ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਪਰਗਟ ਸਿੰਘ ਪਹੁੰਚੇ ਡੇਰਾ ਸੱਚਖੰਡ ਬੱਲਾਂ; ਪਦਮ ਸ੍ਰੀ ਸੰਤ ਨਿਰੰਜਨ ਦਾਸ ਮਹਾਰਾਜ ਤੋਂ ਲਿਆ ਅਸ਼ੀਰਵਾਦ
ਬਾਬੂਸ਼ਾਹੀ ਬਿਊਰੋ
ਕਿਸ਼ਨਗੜ੍ਹ/ਜਲੰਧਰ, 9 ਅਕਤੂਬਰ, 2026: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਨਵੇਂ ਪ੍ਰਧਾਨ ਪਰਗਟ ਸਿੰਘ ਵੀਰਵਾਰ ਸ਼ਾਮ ਡੇਰਾ ਸੱਚਖੰਡ ਬੱਲਾਂ ਵਿਖੇ ਨਤਮਸਤਕ ਹੋਏ। ਇਸ ਮੌਕੇ ਉਨ੍ਹਾਂ ਦੇ ਨਾਲ ਪੰਜਾਬ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਵੀ ਵਿਸ਼ੇਸ਼ ਤੌਰ 'ਤੇ ਮੌਜੂਦ ਸੀ। ਡੇਰਾ ਸੱਚਖੰਡ ਬੱਲਾਂ ਪਹੁੰਚਣ 'ਤੇ ਪਰਗਟ ਸਿੰਘ ਨੇ ਸਭ ਤੋਂ ਪਹਿਲਾਂ ਬ੍ਰਹਮਲੀਨ 108 ਸੰਤ ਸਰਵਣ ਦਾਸ ਮਹਾਰਾਜ ਦੀ ਪ੍ਰਤਿਮਾ ਅੱਗੇ ਸ਼ਰਧਾ ਦੇ ਫੁੱਲ ਭੇਟ ਕੀਤੇ।
ਇਸ ਉਪਰੰਤ ਪਰਗਟ ਸਿੰਘ ਅਤੇ ਸਮੁੱਚੇ ਕਾਂਗਰਸੀ ਆਗੂਆਂ ਨੇ ਡੇਰਾ ਮੁਖੀ ਪਦਮ ਸ੍ਰੀ ਸੰਤ ਨਿਰੰਜਨ ਦਾਸ ਮਹਾਰਾਜ ਨੂੰ ਮੱਥਾ ਟੇਕਿਆ ਅਤੇ ਉਨ੍ਹਾਂ ਤੋਂ ਅਸ਼ੀਰਵਾਦ ਪ੍ਰਾਪਤ ਕੀਤਾ। ਸੰਤ ਨਿਰੰਜਨ ਦਾਸ ਮਹਾਰਾਜ ਵੱਲੋਂ ਨਵ-ਨਿਯੁਕਤ ਪ੍ਰਦੇਸ਼ ਕਾਂਗਰਸ ਪ੍ਰਧਾਨ ਪਰਗਟ ਸਿੰਘ ਅਤੇ ਹੋਰਨਾਂ ਆਗੂਆਂ ਨੂੰ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਵਿਧਾਇਕ ਰਾਣਾ ਗੁਰਜੀਤ ਸਿੰਘ, ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ, ਸੁਖਵਿੰਦਰ ਸਿੰਘ ਕੋਟਲੀ, ਰਾਜਿੰਦਰ ਬੇਰੀ, ਸਾਬਕਾ ਵਿਧਾਇਕ ਚੌਧਰੀ ਸੁਰਿੰਦਰ ਸਿੰਘ, ਹਲਕਾ ਕਰਤਾਰਪੁਰ ਦੇ ਇੰਚਾਰਜ ਰਜਿੰਦਰ ਸਿੰਘ, ਜਸਲੀਨ ਸੇਠੀ ਅਤੇ ਪ੍ਰਦੀਪ ਕੁਮਾਰ ਦੀਪਾ ਸਮੇਤ ਵੱਡੀ ਗਿਣਤੀ 'ਚ ਕਾਂਗਰਸੀ ਅਹੁਦੇਦਾਰ ਅਤੇ ਡੇਰਾ ਟਰੱਸਟ ਦੇ ਮੈਂਬਰ ਹਾਜ਼ਰ ਸਨ।
- Download Babushahi App
-
-