ਕਲਗੀਧਰ ਟਰੱਸਟ ਦੇ ਵਿਸ਼ਵ ਮਾਨਸਿਕ ਸਿਹਤ ਦਿਵਸ ਸਮਾਗਮ ਵਿੱਚ ਮਾਨਸਿਕ ਸਿਹਤ ਨਾਲ ਜੁੜੇ ਅਸਲ ਜੀਵਨ ਦੇ ਤਜਰਬੇ ਕੀਤੇ ਸਾਂਝਾ
ਚੰਡੀਗੜ੍ਹ, 10 ਅਕਤੂਬਰ 2026: ਕਲਗੀਧਰ ਟਰੱਸਟ ਬੜੂ ਸਾਹਿਬ ਵੱਲੋਂ ਵਿਸ਼ਵ ਮਾਨਸਿਕ ਸਿਹਤ ਦਿਵਸ ਮੌਕੇ ‘ਸੁਖਮਨ 2026 – ਮਾਨਸਿਕ ਸਿਹਤ ਨਾਲ ਜੁੜੇ ਅਸਲ ਜੀਵਨ ਦੇ ਤਜਰਬੇ’ ਵਿਸ਼ੇ ’ਤੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਲਗਭਗ 200 ਲੋਕਾਂ ਨੇ ਸ਼ਮੂਲੀਅਤ ਕੀਤੀ। ਸਮਾਗਮ ਦੌਰਾਨ ਨਿੱਜੀ ਤਜਰਬਿਆਂ, ਮਾਹਿਰਾਂ ਦੇ ਵਿਚਾਰਾਂ, ਨਾਟਕ ਅਤੇ ਗਤੀਵਿਧੀਆਂ ਰਾਹੀਂ ਮਾਨਸਿਕ ਸਿਹਤ ਪ੍ਰਤੀ ਜਾਗਰੂਕਤਾ, ਹਮਦਰਦੀ, ਸਮਾਜਿਕ ਸ਼ਮੂਲੀਅਤ ਅਤੇ ਆਪਸੀ ਸਹਿਯੋਗ ਦੀ ਮਹੱਤਤਾ ਉਜਾਗਰ ਕੀਤੀ ਗਈ।
ਸਮਾਗਮ ਦੀ ਸ਼ੁਰੂਆਤ ਅਕਾਲ ਅਕੈਡਮੀ ਦੇ ਵਿਦਿਆਰਥੀਆਂ ਵੱਲੋਂ ਸ਼ਬਦ ਕੀਰਤਨ ਨਾਲ ਹੋਈ। ਇਸ ਉਪਰੰਤ ਡਾ. (ਕਰਨਲ) ਰਜਿੰਦਰ ਸਿੰਘ, ਡਾਇਰੈਕਟਰ, ਅਕਾਲ ਮਨੋਰੋਗ ਅਤੇ ਨਸ਼ਾ ਛੁਡਾਊ ਕੇਂਦਰਾਂ, ਨੇ ਸਵਾਗਤੀ ਸੰਬੋਧਨ ਕੀਤਾ।
ਉਨ੍ਹਾਂ ਕਿਹਾ, “ਹਰ ਮਾਨਸਿਕ ਸਮੱਸਿਆ ਜਾਂ ਨਸ਼ੇ ਦੀ ਲਤ ਨਾਲ ਜੂਝ ਰਹੇ ਵਿਅਕਤੀ ਦੇ ਪਿੱਛੇ ਇੱਕ ਅਜਿਹੀ ਜੀਵਨ ਕਹਾਣੀ ਹੁੰਦੀ ਹੈ, ਜਿਸ ਨੂੰ ਸੁਣਨ ਅਤੇ ਸਮਝਣ ਦੀ ਲੋੜ ਹੈ। ਸਿਹਤਯਾਬੀ ਲਈ ਸਿਰਫ਼ ਇਲਾਜ ਹੀ ਨਹੀਂ, ਸਗੋਂ ਸਨਮਾਨ, ਹਮਦਰਦੀ ਅਤੇ ਪਰਿਵਾਰ ਤੇ ਸਮਾਜ ਦਾ ਲਗਾਤਾਰ ਸਹਿਯੋਗ ਵੀ ਜ਼ਰੂਰੀ ਹੈ।”
