ਚੰਡੀਗੜ੍ਹ ਮੈਰਾਥਨ 2026 ਵਿੱਚ 1,500 ਦੌੜਾਕ ਲੈਣਗੇ ਹਿੱਸਾ
ਐਸਐਸਪੀ ਕੰਵਰਦੀਪ ਕੌਰ ਅਤੇ ਡੀਸੀ ਨਿਸ਼ਾਂਤ ਯਾਦਵ ਵੱਖ-ਵੱਖ ਦੌੜਾਂ ਨੂੰ ਦਿਖਾਉਣਗੇ ਹਰੀ ਝੰਡੀ
ਚੰਡੀਗੜ੍ਹ, 8 ਅਕਤੂਬਰ: ਚੰਡੀਗੜ੍ਹ ਲਾਈਫ ਵੱਲੋਂ ਕਰਵਾਈ ਜਾ ਰਹੀ ਚੰਡੀਗੜ੍ਹ ਮੈਰਾਥਨ ਐਂਡ ਵੈਲਨੈੱਸ 2026 ਵਿੱਚ ਇਸ ਵਾਰ ਕਰੀਬ 1,500 ਦੌੜਾਕ ਹਿੱਸਾ ਲੈਣਗੇ। “ਰਨ ਫਾਰ ਏ ਸਸਟੇਨੇਬਲ ਲਾਈਫ – ਰਨ ਫਾਰ ਏ ਡਰੱਗ-ਫ੍ਰੀ ਚੰਡੀਗੜ੍ਹ” ਥੀਮ ’ਤੇ ਆਧਾਰਿਤ ਇਹ ਮੈਰਾਥਨ 11 ਅਕਤੂਬਰ ਨੂੰ ਸੈਕਟਰ-1 ਸਥਿਤ ਕੈਪੀਟਲ ਕੰਪਲੈਕਸ ਵਿਖੇ ਕਰਵਾਈ ਜਾਵੇਗੀ।
ਚੰਡੀਗੜ੍ਹ ਦੀ ਐਸਐਸਪੀ ਕੰਵਰਦੀਪ ਕੌਰ ਅਤੇ ਡਿਪਟੀ ਕਮਿਸ਼ਨਰ ਨਿਸ਼ਾਂਤ ਯਾਦਵ ਮੈਰਾਥਨ ਦੀਆਂ ਵੱਖ-ਵੱਖ ਸ਼੍ਰੇਣੀਆਂ ਨੂੰ ਹਰੀ ਝੰਡੀ ਦਿਖਾਉਣਗੇ।
ਮੈਰਾਥਨ ਵਿੱਚ 21.1 ਕਿਲੋਮੀਟਰ ਹਾਫ ਮੈਰਾਥਨ, ਟਾਈਮਡ 10 ਕਿਲੋਮੀਟਰ ਅਤੇ 5 ਕਿਲੋਮੀਟਰ ਰਨ, 5 ਕਿਲੋਮੀਟਰ ਅਤੇ 3 ਕਿਲੋਮੀਟਰ ਫਨ ਰਨ, ਵਾਕਾਥਾਨ ਅਤੇ ਬੱਚਿਆਂ ਦੀਆਂ ਦੌੜਾਂ ਸ਼ਾਮਲ ਹਨ। ਪਹਿਲੀ ਦੌੜ ਸਵੇਰੇ 5 ਵਜੇ ਸ਼ੁਰੂ ਹੋਵੇਗੀ।
ਪ੍ਰਬੰਧਕਾਂ ਮੁਤਾਬਕ ਇਸ ਸਾਲ ਭਾਗ ਲੈਣ ਵਾਲਿਆਂ ਦੀ ਗਿਣਤੀ ਪਿਛਲੇ ਸਾਲ ਦੇ ਕਰੀਬ 1,300 ਦੇ ਮੁਕਾਬਲੇ ਵੱਧ ਕੇ ਲਗਭਗ 1,500 ਹੋ ਗਈ ਹੈ। ਇਹ ਵਾਧਾ ਲੋਕਾਂ ਵਿੱਚ ਫਿਟਨੈੱਸ, ਬਿਮਾਰੀਆਂ ਤੋਂ ਬਚਾਅ ਲਈ ਸਿਹਤ ਸੰਭਾਲ ਅਤੇ ਐਕਟਿਵ ਲਾਈਫਸਟਾਈਲ ਪ੍ਰਤੀ ਵੱਧ ਰਹੀ ਜਾਗਰੂਕਤਾ ਨੂੰ ਦਰਸਾਉਂਦਾ ਹੈ।
