ਸੀਜੀਸੀ ਲਾਂਡਰਾਂ ਵੱਲੋਂ ਪਰਿਵਰਤਨ 2ਕੇ26 ਦਾ ਪੋਸਟਰ ਰਿਲੀਜ਼
12 ਅਕਤੂਬਰ 2026 :
ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ (ਸੀਜੀਸੀ), ਲਾਂਡਰਾਂ ਦੇ ਸਾਲਾਨਾ ਟੈਕਨੋ-ਕਲਚਰਲ ਫੈਸਟ ‘ਪਰਿਵਰਤਨ 2ਕੇ26’ ਦਾ ਆਯੋਜਨ ਇਸ ਸਾਲ 4 ਅਤੇ 5 ਨਵੰਬਰ, 2026 ਨੂੰ ਕੀਤਾ ਜਾਵੇਗਾ। ਇਸ ਬੇਸਬਰੀ ਨਾਲ ਉਡੀਕੇ ਜਾ ਰਹੇ ਫੈਸਟ ਦਾ ਪੋਸਟਰ ਅੱਜ ਸੀਜੀਸੀ ਲਾਂਡਰਾਂ ਦੇ ਪ੍ਰੈਜ਼ੀਡੈਂਟ ਰਸ਼ਪਾਲ ਸਿੰਘ ਧਾਲੀਵਾਲ ਅਤੇ ਵਾਈਸ ਚੇਅਰਮੈਨ ਪਰਮਪਾਲ ਸਿੰਘ ਢਿੱਲੋਂ ਵੱਲੋਂ ਰਿਲੀਜ਼ ਕੀਤਾ ਗਿਆ। ਇਸ ਮੌਕੇ ਕੈਂਪਸ ਡਾਇਰੈਕਟਰ ਡਾ. ਰਾਜਦੀਪ ਸਿੰਘ, ਡਾਇਰੈਕਟਰ, ਸਟੂਡੈਂਟ ਵੈਲਫੇਅਰ ਐਂਡ ਐਲੂਮਨਾਈ ਅਫੇਅਰਜ਼ ਡਾ. ਗਗਨਦੀਪ ਭੁੱਲਰ, ਸੰਸਥਾ ਦੇ ਹੋਰ ਡਾਇਰੈਕਟਰ, ਵਿਭਾਗਾਂ ਦੇ ਮੁਖੀ, ਫੈਕਲਟੀ ਮੈਂਬਰ ਅਤੇ ਵਿਦਿਆਰਥੀ ਮੌਜੂਦ ਸਨ। ‘ਹੈਰੀਟੇਜ ਟੂ ਹੋਰਾਈਜ਼ਨ’ ਥੀਮ ’ਤੇ ਆਧਾਰਿਤ ਇਹ ਦੋ ਰੋਜ਼ਾ ਫੈਸਟ ਟੈਕਨੀਕਲ, ਨਾਨ-ਟੈਕਨੀਕਲ ਅਤੇ ਕਲਚਰਲ ਸ਼੍ਰੇਣੀਆਂ ਵਿੱਚ ਵੱਖ-ਵੱਖ ਗਤੀਵਿਧੀਆਂ ਅਤੇ ਮੁਕਾਬਲਿਆਂ ਦੀ ਵਿਸ਼ਾਲ ਲੜੀ ਪੇਸ਼ ਕਰੇਗਾ। ਇਹ ਸਮਾਗਮ ਵਿਦਿਆਰਥੀਆਂ ਦੀ ਪ੍ਰਤਿਭਾ, ਰਚਨਾਤਮਕਤਾ, ਨਵੀਨਤਾ ਅਤੇ ਕਲਾਤਮਕ ਪ੍ਰਗਟਾਵੇ ਨੂੰ ਇੱਕ ਸਾਂਝਾ ਮੰਚ ਪ੍ਰਦਾਨ ਕਰੇਗਾ। ਫੈਸਟ ਦੀਆਂ ਤਿਆਰੀਆਂ ਦੇ ਹਿੱਸੇ ਵਜੋਂ ਵਿਦਿਆਰਥੀ ਅਤੇ ਫੈਕਲਟੀ ਮੈਂਬਰ ਆਲੇ-ਦੁਆਲੇ ਦੇ ਖੇਤਰਾਂ ਅਤੇ ਟ੍ਰਾਈਸਿਟੀ ਦੇ ਵੱਖ-ਵੱਖ ਹਿੱਸਿਆਂ ਵਿੱਚ ਭਾਈਚਾਰਿਆਂ ਅਤੇ ਸਕੂਲਾਂ ਨਾਲ ਜੁੜ ਕੇ ਕਈ ਗਤੀਵਿਧੀਆਂ ਵਿੱਚ ਹਿੱਸਾ ਲੈ ਰਹੇ ਹਨ। ਇਹ ਗਤੀਵਿਧੀਆਂ ‘ਹੈਰੀਟੇਜ ਟੂ ਹੋਰਾਈਜ਼ਨ’ ਥੀਮ ਨੂੰ ਉਜਾਗਰ ਕਰਦੀਆਂ ਹਨ, ਜੋ ਸਾਲ 2001 ਵਿੱਚ ਆਪਣੀ ਸਾਦੀ ਸ਼ੁਰੂਆਤ ਤੋਂ ਲੈ ਕੇ ਖੇਤਰ ਦੇ ਮੋਹਰੀ ਉੱਚ ਸਿੱਖਿਆ ਸੰਸਥਾਨਾਂ ਵਿੱਚ ਸ਼ਾਮਲ ਹੋਣ ਤੱਕ ਸੀਜੀਸੀ ਲਾਂਡਰਾਂ ਦੇ ਸ਼ਾਨਦਾਰ ਸਫ਼ਰ ਨੂੰ ਦਰਸਾਉਂਦੀ ਹੈ। ਇਹ ਥੀਮ ਸਮਾਵੇਸ਼ਤਾ ਅਤੇ ਹਮਦਰਦੀ ਦੀ ਭਾਵਨਾ ਨੂੰ ਉਤਸ਼ਾਹਿਤ ਕਰਨ ਦੇ ਨਾਲ-ਨਾਲ ਨੌਜਵਾਨ ਪ੍ਰਤਿਭਾਵਾਂ ਨੂੰ ਆਪਣੀਆਂ ਜੜ੍ਹਾਂ ਨਾਲ ਜੁੜੇ ਰਹਿੰਦਿਆਂ ਤਰੱਕੀ ਦੀਆਂ ਨਵੀਆਂ ਮੰਜ਼ਿਲਾਂ ਹਾਸਲ ਕਰਨ ਲਈ ਪ੍ਰੇਰਿਤ ਕਰਨ ਦੇ ਸੰਸਥਾ ਦੇ ਵਿਜ਼ਨ ਨੂੰ ਦਰਸਾਉਂਦੀ ਹੈ। ਇਸ ਦਾ ਉਦੇਸ਼ ਵਿਦਿਆਰਥੀਆਂ ਨੂੰ ਆਪਣੀ ਵਿਰਾਸਤ ਨੂੰ ਸਾਂਭਣ, ਸੁਰੱਖਿਅਤ ਰੱਖਣ ਅਤੇ ਇਸ ’ਤੇ ਮਾਣ ਕਰਨ ਲਈ ਪ੍ਰੇਰਿਤ ਕਰਨਾ ਹੈ। ਇਸ ਦੇ ਨਾਲ ਹੀ, ਇਹ ਨੌਜਵਾਨਾਂ ਨੂੰ ਨਵੀਆਂ ਸੰਭਾਵਨਾਵਾਂ ਅਪਣਾਉਣ, ਆਪਣੀਆਂ ਹੱਦਾਂ ਤੋਂ ਅੱਗੇ ਵਧਣ ਅਤੇ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਉੱਤਮਤਾ ਦੀ ਦਿਸ਼ਾ ਵਿੱਚ ਯਤਨਸ਼ੀਲ ਰਹਿਣ ਦਾ ਸੰਦੇਸ਼ ਦਿੰਦੀ ਹੈ। ਇਸੇ ਥੀਮ ਰਾਹੀਂ ਪਰਿਵਰਤਨ 2ਕੇ26 ਆਪਣੀ ਗੌਰਵਮਈ ਵਿਰਾਸਤ ਦਾ ਜਸ਼ਨ ਮਨਾਉਣ ਦੇ ਨਾਲ-ਨਾਲ ਨੌਜਵਾਨਾਂ ਨੂੰ ਭਵਿੱਖ ਪ੍ਰਤੀ ਅਗਾਂਹਵਧੂ ਅਤੇ ਦੂਰਅੰਦੇਸ਼ੀ ਸੋਚ ਅਪਣਾਉਣ ਲਈ ਪ੍ਰੇਰਿਤ ਕਰੇਗਾ। ਫੈਸਟ ਦੇ ਉਤਸ਼ਾਹ ਨੂੰ ਹੋਰ ਵਧਾਉਣ ਲਈ ਪਰਿਵਰਤਨ 2ਕੇ26 ਵਿੱਚ ਪ੍ਰਸਿੱਧ ਗਾਇਕਾ ਸੁਨੰਦਾ ਸ਼ਰਮਾ ਅਤੇ ਮਸ਼ਹੂਰ ਗਾਇਕ ਕਿੰਗ ਦੀਆਂ ਲਾਈਵ ਪੇਸ਼ਕਾਰੀਆਂ ਵੀ ਹੋਣਗੀਆਂ। ਇਨ੍ਹਾਂ ਸੰਗੀਤਕ ਪੇਸ਼ਕਾਰੀਆਂ ਨਾਲ ਇਹ ਫੈਸਟ ਤਕਨਾਲੋਜੀ, ਸੱਭਿਆਚਾਰ, ਰਚਨਾਤਮਕਤਾ ਅਤੇ ਨੌਜਵਾਨਾਂ ਦੇ ਜੋਸ਼ ਦਾ ਇੱਕ ਯਾਦਗਾਰ ਜਸ਼ਨ ਬਣਨ ਜਾ ਰਿਹਾ ਹੈ।
- Download Babushahi App
-
-