ਗੁਰਬਾਣੀ ਹੀਲਿੰਗ ਦੇ ਸੰਸਥਾਪਕ ਸਰਦਾਰ ਹਰਦਿਆਲ ਸਿੰਘ ਨੇ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਆਤਮਿਕ ਮਜ਼ਬੂਤੀ ਅਤੇ ਦਇਆ ਦੀ ਮਹੱਤਤਾ ’ਤੇ ਜ਼ੋਰ ਦਿੰਦਿਆਂ ਕਿਹਾ, “ਅਸਲ ਤੰਦਰੁਸਤੀ ਅੰਦਰੂਨੀ ਤਾਕਤ, ਜੀਵਨ ਦੇ ਉਦੇਸ਼ ਅਤੇ ਮਨੁੱਖੀ ਰਿਸ਼ਤਿਆਂ ਨਾਲ ਜੁੜੀ ਹੁੰਦੀ ਹੈ। ਹਮਦਰਦੀ ਅਤੇ ਅਧਿਆਤਮਿਕ ਸਿਆਣਪ ਜੀਵਨ ਦੀਆਂ ਭਾਵਨਾਤਮਕ ਚੁਣੌਤੀਆਂ ਦਾ ਸਾਹਮਣਾ ਕਰਨ ਵਿੱਚ ਮਦਦਗਾਰ ਹੋ ਸਕਦੀਆਂ ਹਨ।”
ਮੰਥਨ ਗਰੁੱਪ ਵੱਲੋਂ ਪੇਸ਼ ਕੀਤੇ ਪ੍ਰਭਾਵਸ਼ਾਲੀ ਨਾਟਕ ਰਾਹੀਂ ਡਿਜੀਟਲ ਲਤ ਅਤੇ ਇਸ ਦੇ ਰਿਸ਼ਤਿਆਂ, ਨੀਂਦ ਅਤੇ ਮਾਨਸਿਕ ਸਿਹਤ ’ਤੇ ਪੈਣ ਵਾਲੇ ਪ੍ਰਭਾਵਾਂ ਨੂੰ ਦਰਸਾਇਆ ਗਿਆ। ਪਿਊ ਰਿਸਰਚ ਸੈਂਟਰ ਦੀ ਅਪ੍ਰੈਲ 2026 ਦੀ ਖੋਜ ਅਨੁਸਾਰ, ਅਮਰੀਕਾ ਵਿੱਚ ਟਿਕਟੌਕ ਵਰਤਣ ਵਾਲੇ 37 ਫ਼ੀਸਦੀ ਕਿਸ਼ੋਰਾਂ ਨੇ ਦੱਸਿਆ ਕਿ ਇਸ ਪਲੇਟਫਾਰਮ ਕਾਰਨ ਉਨ੍ਹਾਂ ਦੀ ਨੀਂਦ ਪ੍ਰਭਾਵਿਤ ਹੋਈ ਹੈ। ਇਹ ਅੰਕੜਾ ਡਿਜੀਟਲ ਆਦਤਾਂ ਵਿੱਚ ਸੰਤੁਲਨ ਬਣਾਈ ਰੱਖਣ ਦੀ ਲੋੜ ਨੂੰ ਦਰਸਾਉਂਦਾ ਹੈ।