ਪ੍ਰਬੰਧਕ ਰਾਹੁਲ ਗੋਇਲ ਅਤੇ ਡੈਨੀ ਨੇ ਕਿਹਾ ਕਿ ਮੈਰਾਥਨ ਸਿਰਫ਼ ਇੱਕ ਖੇਡ ਮੁਕਾਬਲਾ ਨਹੀਂ, ਸਗੋਂ ਚੰਡੀਗੜ੍ਹ ਵਿੱਚ ਤੇਜ਼ੀ ਨਾਲ ਵਧ ਰਹੀ ਵੈਲਨੈੱਸ ਮੁਹਿੰਮ ਦਾ ਹਿੱਸਾ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਫਿਟਨੈੱਸ ਅਤੇ ਸਿਹਤਮੰਦ ਜੀਵਨਸ਼ੈਲੀ ਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਬਣਾਉਣ ਲਈ ਪ੍ਰੇਰਿਤ ਕਰਨਾ ਇਸ ਸਮਾਗਮ ਦਾ ਮੁੱਖ ਉਦੇਸ਼ ਹੈ। ਇਸ ਦੇ ਨਾਲ ਹੀ ਖੇਡਾਂ ਅਤੇ ਫਿਟਨੈੱਸ ਰਾਹੀਂ ਨੌਜਵਾਨਾਂ ਨੂੰ ਨਸ਼ਿਆਂ ਅਤੇ ਨਸ਼ੀਲੇ ਪਦਾਰਥਾਂ ਤੋਂ ਦੂਰ ਰਹਿਣ ਦਾ ਸੰਦੇਸ਼ ਵੀ ਦਿੱਤਾ ਜਾ ਰਿਹਾ ਹੈ।
ਸਮਾਗਮ ਵਿੱਚ ਸਸਟੇਨੇਬਿਲਟੀ ’ਤੇ ਵੀ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ। ਰਾਊਂਡਗਲਾਸ ਫਾਊਂਡੇਸ਼ਨ ਦੇ ਸਹਿਯੋਗ ਨਾਲ ਹਰ ਭਾਗੀਦਾਰ ਦੇ ਨਾਮ ’ਤੇ ਇੱਕ ਰੁੱਖ ਲਗਾਇਆ ਜਾਵੇਗਾ, ਜਿਸ ਰਾਹੀਂ ਉਨ੍ਹਾਂ ਦੀ ਭਾਗੀਦਾਰੀ ਨੂੰ ਵਾਤਾਵਰਣ ਸੰਭਾਲ ਨਾਲ ਜੋੜਿਆ ਜਾਵੇਗਾ।
ਮੈਰਾਥਨ ਵਿੱਚ ਸੁਣਨ ਅਤੇ ਬੋਲਣ ਵਿੱਚ ਮੁਸ਼ਕਲ ਵਾਲੇ ਕਰੀਬ 50 ਬੱਚੇ ਵੀ ਹਿੱਸਾ ਲੈਣਗੇ। ਉਨ੍ਹਾਂ ਦੀ ਭਾਗੀਦਾਰੀ ਇਸ ਸਮਾਗਮ ਨੂੰ ਹੋਰ ਸਮਾਵੇਸ਼ੀ ਬਣਾਉਣ ਦੇ ਨਾਲ-ਨਾਲ ਵੱਖ-ਵੱਖ ਸਮਰੱਥਾਵਾਂ ਵਾਲੇ ਬੱਚਿਆਂ ਨੂੰ ਫਿਟਨੈੱਸ ਅਤੇ ਵੈਲਨੈੱਸ ਦੀ ਇਸ ਪਹਿਲ ਨਾਲ ਜੋੜਨ ਵੱਲ ਇੱਕ ਅਹਿਮ ਕਦਮ ਹੈ।
- Download Babushahi App
-
-