ ਦਾ ਚਲਾਨ ਕੱਟ ਦਿੱਤਾ ਗਿਆ। ਇਹ ਗੱਲ ਖ਼ੁਦ ਅਫ਼ਸਰਾਂ ਨੇ ਮੰਨੀ ਕਿ ਉਨ੍ਹਾਂ ਉੱਤੇ ਦਬਾਅ ਹੈ, ਜੋ ਸਾਬਤ ਕਰਦਾ ਹੈ ਕਿ ਇਹ ਸਭ ਕੁਝ ਉੱਪਰੋਂ ਆਏ ਹੁਕਮਾਂ ਤਹਿਤ ਕੀਤਾ ਗਿਆ।
ਬਲਤੇਜ ਪੰਨੂ ਨੇ ਸਵਾਲ ਖੜ੍ਹਾ ਕਰਦਿਆਂ ਕਿਹਾ ਕਿ ਕੀ ਅੱਜ ਤੱਕ ਭਾਰਤ ਦੇ ਕਿਸੇ ਸੂਬੇ ਦੇ ਮੁੱਖ ਮੰਤਰੀ ਨੂੰ ਇਸ ਤਰ੍ਹਾਂ ਏਅਰਪੋਰਟ 'ਤੇ ਤਿੰਨ ਘੰਟੇ ਰੋਕੀ ਰੱਖਿਆ ਗਿਆ ਹੈ? ਕੀ ਅੱਜ ਤੱਕ ਕਿਸੇ ਸੂਬੇ ਦੇ ਮੁੱਖ ਮੰਤਰੀ ਨੂੰ 50,000 ਰੁਪਏ ਦਾ ਚਲਾਨ ਕੱਟ ਕੇ ਜ਼ਲੀਲ ਕੀਤਾ ਗਿਆ ਹੈ? ਇਹ ਸਿਰਫ਼ ਤੇ ਸਿਰਫ਼ ਇਸ ਕਰਕੇ ਹੋ ਰਿਹਾ ਹੈ ਕਿ ਭਗਵੰਤ ਮਾਨ ਪੰਜਾਬੀ ਹਨ, ਪੰਜਾਬ ਦੇ ਮੁੱਖ ਮੰਤਰੀ ਹਨ ਤੇ ਪੰਜਾਬ ਦੀ ਬਿਹਤਰੀ ਲਈ ਦਿਨ-ਰਾਤ ਮਿਹਨਤ ਕਰ ਰਹੇ ਹਨ।
ਪੰਨੂ ਨੇ ਤਿੱਖੇ ਸ਼ਬਦਾਂ ਵਿੱਚ ਕਿਹਾ ਕਿ ਮੋਦੀ ਸਰਕਾਰ ਪੰਜਾਬ ਦੀ ਤਰੱਕੀ ਤੋਂ ਖ਼ੌਫ਼ਜ਼ਦਾ ਹੈ। ਕੇਂਦਰ ਸਰਕਾਰ ਨਹੀਂ ਚਾਹੁੰਦੀ ਕਿ ਪੰਜਾਬ ਕਿਸੇ ਵੀ ਮਾਮਲੇ ਵਿੱਚ ਤਰੱਕੀ ਕਰੇ, ਪੰਜਾਬ ਦਾ ਭਲਾ ਸੋਚਣ ਵਾਲਾ ਕੋਈ ਮੁੱਖ ਮੰਤਰੀ ਪੰਜਾਬੀਆਂ ਨੂੰ ਮਿਲੇ। ਕੇਂਦਰ ਸਰਕਾਰ ਹਰ ਤਰ੍ਹਾਂ ਦੇ ਅੜਿੱਕੇ ਡਾਹ ਰਹੀ ਹੈ, ਹਰ ਤਰ੍ਹਾਂ ਦੀਆਂ ਰੁਕਾਵਟਾਂ ਖੜ੍ਹੀਆਂ ਕਰ ਰਹੀ ਹੈ, ਪਰ ਪੰਜਾਬ ਦੀ ਜ਼ਮੀਰ ਨੂੰ ਕੋਈ ਦਬਾ ਨਹੀਂ ਸਕਦਾ।
- Download Babushahi App
-
-