ਨਸ਼ਿਆਂ ਅਤੇ ਉਨ੍ਹਾਂ ਤੋਂ ਮੁਕਤੀ ਦੇ ਵਿਸ਼ੇ ’ਤੇ ਇੱਕ ਵੀਡੀਓ ਪੇਸ਼ ਕੀਤੀ ਗਈ। ਇਸ ਤੋਂ ਬਾਅਦ ਨਸ਼ੇ ਦੀ ਲਤ ਤੋਂ ਉੱਭਰ ਚੁੱਕੇ ਵਿਕਰਮ ਸੇਠੀ, ਜੋ ਹੁਣ ਮੈਂਟਰ ਅਤੇ ਲੇਖਕ ਹਨ, ਨੇ ਗੀਤ ਪੇਸ਼ ਕਰਕੇ ਆਪਣੀ ਸਿਹਤਯਾਬੀ ਅਤੇ ਮੁੜ ਵਸੇਬੇ ਦੇ ਸਫ਼ਰ ਨੂੰ ਦਰਸਾਇਆ।
ਕਲਗੀਧਰ ਟਰੱਸਟ ਦੇ ਰੀਹੈਬਿਲੀਟੇਸ਼ਨ ਕੌਂਸਲ ਆਫ਼ ਇੰਡੀਆ (RCI) ਨਾਲ ਰਜਿਸਟਰਡ ਵਿਸ਼ੇਸ਼ ਸਿੱਖਿਅਕ ਜਗਦੀਪ ਸਿੰਘ ਨੇ ਤਣਾਅ, ਚਿੰਤਾ ਅਤੇ ਡਿਪ੍ਰੈਸ਼ਨ ਬਾਰੇ ਜਾਣਕਾਰੀ ਭਰਪੂਰ ਸੈਸ਼ਨ ਕਰਵਾਇਆ। ਕਲਗੀਧਰ ਟਰੱਸਟ ਦੀ ਮਨੋਵਿਗਿਆਨੀ ਸਿਮਰਨਜੀਤ ਕੌਰ ਨੇ ਤਣਾਅ ਘਟਾਉਣ ਅਤੇ ਮਨ ਨੂੰ ਸ਼ਾਂਤ ਰੱਖਣ ਲਈ ਵਿਹਾਰਕ ਅਭਿਆਸ ਕਰਵਾਏ।
ਸੋਰੇਮ ਸਕੂਲ ਦੀ ਪ੍ਰਿੰਸੀਪਲ ਸੰਗੀਤਾ ਜੈਨ ਨੇ ਦਿਵਿਆਂਗ ਵਿਅਕਤੀਆਂ ਅਤੇ ਉਨ੍ਹਾਂ ਦੀ ਦੇਖਭਾਲ ਕਰਨ ਵਾਲੇ ਪਰਿਵਾਰਕ ਮੈਂਬਰਾਂ ਦੀ ਮਾਨਸਿਕ ਸਿਹਤ ਨਾਲ ਜੁੜੀਆਂ ਚੁਣੌਤੀਆਂ ਬਾਰੇ ਵਿਚਾਰ ਸਾਂਝੇ ਕੀਤੇ। ਔਟਿਜ਼ਮ ਵਾਲੇ ਇੱਕ ਬੱਚੇ ਦੀ ਦੇਖਭਾਲ ਕਰਨ ਵਾਲੇ ਵਿਅਕਤੀ ਨੇ ਵੀ ਆਪਣੇ ਨਿੱਜੀ ਤਜਰਬੇ ਸਾਂਝੇ ਕੀਤੇ ਅਤੇ ਪਰਿਵਾਰਕ ਸਹਿਯੋਗ, ਸੰਵੇਦਨਸ਼ੀਲਤਾ ਅਤੇ ਸਮਾਜਿਕ ਸਵੀਕਾਰਤਾ ਦੀ ਮਹੱਤਤਾ ਉਜਾਗਰ ਕੀਤੀ।
ਡਾ. ਤਰਨਦੀਪ ਸਿੰਘ, ਪ੍ਰੋਫੈਸਰ, ਪੀਜੀਆਈ, ਨੇ ਮਾਨਸਿਕ ਮਜ਼ਬੂਤੀ ਅਤੇ ਸਮਾਜਿਕ ਭਲਾਈ ਵਿੱਚ ਅਧਿਆਤਮਿਕਤਾ, ਸੇਵਾ ਅਤੇ ਹਮਦਰਦੀ ਦੀ ਭੂਮਿਕਾ ਬਾਰੇ ਚਾਨਣਾ ਪਾਇਆ।
