Canada: ਬਸੰਤ ਮੋਟਰਜ਼ ਦੀ 35ਵੀਂ ਵਰ੍ਹੇਗੰਢ ਮੌਕੇ 35 ਹਜ਼ਾਰ ਡਾਲਰ ਦੀ ਸਕਾਲਰਸ਼ਿਪ ਵੰਡੀ
146 ਵਿਦਿਆਰਥੀਆਂ ਨੂੰ ਹੁਣ ਤੱਕ 3.60 ਲੱਖ ਡਾਲਰ ਦੇ ਵਜ਼ੀਫ਼ੇ ਦਿੱਤੇ
ਹਰਦਮ ਮਾਨ
ਸਰੀ, 8 ਅਕਤੂਬਰ 2026-ਬਸੰਤ ਮੋਟਰਜ਼ ਸਰੀ ਵੱਲੋਂ ਆਪਣੀ 35ਵੀਂ ਵਰ੍ਹੇਗੰਢ ਮੌਕੇ ਸਲਾਨਾ ਸਕਾਲਰਸ਼ਿਪ ਵੰਡ ਸਮਾਗਮ ਕਰਵਾਇਆ ਗਿਆ, ਜਿਸ ਦੌਰਾਨ ਵੱਖ-ਵੱਖ ਭਾਈਚਾਰਿਆਂ ਨਾਲ ਸਬੰਧਤ 17 ਹੋਣਹਾਰ ਵਿਦਿਆਰਥੀਆਂ ਨੂੰ ਉਚੇਰੀ ਸਿੱਖਿਆ ਲਈ 35 ਹਜਾਰ ਡਾਲਰ ਦੀ ਸਕਾਲਰਸ਼ਿਪ ਪ੍ਰਦਾਨ ਕੀਤੀ ਗਈ। ਬਸੰਤ ਮੋਟਰਜ਼ ਵੱਲੋਂ ਸਿੱਖਿਆ ਦੇ ਖੇਤਰ ਵਿੱਚ ਕੀਤੇ ਜਾ ਰਹੇ ਇਸ ਉਪਰਾਲੇ ਤਹਿਤ ਹੁਣ ਤੱਕ 146 ਵਿਦਿਆਰਥੀਆਂ ਨੂੰ 3 ਲੱਖ 60 ਹਜ਼ਾਰ ਡਾਲਰ ਦੇ ਵਜ਼ੀਫ਼ੇ ਦਿੱਤੇ ਜਾ ਚੁੱਕੇ ਹਨ।
ਵਿਦਆਰਥੀਆਂ ਨੂੰ ਸਕਾਲਰਸ਼ਿਪ ਵੰਡਣ ਦੀ ਰਸਮ ਅਦਾ ਕਰਦਿਆਂ ਸਾਬਕਾ ਪਾਕਿਸਤਾਨੀ ਐਮ.ਪੀ. ਰਾਏ ਅਜੀਜ਼ ਉਲਾ ਖਾਨ, ਰੇਡੀਓ ਹੋਸਟ ਹਰਜਿੰਦਰ ਸਿੰਘ ਥਿੰਦ, ਪ੍ਰੋ. ਕਸ਼ਮੀਰਾ ਸਿੰਘ, ਸੁੱਚਾ ਸਿੰਘ ਕਲੇਰ, ਬੀ.ਐਸ. ਘੁੰਮਣ, ਡਾ. ਸਟਾਲਨਜੀਤ ਸਿੰਘ ਗਿੱਲ, ਜਤਿੰਦਰ ਜੇ. ਮਿਨਹਾਸ ਅਤੇ ਰੇਡੀਓ ਹੋਸਟ ਵਿਜੇ ਸੈਣੀ ਵੱਲੋਂ ਨੇ ਵਿਦਿਆਰਥੀਆਂ ਨੂੰ ਦਿਲੀ ਮੁਬਾਰਕਬਾਦ ਦਿੱਤੀ।
ਇਸ ਮੌਕੇ ਹਾਜਰ ਪਤਵੰਤਿਆਂ, ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਦਾ ਧੰਨਵਾਦ ਕਰਦਿਆਂ ਬਲਦੇਵ ਸਿੰਘ ਬਾਠ ਨੇ ਕਿਹਾ ਕਿ ਉਹ ਆਪਣੇ ਆਪ ਨੂੰ ਬਹੁਤ ਭਾਵੁਕ ਵਿਅਕਤੀ ਮੰਨਦੇ ਹਨ ਅਤੇ ਉਨ੍ਹਾਂ ਦੀ ਜ਼ਿੰਦਗੀ ਵਿੱਚ ਪਰਿਵਾਰ, ਦੋਸਤਾਂ ਅਤੇ ਭਾਈਚਾਰੇ ਦੇ ਸਹਿਯੋਗ ਦੀ ਵੱਡੀ ਭੂਮਿਕਾ ਰਹੀ ਹੈ। ਉਨ੍ਹਾਂ ਕਿਹਾ ਕਿ ਮਨੁੱਖ ਆਪਣੀ ਜ਼ਿੰਦਗੀ ਵਿੱਚ ਜੋ ਕੁਝ ਹਾਸਲ ਕਰਦਾ ਹੈ, ਉਹ ਇਕੱਲਾ ਨਹੀਂ ਕਰਦਾ, ਸਗੋਂ ਉਸ ਪਿੱਛੇ ਪਰਿਵਾਰ ਅਤੇ ਸਮਾਜ ਦੀਆਂ ਅਨੇਕਾਂ ਦੁਆਵਾਂ ਅਤੇ ਸਹਿਯੋਗ ਹੁੰਦਾ ਹੈ। ਉਨ੍ਹਾਂ ਆਪਣੇ ਪਰਿਵਾਰ ਅਤੇ ਸਮਾਗਮ ਵਿੱਚ ਪੁੱਜੇ ਸਾਰੇ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਲਈ ਇਹ ਧਰਤੀ ਅਤੇ ਇੱਥੋਂ ਮਿਲਿਆ ਜੀਵਨ ਬਹੁਤ ਕੀਮਤੀ ਹੈ।
ਸ. ਬਾਠ ਨੇ ਵਿਦਿਆਰਥੀਆਂ ਨੂੰ ਜ਼ਿੰਦਗੀ ਖੁੱਲ੍ਹ ਕੇ ਜਿਊਣ ਅਤੇ ਇਸ ਨੂੰ ਦੂਜਿਆਂ ਨਾਲ ਸਾਂਝਾ ਕਰਨ ਦਾ ਸੰਦੇਸ਼ ਦਿੰਦਿਆਂ ਕਿਹਾ ਕਿ ਮਨੁੱਖ ਕੋਲ ਜੇ ਪਿਆਰ ਹੈ ਤਾਂ ਉਹ ਪਿਆਰ ਹੀ ਵੰਡਦਾ ਹੈ ਅਤੇ ਜੇ ਉਸ ਕੋਲ ਗਿਆਨ ਤੇ ਤਜਰਬਾ ਹੈ ਤਾਂ ਉਹ ਵੀ ਦੂਜਿਆਂ ਨਾਲ ਸਾਂਝਾ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜ਼ਿੰਦਗੀ ਸਾਡੇ ਹੱਥ ਵਿੱਚ ਆਏ ਤਾਸ਼ ਦੇ 52 ਪੱਤਿਆਂ ਵਰਗੀ ਹੈ ਅਤੇ ਇਹ ਸਾਡੇ ਉੱਪਰ ਨਿਰਭਰ ਕਰਦਾ ਹੈ ਕਿ ਅਸੀਂ ਇਨ੍ਹਾਂ ਪੱਤਿਆਂ ਨਾਲ ਕਿਹੜੀ ਖੇਡ ਖੇਡਣੀ ਹੈ। ਉਨ੍ਹਾਂ ਕਿਹਾ ਕਿ ਕੁਦਰਤ ਵੱਲੋਂ ਮਿਲੀ ਇਸ ਜ਼ਿੰਦਗੀ ਨੂੰ ਸ਼ਿਕਾਇਤਾਂ ਅਤੇ ਨਿਰਾਸ਼ਾ ਵਿੱਚ ਗੁਆਉਣ ਦੀ ਬਜਾਏ ਇਸ ਦਾ ਆਨੰਦ ਮਾਣਨਾ ਅਤੇ ਇਸ ਨੂੰ ਦੂਜਿਆਂ ਲਈ ਲਾਭਦਾਇਕ ਬਣਾਉਣਾ ਚਾਹੀਦਾ ਹੈ।
