ਪੰਜਾਬ ਸਕੂਲ ਸਿੱਖਿਆ ਵਿਭਾਗ ਸੀਜੇਪੀ ਦੇ ਪ੍ਰਚਾਰ ਦਾ ਅੱਡਾ ਬਣਿਆ: ਕੇਵਲ ਢਿੱਲੋਂ
ਸਿੱਖਿਆ ਵਿਭਾਗ ਦੇ ਵੱਟਸਐਪ ਚੈਨਲ ’ਤੇ ਸੀਜੇਪੀ ਦੀਆਂ ਚਾਰ ਮੰਗਾਂ ਵਾਲਾ ਪੋਸਟਰ ਪ੍ਰਸਾਰਿਤ ਕਰਨ ਉੱਤੇ ਇਤਰਾਜ਼
ਚੰਡੀਗੜ੍ਹ, 12 ਅਕਤੂਬਰ ( )- ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਦੇ ਵਿਭਾਗਾਂ ਦੇ ਅਧਿਕਾਰਤ ਚੈਨਲਾਂ ਦੀ ਦੁਰਵਰਤੋਂ ਹੋ ਰਹੀ ਹੈ। ਪੰਜਾਬ ਸਕੂਲ ਸਿੱਖਿਆ ਬੋਰਡ (ਪੀਐੱਸਈਬੀ) ਦੇ ਅਧਿਕਾਰਤ ਵਟਸਐਪ ਚੈਨਲ ’ਤੇ, ਜਿਸ ਦੇ ਲਗਭਗ 4.48 ਲੱਖ ਫਾਲੋਅਰਜ਼ ਹਨ, ਸ਼ਨੀਵਾਰ ਨੂੰ ਦੇਸ਼ ਦੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਖ਼ਿਲਾਫ਼ ਦਿੱਲੀ ਵਿੱਚ ਚੱਲ ਰਹੇ ਕਾਕਰੋਚ ਜਨਤਾ ਪਾਰਟੀ (ਸੀਜੇਪੀ) ਦੇ ਪ੍ਰਦਰਸ਼ਨ ਦਾ ਪ੍ਰਚਾਰ ਕਰਨ ਵਾਲਾ ਪੋਸਟਰ ਪ੍ਰਸਾਰਿਤ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਇਸ ਪੋਸਟਰ ’ਤੇ ਸੀਜੇਪੀ ਦੇ ਸੰਸਥਾਪਕ ਅਭਿਜੀਤ ਦੀਪਕੇ ਦੀ ਤਸਵੀਰ ਵੀ ਲੱਗੀ ਹੋਈ ਹੈ। ਇਸ ਪੋਸਟਰ ਦੇ ਪ੍ਰਸਾਰਣ ਨੇ ਸਿੱਖਿਆ ਵਿਭਾਗ ਦੀ ਕਾਰਜਪ੍ਰਣਾਲੀ ’ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਇਸ ਲਈ ਪੰਜਾਬ ਦੇ ਸਿੱਖਿਆ ਮੰਤਰੀ ਤੋਂ ਲੈ ਕੇ ਮੁੱਖ ਮੰਤਰੀ ਪੰਜਾਬ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਨੂੰ ਜਵਾਬ ਦੇਣਾ ਚਾਹੀਦਾ ਹੈ।
ਸਿਆਸੀ ਮੰਗਾਂ ਕਿਹੜੇ ਸਿਲੇਬਸ ਦਾ ਹਿੱਸਾ
ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਇਸ ਪੋਸਟਰ ਵਿੱਚ ਚਾਰ ਸਿਆਸੀ ਮੰਗਾਂ ਦਰਜ ਹਨ। ਪਹਿਲੀ ਮੰਗ ਹੈ ਕਿ ਆਉਣ ਵਾਲੀਆਂ ਸਾਰੀਆਂ ਚੋਣਾਂ ਰੋਕੀਆਂ ਜਾਣ ਅਤੇ ਜਨਵਰੀ 2025 ਦੀ ਵੋਟਰ ਸੂਚੀ ਬਹਾਲ ਕੀਤੀ ਜਾਵੇ। ਦੂਜੀ ਮੰਗ ਮੁੱਖ ਚੋਣ ਕਮਿਸ਼ਨਰ ਦੀ ਨਿਯੁਕਤੀ ਸਬੰਧੀ 2023 ਦੇ ਕਾਨੂੰਨ ਨੂੰ ਖ਼ਤਮ ਕਰਕੇ ਨਵਾਂ ਕਾਨੂੰਨ ਬਣਾਉਣ ਦੀ ਹੈ। ਤੀਜੀ ਮੰਗ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਹੈ। ਚੌਥੀ ਮੰਗ ਐੱਸਆਈਆਰ ਪ੍ਰਕਿਰਿਆ ਨੂੰ ਤੁਰੰਤ ਬੰਦ ਕਰਕੇ ਜਾਂਚ ਕਮੇਟੀ ਬਣਾਉਣ ਦੀ ਹੈ। ਉਨ੍ਹਾਂ ਸਵਾਲ ਕੀਤਾ ਕਿ ਸਿੱਖਿਆ ਮੰਤਰੀ ਜਵਾਬ ਦੇਣ ਕਿ ਇਹ ਜਾਣਕਾਰੀ ਕਿਹੜੇ ਸਿਲੇਬਸ ਦਾ ਹਿੱਸਾ ਹੈ।
ਪੰਜਾਬ ਸਰਕਾਰ ਨੂੰ ਸਵਾਲ ਕਰਦਿਆਂ ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਨੇ ਪੁੱਛਿਆ ਕਿ ਚੋਣ ਕਮਿਸ਼ਨ ਖ਼ਿਲਾਫ਼ ਪ੍ਰਦਰਸ਼ਨ ਅਤੇ ਚੋਣਾਂ ਰੁਕਵਾਉਣ ਵਰਗੀਆਂ ਮੰਗਾਂ ਦਾ ਸਕੂਲ ਸਿੱਖਿਆ ਨਾਲ ਆਖ਼ਰ ਕੀ ਸਬੰਧ ਹੈ? ਇਸ ਤੋਂ ਇਲਾਵਾ, ਸਿੱਖਿਆ ਵਿਭਾਗ ਦੇ ਅਧਿਕਾਰਤ ਵਟਸਐਪ ਚੈਨਲ ’ਤੇ ਇਹ ਪੋਸਟਰ ਕਿਸ ਦੇ ਕਹਿਣ ’ਤੇ ਪ੍ਰਸਾਰਿਤ ਕੀਤਾ ਗਿਆ? ਕੇਵਲ ਢਿੱਲੋਂ ਨੇ ਸਿੱਖਿਆ ਮੰਤਰੀ ਪੰਜਾਬ ਤੋਂ ਜਵਾਬ ਮੰਗਦਿਆਂ ਸਵਾਲ ਕੀਤਾ ਕਿ ਸਰਕਾਰੀ ਸਾਧਨਾਂ ਦੀ ਦੁਰਵਰਤੋਂ ਕਿਸ ਦੇ ਕਹਿਣ ’ਤੇ ਕੀਤੀ ਜਾ ਰਹੀ ਹੈ? ਲੱਖਾਂ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਭਰੋਸੇਯੋਗ ਪਲੇਟਫਾਰਮ ਦੀ ਦੁਵਰਤੋਂ ਸਿਆਸੀ ਏਜੰਡੇ ਦੇ ਪ੍ਰਚਾਰ ਲਈ ਕਿਉਂ ਕੀਤੀ ਜਾ ਰਹੀ ਹੈ?
ਉਨ੍ਹਾਂ ਅੱਗੇ ਸਵਾਲ ਕੀਤਾ ਕਿ ਕੀ ਹੁਣ ਸਿੱਖਿਆ ਵਿਭਾਗ ਵਿੱਚ ਚੋਣਾਂ ਦੀ ਸਿਆਸਤ ਵੀ ਪੜ੍ਹਾਈ ਜਾਵੇਗੀ? ਕੀ ਇਸ ਚੈਨਲ ਦੀ ਨਿਗਰਾਨੀ ਕਰਨ ਵਾਲਾ ਕੋਈ ਨਹੀਂ ਹੈ? ਬਿਨਾਂ ਕਿਸੇ ਜਾਂਚ-ਪੜਤਾਲ ਦੇ ਇਹ ਪੋਸਟਰ 4.48 ਲੱਖ ਲੋਕਾਂ ਤੱਕ ਕਿਵੇਂ ਪਹੁੰਚ ਗਿਆ? ਇਸ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ।
ਵਿਦਿਆਰਥੀਆਂ ਅਤੇ ਸਕੂਲਾਂ ਲਈ ਬਣਿਆ ਸੀ ਇਹ ਚੈਨਲ
ਕੇਵਲ ਢਿੱਲੋਂ ਨੇ ਦੱਸਿਆ ਕਿ ਸਿੱਖਿਆ ਵਿਭਾਗ ਦੇ ਅਧਿਕਾਰਤ ਚੈਨਲ ਦੀ ਵਰਤੋਂ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਤੱਕ ਵਿਭਾਗੀ ਸਰਕੂਲਰ, ਛੁੱਟੀਆਂ ਸਬੰਧੀ ਨੋਟੀਫਿਕੇਸ਼ਨਾਂ, ਦਾਖ਼ਲਿਆਂ ਅਤੇ ਪ੍ਰੀਖਿਆਵਾਂ ਨਾਲ ਜੁੜੀ ਅਧਿਕਾਰਤ ਜਾਣਕਾਰੀ ਪਹੁੰਚਾਉਣ ਲਈ ਕੀਤੀ ਜਾਂਦੀ ਹੈ। ਅਜਿਹੇ ਵਿੱਚ ਮੁੱਖ ਮੰਤਰੀ ਨੂੰ ਇਸ ਮਾਮਲੇ ਦਾ ਗੰਭੀਰ ਨੋਟਿਸ ਲੈਂਦਿਆਂ ਜ਼ਿੰਮੇਵਾਰੀ ਤੈਅ ਕਰਨੀ ਚਾਹੀਦੀ ਹੈ ਅਤੇ ਸਮੱਗਰੀ ਪ੍ਰਸਾਰਿਤ ਕਰਨ ਸਬੰਧੀ ਸਖ਼ਤ ਦਿਸ਼ਾ-ਨਿਰਦੇਸ਼ ਲਾਗੂ ਕਰਨੇ ਚਾਹੀਦੇ ਹਨ, ਤਾਂ ਜੋ ਭਵਿੱਖ ਵਿੱਚ ਅਜਿਹੀ ਕੁਤਾਹੀ ਨਾ ਹੋਵੇ।
- Download Babushahi App
-
-