ਇਉਂ ਦੇਖਿਆ ਮੈਂ ਮੋਹਨ ਸਿੰਘ ਮੇਲਾ
-ਗੁਰਮੀਤ ਸਿੰਘ ਖੁੱਡੀਆਂ
ਅਕਤੂਬਰ ਦੇ ਮਹੀਨੇ ਮੋਹਨ ਸਿੰਘ ਦਾ ਮੇਲਾ ਬੜਾ ਯਾਦ ਆਉਂਦਾ ਹੈ। ਇਹ ਗੱਲ 1996 ਦੇ ਸਾਲ ਦੀ ਹੋਵੇਗੀ ਤੇ ਅਕਤੂਬਰ ਦਾ ਹੀ ਮਹੀਨਾ ਸੀ। ਲੁਧਿਆਣੇ ਪੰਜਾਬੀ ਭਵਨ ਵਿਚ ਲੱਗਣ ਵਾਲੇ ਪ੍ਰੋ ਮੋਹਨ ਸਿੰਘ ਮੇਲੇ ਤੇ ਕਲਾਕਾਰਾਂ ਦੇ ਸਾਂਝੇ ਬਾਪੂ ਜਗਦੇਵ ਸਿੰਘ ਜੱਸੋਵਾਲ ਦੀ ਪੂਰੀ ਧੁੰਮ ਪੈਂਦੀ ਹੁੰਦੀ ਸੀ। ਮੇਰੇ ਕੁਝ ਦੋਸਤ ਆਖਣ ਲੱਗੇ ਕਿ ਬਾਈ ਗੁਰਮੀਤ, ਆਪਾਂ ਏਸ ਵਾਰੀ ਮੋਹਨ ਸਿੰਘ ਦੇ ਮੇਲੇ ਉਤੇ ਗਾਇਕਾਂ ਨੂੰ ਸੁਣਨ ਜਾਣਾ ਐ। ਮੇਰੇ ਕੋਲ ਉਦੋਂ ਜੀਪ ਹੁੰਦੀ ਸੀ, ਜੇਬਾਂ ਵੀ ਤੰਗ ਹੀ ਸਨ, ਸੋ ਅਸੀਂ ਤਿੰਨ ਦੋਸਤ ਜੀਪ ਵਿੱਚ ਬੈਠਕੇ ਲੁਧਿਆਣੇ ਦੇ ਪੰਜਾਬੀ ਭਵਨ ਪਹੁੰਚ ਗਏ। ਸਾਡਾ ਪ੍ਰੋਗਰਾਮ ਸੀ ਕਿ ਗਾਇਕਾਂ ਨੂੰ ਸੁਣਾਂਗੇ, ਮੇਲਾ ਵੇਖਾਂਗੇ, ਕਿਸੇ ਆਮ ਜਿਹੇ ਢਾਬੇ ਤੋਂ ਰੋਟੀ ਖਾਵਾਂਗੇ ਤੇ ਮੇਲੇ ਦੇ ਗਰਾਊਂਡ ਵਿਚ ਪਈ ਪਰਾਲੀ ਉਤੇ ਸੌਂ ਕੇ ਰਾਤ ਕੱਟ ਲਵਾਂਗੇ। ਅਸੀਂ ਲੋਈਆਂ ਤੇ ਖੇਸ ਵੀ ਨਾਲ ਲੈ ਕੇ ਗਏ ਸਾਂ। ਜਦ ਮੇਲੇ ਵਿੱਚ ਵੜੇ, ਤਾਂ ਦੇਖਿਆ ਕਿ ਇਕੱਠ ਬਹੁਤ ਜਿਆਦਾ ਸੀ, ਤਿੱਲ ਸੁੱਟਣ ਨੂੰ ਥਾਂ ਨਾ ਲੱਭੇ ਵਾਲੀ ਗੱਲ ਹੋਈ ਪਈ ਸੀ। ਅਸੀਂ ਜਾ ਕੇ ਸਰੋਤਿਆਂ ਵਿਚ ਬੈਠ ਗਏ। ਦੋ ਮੁੰਡੇ ਗਾ ਰਹੇ ਸੀ, ਉਨਾਂ ਦਾ ਨਾਂ ਭੁੱਲ ਗਿਆ ਹਨ, ਤੇ ਗੁਰਭਜਨ ਗਿੱਲ ਸਟੇਜ ਸੈਕਟਰੀ ਸੀ, ਸਾਡਾ ਇਕ ਮਿੱਤਰ ਜਸਵੰਤ ਸਿੰਘ ਛਾਪਾ ਵੀ ਮੇਲੇ ਵਿਚ ਪ੍ਰਬੰਧਕ ਸੀ ਤੇ ਉਸਦੇ ਪਿਤਾ ਜੀ ਟਕਸਾਲੀ ਅਕਾਲੀ ਆਗੂ ਉਜਾਗਰ ਸਿੰਘ ਛਾਪਾ ਮੇਰੇ ਪਿਤਾ ਜੀ ਜਥੇਦਾਰ ਜਗਦੇਵ ਸਿੰਘ ਖੁੱਡੀਆਂ ਦੇ ਨਾਲ ਇਕੱਠੇ ਰਹੇ ਸਨ, ਛਾਪੇ ਨੇ ਮੈਨੂੰ ਮੇਲੇ ਵਿਚ ਆਇਆਂ ਦੇਖਕੇ ਗੁਰਭਜਨ ਜੀ ਨੂੰ ਦੱਸ ਦਿੱਤਾ ਤੇ ਉਨਾਂ ਨੇ ਸਟੇਜ ਉਤੋਂ ਬੋਲਿਆ ਕਿ ਸਾਡੇ ਕੋਲ ਸਾਬਕਾ ਮੈਂਬਰ ਪਾਰਲੀਮੈਂਟ ਤੇ ਇਮਾਨਦਾਰ ਆਗੂ ਜਥੇਦਾਰ ਖੁੱਡੀਆਂ ਜੀ ਦੇ ਬੇਟੇ ਗੁਰਮੀਤ ਸਿੰਘ ਖੁਡੀਆਂ ਪੁੱਜੇ ਹੋਏ ਨੇ, ਉਹ ਸਟੇਜ ਉਤੇ ਆਉਣ ਤੇ ਕਲਾਕਾਰਾਂ ਦਾ ਸਨਮਾਨ ਕਰਨ, ਮੈਂ ਸੰਗਦਾ ਸੰਗਦਾ ਸਟੇਜ ਉਤੇ ਗਿਆ ਤਾ ਮੈਥੋਂ ਕਲਾਕਾਰ ਸਨਮਾਨਿਤ ਕਰਵਾਏ। ਅਸੀਂ ਤਾਂ ਪਰਾਲੀ ਉਤੇ ਸੌਣ ਗਏ ਸਾਂ, ਤੇ ਬਣਾ ਦਿੱਤੇ ਮੁੱਖ ਮਹਿਮਾਨ। ਖੈਰ, ਮੈਂ ਬੜੇ ਅਦਬ ਨਾਲ ਰਸਮ ਨਿਭਾਈ ਤੇ ਸਟੇਜ ਉਤੋਂ ਹੇਠਾਂ ਆਣ ਕੇ ਸਰੋਤਿਆਂ ਵਿਚ ਬੈਠ ਗਿਆ। ਜਗਦੇਵ ਸਿੰਘ ਜੱਸੋਵਾਲ ਨੇ ਬੜਾ ਆਦਰ ਦਿੱਤਾ ਤੇ ਆਖਿਆ ਕਿ ਗੁਰਮੀਤ ਬੇਟਾ, ਤੇਰਾ ਬਾਪੂ ਜਥੇਦਾਰ ਜਗਦੇਵ ਸਿੰਘ ਸਾਡਾ ਸੱਚਾ ਸੁੱਚਾ ਆੜੀ ਸੀ। ਮੈਨੂੰ ਉਸ ਦਿਨ ਪਤਾ ਲੱਗਿਆ ਕਿ ਜਸੋਵਾਲ ਜੀ ਸਾਡੇ ਪਿਤਾ ਜੀ ਦੇ ਸਮਕਾਲੀ ਸਨ। ਉਥੇ ਹੀ ਹਰਭਜਨ ਬਾਜਵਾ ਮਿਲ ਗਿਆ, ਜੋ ਫੋਟੋਆਂ ਖਿੱਚ ਰਿਹਾ ਸੀ ਸਾਰੇ ਮੇਲੇ ਦੀਆਂ। ਕਿਸੇ ਨੇ ਮੇਰੀ ਉਹਦੇ ਨਾਲ ਜਦ ਜਾਣ ਪਛਾਣ ਕਰਵਾਈ, ਤਾਂ ਉਹ ਬੋਲਿਆ ਕਿ ਏਹ ਮੇਰਾ ਭਤੀਜ ਏ, ਏਹਦੇ ਬਾਪੂ ਦੀਆਂ ਤਸਵੀਰਾਂ ਤੀਹ ਸਾਲ ਪਹਿਲਾਂ ਜੋ ਮੈਂ ਖਿੱਚੀਆਂ ਨੇ, ਉਹ ਇਤਿਹਾਸ ਨੇ ਮੇਰੇ ਕੋਲ ਸਾਂਭਿਆ ਹੋਇਆ। ਮੈਂ ਆਖਿਆ ਕਿ ਅੰਕਲ ਜੀ? ਉਹ ਫੋਟੋਆਂ ਦੇ ਦੇਵੋ, ਬਾਜਵਾ ਜੀ ਬੋਲੇ ਕਿ ਬੇਟਾ, ਹਾਲੇ ਨਹੀਂ, ਜਦ ਕੋਈ ਸਮਾਂ ਆਇਆ ਫਿਰ ਦਿਆਂਗਾ ਤੇਰੇ ਬਾਪੂ ਦੇ ਫੋਟੋ।
ਅਸੀਂ ਕਿਸੇ ਪਾਰਕ ਦੇ ਬੈਂਚਾਂ ਜਾਂ ਮੇਲੇ ਦੇ ਪੰਡਾਲ ਦੀ ਪਰਾਲੀ ਉਤੇ ਸੌਣ ਨੂੰ ਥਾਂ ਲੱਭ ਰਹੇ ਸਾਂ ਕਿ ਜਸਵੰਤ ਸਿੰਘ ਛਾਪਾ ਕਹਿੰਦਾ ਕਿ ਮੈਂ ਤੁਹਾਡਾ ਹੋਟਲ ਬੁੱਕ ਕਰਵਾ ਦਿੱਤਾ ਹੈ। ਅਸੀਂ ਮੇਲੇ ਵਿਚ ਲੱਗਿਆ ਲੰਗਰ ਛਕ ਕੇ ਹੋਟਲ ਆ ਗਏ। ਹੋਟਲ ਆਣ ਕੇ ਸਾਨੂੰ ਫਿਕਰ ਪਿਆ ਹੋਇਆ ਕਿ ਸਵੇਰੇ ਕਮਰੇ ਦਾ ਕਿਰਾਇਆ ਕਿਵੇਂ ਤਾਰਾਂਗੇ? ਮੇਰੀ ਜੇਬ ਵਿਚ ਲਗਪਗ ਢਾਈ ਤਿੰਨ ਸੌ ਰੁਪਏ ਸੀ। ਮੈਂ ਸਾਥੀਆਂ ਨੂੰ ਆਖਿਆ ਕਿ ਕੋਈ ਨਾ, ਲੰਗਰ ਮੇਲੇ ਵਿਚੋਂ ਛਕ ਲਿਆ ਐ, ਇਕ ਵਾਰ ਸੌਂ ਜਾਓ, ਸਵੇਰੇ ਦੇਖਾਂਗੇ ਕੀ ਬਣਦਾ ਐ।
ਸਵੇਰੇ ਉੱਠੇ ਤਾਂ ਮੈਂ ਇਕ ਸਾਥੀ ਨੂੰ ਆਖਿਆ ਕਿ ਯਾਰ, ਚਾਹ ਦਾ ਕੋਈ ਜੁਗਾੜ ਕਰੋ। ਸਾਥੀ ਰਿਸੈਪਸ਼ਿਨ ਉਤੇ ਆਇਆ, ਚਾਹ ਦੇ ਕੱਪ ਦਾ ਰੇਟ ਪੁੱਛਿਆ ਤੇ ਰਿਸੈਪਸ਼ਿਨ ਵਾਲੇ ਨੇ ਕਿਹਾ ਕਿ ਇਕ ਕੱਪ ਪੰਜ ਰੁਪੱਈਏ ਦਾ ਹੈ ਪਰ ਆਪ ਕਮਰੇ ਵਿੱਚ ਜਾਓ, ਚਾਹ ਭੇਜ ਰਹੇ ਹਾਂ ਤੇ ਇਹ ਦੱਸੋ ਕਿ ਬਰੇਕਫਾਸਟ ਵਿਚ ਕੀ ਖਾਓਗੇ। ਸਾਡ ਸਾਥੀ ਬੋਲਿਆ ਕਿ ਸਾਡੇ ਕੋਲ ਤਾਂ ਏਨਾ ਖਰਚਾ ਕਰਨ ਜੋਕਰੇ ਪੈਸੇ ਹੀ ਨਹੀਂ ਹਨ। ਰਿਸੈਪਸ਼ਿਨ ਵਾਲੇ ਨੇ ਆਖਿਆ ਕਿ ਪ੍ਰਬੰਧਕ ਕਹਿ ਗਏ ਸਨ ਕਿ ਇਨਾਂ ਤੋਂ ਕੋਈ ਪੈਸਾ ਨਹੀਂ ਲੈਣਾ, ਤੁਸੀਂ ਕਮਰੇ ਵਿੱਚ ਜਾਓ ਤੇ ਖਾਓ ਪੀਓ ਜਾ ਕੇ, ਸਭ ਮੁਫਤ ਹੈ ਤੁਹਾਨੂੰ। ਸੋ, ਫਿਰ ਅਸੀਂ ਸਭ ਨੇ ਇਸ਼ਨਾਨ ਵਗੈਰਾ ਕਰ ਕੇ ਦਹੀਂ ਤੇ ਅਚਾਰ ਨਾਲ ਆਲੂਆਂ ਵਾਲੇ ਪਰੌਂਠੇ ਰੱਜ ਕੇ ਛਕੇ। ਅਸੀਂ ਸਾਰੇ ਬੜੇ ਖੁਸ਼ ਕਿ ਬੜੀ ਆਓ ਭਗਤ ਹੋਈ ਹੈ।
ਸੋ, ਮੇਲਾ ਮਨੋਂ ਨਾ ਵਿੱਸਰਿਆ। ਲੰਬਾ ਸਮਾਂ ਬੀਤ ਗਿਆ ਤੇ ਫਿਰ ਆਹ ਦਿਨ ਆ ਗਏ, ਮੰਤਰੀ ਪਦ ਮਿਲ ਗਿਆ ਤੇ ਇਕ ਦਿਨ ਫੋਨ ਆਇਆ ਗੁਰਭਜਨ ਜੀ ਦਾ ਕਿ ਆਪ ਬਾਈ ਜੀ ਬਤੌਰ ਮੁੱਖ ਮਹਿਮਾਨ ਮੇਲੇ ਵਿੱਚ ਆਵੋ। ਸੋ ਇਸ ਤੋਂ ਵਧ ਖੁਸ਼ੀ ਕੀ ਹੋ ਸਕਦੀ ਸੀ?ਮੈਂ ਪੰਜਾਬੀ ਭਵਨ ਪੁੱਜ ਗਿਆ। ਉਹੋ ਬੀਤੇ ਵੇਲੇ ਯਾਦ ਆਏ ਤੇ ਵਿਛੜ ਗਏ ਸੱਜਣ ਸਨੇਹੀ ਵੀ। ਹੁਣ ਮੇਲੇ ਦੇ ਦਿਨਾਂ ਵਿਚ ਮੇਲੇ ਮੋਹਨ ਸਿੰਘ ਦੀ ਯਾਦ ਸ਼ਿੱਦਤ ਨਾਲ ਆ ਰਹੀ ਹੈ।

-
-ਗੁਰਮੀਤ ਸਿੰਘ ਖੁੱਡੀਆਂ , ਲੇਖਕ- ਪੰਜਾਬ ਸਰਕਾਰ 'ਚ ਕੈਬਨਿਟ ਮੰਤਰੀ ਹਨ
...
....
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.