ਫ਼ਿਲਮ ਅਦਾਕਾਰ ਰਾਕੇਸ਼ ਬੇਦੀ ਦੇ ਇੱਕ ਪਾਤਰੀ ਨਾਟਕ ਨੇ ਦਰਸ਼ਕ ਹਸਾਏ ਵੀ ਅਤੇ ਸੋਚਣ ਲਈ ਵੀ ਕੀਤੇ ਮਜਬੂਰ
ਅਸ਼ੋਕ ਵਰਮਾ
ਬਠਿੰਡਾ, 10 ਅਕਤੂਬਰ 2026 । ਅੱਖਾਂ ਵਿੱਚ ਹੀਰੋ ਬਣਨ ਦੇ ਸੁਪਨੇ ਲੈ ਕੇ ਮੁੰਬਈ ਪਹੁੰਚਿਆ ਹੈਪੀ ਕੁਮਾਰ ਜਦੋਂ ਫ਼ਿਲਮੀ ਦੁਨੀਆ ਦੀ ਅਸਲੀਅਤ ਤੋਂ ਜਾਣੂ ਹੁੰਦਾ ਹੈ ਤਾਂ ਉਸ ਨੂੰ ਆਪਣੇ ਸੁਪਨਿਆਂ ਨਾਲ ਸਮਝੌਤਾ ਕਰਨਾ ਪੈਂਦਾ ਹੈ। ਅਦਾਕਾਰ ਬਣਨ ਦਾ ਮੌਕਾ ਨਹੀਂ ਮਿਲਦਾ ਤਾਂ ਉਹ ਇੱਕ ਫ਼ਿਲਮ ਨਿਰਮਾਤਾ ਕੋਲ ਚੌਥੇ ਸਹਾਇਕ ਨਿਰਦੇਸ਼ਕ ਵਜੋਂ ਨੌਕਰੀ ਕਰ ਲੈਂਦਾ ਹੈ। ਇੱਥੇ ਵੀ ਸਵਾਰਥ ਅਤੇ ਮੌਕਾਪ੍ਰਸਤੀ ਤੋਂ ਨਿਰਾਸ਼ ਹੋ ਕੇ ਉਹ ਫ਼ਿਲਮੀ ਦੁਨੀਆ ਛੱਡ ਦਿੰਦਾ ਹੈ। ਇਸ ਤੋਂ ਬਾਅਦ ਉਹ ਜਿਮ ਟ੍ਰੇਨਰ ਅਤੇ ਅਖ਼ੀਰ ਵਿੱਚ ਮਸਾਜਰ ਬਣ ਜਾਂਦਾ ਹੈ। ਸੁਪਨਿਆਂ ਤੋਂ ਸਮਝੌਤਿਆਂ ਤੱਕ ਦਾ ਇਹੀ ਸਫ਼ਰ ਵਿਜੇ ਤੇਂਦੁਲਕਰ ਦੇ ਚਰਚਿਤ ਨਾਟਕ ‘ਮਸਾਜ’ ਦੀ ਦਿਲਚਸਪ ਕਥਾ ਹੈ।
ਨਾਟਿਅਮ ਦੇ 15ਵੇਂ ਨੈਸ਼ਨਲ ਥੀਏਟਰ ਫੈਸਟੀਵਲ ਦੌਰਾਨ ਬੀਤੇ ਸ਼ੁੱਕਰਵਾਰ ਦੀ ਰਾਤ ਨੂੰ ਬਲਵੰਤ ਗਾਰਗੀ ਆਡੀਟੋਰੀਅਮ ਵਿੱਚ ਮੁੰਬਈ ਦੇ ਪ੍ਰਤੀਕ ਆਰਟ ਥੀਏਟਰ ਵੱਲੋਂ ਪੇਸ਼ ਕੀਤੇ ਗਏ ਇਸ ਨਾਟਕ ਨੇ ਦਰਸ਼ਕਾਂ ਨੂੰ ਠਹਾਕੇ ਲਾਉਣ ਦੇ ਨਾਲ-ਨਾਲ ਗੰਭੀਰਤਾ ਨਾਲ ਸੋਚਣ ਲਈ ਵੀ ਮਜਬੂਰ ਕੀਤਾ। ਨਾਟਕ ਦਾ ਰੂਪਾਂਤਰਨ ਖ਼ੁਦ ਰਾਕੇਸ਼ ਬੇਦੀ ਨੇ ਕੀਤਾ, ਜਦੋਂਕਿ ਨਿਰਦੇਸ਼ਨ ਹਰਬੰਸ ਸਿੰਘ ਬਿਸ਼ਟ ਦਾ ਸੀ।
ਫ਼ਿਲਮ ਨਿਰਮਾਤਾ ਕੋਹਲੀ ਕੋਲ ਕੰਮ ਕਰਦਿਆਂ ਹੈਪੀ ਨੂੰ ਫ਼ਿਲਮੀ ਦੁਨੀਆ ਦੀ ਚਮਕ-ਦਮਕ ਪਿੱਛੇ ਲੁਕੇ ਸਵਾਰਥਾਂ ਦਾ ਅਹਿਸਾਸ ਹੁੰਦਾ ਹੈ। ਨਿਰਮਾਤਾ, ਹੀਰੋਇਨ ਅਤੇ ਉਨ੍ਹਾਂ ਦੇ ਆਲੇ-ਦੁਆਲੇ ਦੇ ਲੋਕਾਂ ਨਾਲ ਜੁੜੇ ਪ੍ਰਸੰਗ ਹਾਸਾ ਪੈਦਾ ਕਰਦੇ ਹਨ, ਪਰ ਇਸੇ ਹਾਸੇ ਦੇ ਵਿਚਕਾਰ ਫ਼ਿਲਮ ਉਦਯੋਗ ਦੀਆਂ ਤਰਾਸਦਿਕ ਪ੍ਰਸਥਿਤੀਆਂ ਵੀ ਉਜਾਗਰ ਹੁੰਦੀਆਂ ਹਨ। ਪਿਆਰ ਅਤੇ ਰਿਸ਼ਤਿਆਂ ਦੀਆਂ ਉਲਝਣਾਂ ਉਸ ਦੀ ਕਹਾਣੀ ਨੂੰ ਭਾਵਨਾਤਮਕ ਰੰਗ ਦਿੰਦੀਆਂ ਹਨ।
ਨਾਟਕ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਰਾਕੇਸ਼ ਬੇਦੀ ਦਾ ਇਕੱਲਾ ਅਭਿਨੈ ਰਿਹਾ। ਮੰਚ ’ਤੇ ਇਕੱਲੇ ਮੌਜੂਦ ਬੇਦੀ ਨੇ ਆਪਣੀ ਆਵਾਜ਼, ਚਿਹਰੇ ਦੇ ਹਾਵ-ਭਾਵ, ਸਰੀਰਕ ਮੁਦਰਾਵਾਂ ਅਤੇ ਸੰਵਾਦ ਅਦਾਇਗੀ ਰਾਹੀਂ ਲਗਭਗ 24 ਕਿਰਦਾਰਾਂ ਨੂੰ ਜੀਵੰਤ ਕਰ ਦਿੱਤਾ। ਪਲਕ ਝਪਕਦਿਆਂ ਹੀ ਕਿਰਦਾਰ ਬਦਲਣ ਦੀ ਉਨ੍ਹਾਂ ਦੀ ਕਲਾ ਨੇ ਦਰਸ਼ਕਾਂ ਨੂੰ ਪ੍ਰਭਾਵਿਤ ਕੀਤਾ।‘ਮਸਾਜ’ ਉਨ੍ਹਾਂ ਨੌਜਵਾਨਾਂ ਦੀ ਪੀੜਾ ਨੂੰ ਵੀ ਸਾਹਮਣੇ ਲਿਆਉਂਦਾ ਹੈ, ਜੋ ਵੱਡੇ ਸੁਪਨੇ ਲੈ ਕੇ ਮਹਾਨਗਰਾਂ ਵਿੱਚ ਪਹੁੰਚਦੇ ਹਨ, ਪਰ ਹਾਲਾਤ ਅੱਗੇ ਆਪਣੇ ਰਸਤੇ ਬਦਲਣ ਲਈ ਮਜਬੂਰ ਹੋ ਜਾਂਦੇ ਹਨ।ਪ੍ਰਸਿੱਧ ਹਿੰਦੀ ਫ਼ਿਲਮ ਅਦਾਕਾਰ ਰਾਕੇਸ਼ ਬੇਦੀ ਦੀ ਅਦਾਕਾਰੀ ਦੇਖਣ ਲਈ ਆਡੀਟੋਰੀਅਮ ਦਰਸ਼ਕਾਂ ਨਾਲ ਖਚਾਖਚ ਭਰਿਆ ਹੋਇਆ ਸੀ।
ਸੀਟਾਂ ਭਰਨ ਤੋਂ ਬਾਅਦ ਦਰਸ਼ਕ ਪੌੜੀਆਂ ’ਤੇ ਬੈਠ ਕੇ ਵੀ ਨਾਟਕ ਦੇਖਦੇ ਰਹੇ। ਕਦੇ ਆਡੀਟੋਰੀਅਮ ਵਿੱਚ ਚੁੱਪ ਪਸਰ ਜਾਂਦੀ ਤਾਂ ਕਦੇ ਠਹਾਕਿਆਂ ਅਤੇ ਤਾੜੀਆਂ ਨਾਲ ਹਾਲ ਗੂੰਜ ਉੱਠਦਾ।ਨਾਟਕ ਦਾ ਉਦਘਾਟਨ ਡ੍ਰੀਮਲੈਂਡ ਗਰੁੱਪ ਦੇ ਐੱਮਡੀ ਸੁਨੀਲ ਬਾਂਸਲ, ਡਾ. ਗੌਰਵ ਮੰਗਲਾ, ਮਾਲਵਾ ਕਾਲਜ ਦੇ ਚੇਅਰਮੈਨ ਰਮਨ ਸਿੰਗਲਾ, ਨਾਟਿਅਮ ਦੇ ਡਾਇਰੈਕਟਰ ਕੀਰਤੀ ਕਿਰਪਾਲ, ਮੁੱਖ ਸਰਪ੍ਰਸਤ ਡਾ. ਕਸ਼ਿਸ਼ ਗੁਪਤਾ, ਫੈਸਟੀਵਲ ਡਾਇਰੈਕਟਰ ਗੁਰਨੂਰ ਸਿੰਘ, ਪ੍ਰਧਾਨ ਸੁਰਿੰਦਰ ਕੌਰ ਅਤੇ ਸਰਪ੍ਰਸਤ ਸੁਦਰਸ਼ਨ ਗੁਪਤਾ ਨੇ ਸਾਂਝੇ ਤੌਰ ’ਤੇ ਸ਼ਮਾ ਰੌਸ਼ਨ ਕਰਕੇ ਕੀਤਾ।ਇਸ ਮੌਕੇ ਡਾ. ਗੌਰਵ ਮੰਗਲਾ ਨੇ ਕਿਹਾ ਕਿ ਸਕਰੀਨ ਅਤੇ ਸੋਸ਼ਲ ਮੀਡੀਆ ਦੇ ਦੌਰ ਵਿੱਚ ਇੰਨੀ ਵੱਡੀ ਗਿਣਤੀ ਵਿੱਚ ਲੋਕਾਂ ਦਾ ਰੰਗਮੰਚ ਨਾਲ ਜੁੜਨਾ ਵੱਡੀ ਗੱਲ ਹੈ। ਡਾਇਰੈਕਟਰ ਕੀਰਤੀ ਕਿਰਪਾਲ ਦੀ ਅਗਵਾਈ ਹੇਠ ਨਾਟਿਅਮ ਦੀ ਟੀਮ ਨੇ ਰਾਕੇਸ਼ ਬੇਦੀ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।
ਰਾਕੇਸ਼ ਬੇਦੀ ਨੇ ਦੱਸਿਆ ਕਿ ਉਹ ਹਾਲ ਹੀ ਵਿੱਚ ਸਿਡਨੀ ਵਿੱਚ ਵੀ ਇਸ ਨਾਟਕ ਦਾ ਮੰਚਣ ਕਰਕੇ ਆਏ ਹਨ, ਪਰ ਉੱਥੇ ਵੀ ਉਨ੍ਹਾਂ ਨੇ ਅਜਿਹਾ ਆਡੀਟੋਰੀਅਮ ਨਹੀਂ ਦੇਖਿਆ। ਉਨ੍ਹਾਂ ਨੇ ਬਲਵੰਤ ਗਾਰਗੀ ਆਡੀਟੋਰੀਅਮ ਨੂੰ ਬਠਿੰਡਾ ਦਾ ਮਾਣ ਦੱਸਦਿਆਂ ਇਸ ਦੀ ਸਾਂਭ-ਸੰਭਾਲ ਬਰਕਰਾਰ ਰੱਖਣ ਦੀ ਅਪੀਲ ਕੀਤੀ।
- Download Babushahi App
-
-