ਆਪਣੀ ਪੇਂਡੂ ਅਤੇ ਖੇਤੀਬਾੜੀ ਪਿਛੋਕੜ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਿੱਖਿਆ ਅਤੇ ਜੀਵਨ ਦਾ ਮੁੱਢਲਾ ਤਜਰਬਾ ਖੇਤੀ ਨਾਲ ਜੁੜਿਆ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਉਹ ਜਿਸ ਮੁਕਾਮ ’ਤੇ ਹਨ, ਉਸ ਵਿੱਚ ਕਿਸੇ ਕਿਸਮ ਦੀ ਚਲਾਕੀ ਨਾਲੋਂ ਮਿਹਨਤ, ਪਰਿਵਾਰ, ਭਾਈਚਾਰੇ ਅਤੇ ਲੋਕਾਂ ਤੋਂ ਮਿਲੇ ਪਿਆਰ ਤੇ ਸਿੱਖਿਆ ਦਾ ਵੱਡਾ ਹਿੱਸਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਆਪਣੇ ਅੰਦਰ ਪੈਦਾ ਹੋਏ ਗਿਆਨ ਅਤੇ ਸਮਰੱਥਾ ਨੂੰ ਸਿਰਫ਼ ਆਪਣੇ ਤੱਕ ਸੀਮਤ ਨਾ ਰੱਖਣ, ਸਗੋਂ ਸਮਾਜ ਦੀ ਬਿਹਤਰੀ ਲਈ ਵਰਤਣ।
ਉਨ੍ਹਾਂ ਕਿਹਾ ਕਿ ਬਸੰਤ ਮੋਟਰਜ਼ ਵੱਲੋਂ ਹਰ ਸਾਲ ਸਕਾਲਰਸ਼ਿਪ ਦੇਣ ਦਾ ਮਕਸਦ ਸਿਰਫ਼ ਵਿੱਤੀ ਮਦਦ ਕਰਨਾ ਨਹੀਂ, ਸਗੋਂ ਨੌਜਵਾਨਾਂ ਨੂੰ ਉਚੇਰੀ ਸਿੱਖਿਆ ਪ੍ਰਾਪਤ ਕਰਨ ਲਈ ਹੌਸਲਾ ਦੇਣਾ ਅਤੇ ਉਨ੍ਹਾਂ ਨੂੰ ਆਪਣੇ ਭਵਿੱਖ ਦੀ ਉਸਾਰੀ ਲਈ ਅੱਗੇ ਵਧਣ ਦਾ ਮੌਕਾ ਦੇਣਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੌਜਵਾਨ ਦੀ ਸਿੱਖਿਆ ਵਿੱਚ ਥੋੜ੍ਹੀ ਜਿਹੀ ਮਦਦ ਵੀ ਉਸ ਨੂੰ ਆਪਣੇ ਸੁਪਨੇ ਪੂਰੇ ਕਰਨ ਵੱਲ ਇੱਕ ਕਦਮ ਅੱਗੇ ਲੈ ਜਾਂਦੀ ਹੈ ਤਾਂ ਇਹ ਸਮਾਜ ਲਈ ਵੱਡੀ ਸੇਵਾ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ 146 ਵਿਦਿਆਰਥੀਆਂ ਨੂੰ ਕੁੱਲ 3 ਲੱਖ 60 ਹਜ਼ਾਰ ਡਾਲਰ ਦੇ ਸਕਾਲਰਸ਼ਿਪ ਦਿੱਤੇ ਜਾ ਚੁੱਕੇ ਹਨ ਅਤੇ ਨੌਜਵਾਨਾਂ ਦੀ ਸਿੱਖਿਆ ਨੂੰ ਉਤਸ਼ਾਹਿਤ ਕਰਨ ਦੀ ਇਹ ਪਰੰਪਰਾ ਅੱਗੇ ਵੀ ਜਾਰੀ ਰਹੇਗੀ।
- Download Babushahi App
-
-