ਸਮਾਗਮ ਦਾ ਇੱਕ ਵਿਸ਼ੇਸ਼ ਆਕਰਸ਼ਣ ‘ਥਰਾਈਵ ਬੋਰਡ’ ਰਿਹਾ, ਜਿਸ ’ਤੇ ਹਾਜ਼ਰ ਲੋਕਾਂ ਨੇ ‘ਜ਼ਿੰਦਗੀ ਵਿੱਚ ਕਿਵੇਂ ਅੱਗੇ ਵਧੀਏ ਅਤੇ ਖੁਸ਼ਹਾਲ ਰਹੀਏ’ ਵਿਸ਼ੇ ’ਤੇ ਆਪਣੇ ਸੁਨੇਹੇ ਲਗਾਏ। ਇਸ ਤੋਂ ਇਲਾਵਾ ਚੜ੍ਹਦੀਕਲਾ ਸਟੂਡੀਓ ਦਾ ਸਟਾਲ, ਮਾਨਸਿਕ ਸਿਹਤ ਨਾਲ ਸਬੰਧਤ ਪੁਸਤਕਾਂ ਦਾ ਸਟਾਲ ਅਤੇ ਸੋਰੇਮ ਸਕੂਲ ਦੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਵੱਲੋਂ ਤਿਆਰ ਕੀਤੀਆਂ ਹੱਥੀਂ ਬਣੀਆਂ ਵਸਤਾਂ ਦਾ ਸਟਾਲ ਵੀ ਲਗਾਇਆ ਗਿਆ।
‘ਸੁਖਮਨ 2026’ ਨੇ ਇਹ ਸੁਨੇਹਾ ਦਿੱਤਾ ਕਿ ਮਾਨਸਿਕ ਸਿਹਤ ਨਾਲ ਜੁੜੇ ਕਲੰਕ ਅਤੇ ਚੁੱਪੀ ਨੂੰ ਦੂਰ ਕਰਕੇ ਸਮਝਦਾਰੀ, ਸਮੇਂ ਸਿਰ ਸਹਾਇਤਾ ਅਤੇ ਸਮੂਹਿਕ ਜ਼ਿੰਮੇਵਾਰੀ ਨੂੰ ਉਤਸ਼ਾਹਿਤ ਕਰਨਾ ਬਹੁਤ ਜ਼ਰੂਰੀ ਹੈ।
ਕਲਗੀਧਰ ਟਰੱਸਟ ਵੱਲੋਂ ਚੀਮਾ ਸਾਹਿਬ (ਪੰਜਾਬ) ਅਤੇ ਬੜੂ ਸਾਹਿਬ (ਹਿਮਾਚਲ ਪ੍ਰਦੇਸ਼) ਵਿਖੇ ਚਲਾਏ ਜਾ ਰਹੇ ਅਕਾਲ ਮਨੋਰੋਗ ਅਤੇ ਨਸ਼ਾ ਛੁਡਾਊ ਕੇਂਦਰਾਂ ਵਿੱਚ ਡਾਕਟਰੀ ਇਲਾਜ, ਕਾਊਂਸਲਿੰਗ, ਅਧਿਆਤਮਿਕ ਸਹਿਯੋਗ ਅਤੇ ਸਮਾਜਿਕ ਭਾਗੀਦਾਰੀ ਰਾਹੀਂ ਨਸ਼ਾ ਮੁਕਤੀ ਅਤੇ ਮੁੜ ਵਸੇਬੇ ਦੀਆਂ ਸੇਵਾਵਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ।
- Download Babushahi App
-
-