ਸੋਸ਼ਲ ਮੀਡੀਆ ਇਨਫਲੂਐਂਸਰ 'ਮੈਡ ਸੰਧੂ' ਕਤਲ ਕਾਂਡ 'ਚ ਵੱਡੀ ਸਫ਼ਲਤਾ: 6 ਜਣੇ ਕੀਤੇ ਗ੍ਰਿਫ਼ਤਾਰ
ਅੰਮ੍ਰਿਤਸਰ, 8 ਅਕਤੂਬਰ, 2026: ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਨੇ ਗੁਜਰਾਤ ਪੁਲਿਸ ਨਾਲ ਚਲਾਏ ਗਏ ਇੱਕ ਸਾਂਝੇ ਆਪ੍ਰੇਸ਼ਨ ਦੌਰਾਨ ਮਸ਼ਹੂਰ ਸੋਸ਼ਲ ਮੀਡੀਆ ਪ੍ਰਭਾਵਕ (ਇਨਫਲੂਐਂਸਰ) ਮਧੂਸੂਦਨ ਸਿੰਘ ਉਰਫ਼ 'ਮੈਡ ਸੰਧੂ' ਦੇ ਸਨਸਨੀਖੇਜ਼ ਕਤਲ ਕੇਸ ਦੀ ਗੁੱਥੀ ਸੁਲਝਾਉਂਦਿਆਂ ਮੁੱਖ ਸ਼ੂਟਰ ਸਮੇਤ 6 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜ਼ਿਕਰਯੋਗ ਹੈ ਕਿ 3 ਅਕਤੂਬਰ, 2026 ਦੀ ਸ਼ਾਮ ਨੂੰ ਅੰਮ੍ਰਿਤਸਰ ਦੇ ਲੋਹਾਰਕਾ ਰੋਡ 'ਤੇ ਮੈਡ ਸੰਧੂ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਭੁਪਿੰਦਰ ਸਿੰਘ ਦੀ ਸ਼ਿਕਾਇਤ 'ਤੇ ਥਾਣਾ ਛਾਉਣੀ ਅੰਮ੍ਰਿਤਸਰ ਵਿਖੇ ਬੀ.ਐੱਨ.ਐੱਸ. ਦੀਆਂ ਸਬੰਧਤ ਧਾਰਾਵਾਂ ਅਤੇ ਅਸਲਾ ਐਕਟ ਤਹਿਤ ਮੁਕੱਦਮਾ ਨੰਬਰ 186 ਦਰਜ ਕੀਤਾ ਗਿਆ ਸੀ। ਤਕਨੀਕੀ ਜਾਂਚ, ਮਨੁੱਖੀ ਖੁਫ਼ੀਆ ਤੰਤਰ ਅਤੇ ਲਗਾਤਾਰ ਖੋਜ ਤੋਂ ਬਾਅਦ ਪੁਲਿਸ ਟੀਮ ਨੇ ਗੁਜਰਾਤ ਪੁਲਿਸ ਦੇ ਸਹਿਯੋਗ ਨਾਲ ਮੁੱਖ ਦੋਸ਼ੀ ਅਤੇ ਸ਼ੂਟਰ ਪਰਮਿੰਦਰ ਉਰਫ਼ ਕਾਕਾ (ਵਾਸੀ ਲੋਹੀਆਂ ਖਾਸ, ਜਲੰਧਰ) ਸਮੇਤ ਛੇ ਮੁਲਜ਼ਮਾਂ ਨੂੰ ਟਰੇਸ ਕਰਕੇ ਕਾਬੂ ਕੀਤਾ।
ਗ੍ਰਿਫ਼ਤਾਰ ਕੀਤੇ ਗਏ ਹੋਰ ਮੁਲਜ਼ਮਾਂ ਵਿੱਚ ਅਮਨਦੀਪ ਸਿੰਘ (ਤਾਸ਼ਪੁਰ, ਕਪੂਰਥਲਾ), ਪਰਮਵੀਰ ਸਿੰਘ (ਲੋਹੀਆਂ ਖਾਸ, ਜਲੰਧਰ), ਬਲਜਿੰਦਰ ਸਿੰਘ ਉਰਫ਼ ਲਾਲੀ (ਦਲਾਵਰਪੁਰ, ਤਰਨਤਾਰਨ), ਬਲਰਾਜ ਸਿੰਘ ਉਰਫ਼ ਬੰਟੀ ਅਤੇ ਵਿਕਾਸ ਸਿੰਘ (ਦੋਵੇਂ ਵਾਸੀ ਖਲਚੀਆ, ਅੰਮ੍ਰਿਤਸਰ ਦਿਹਾਤੀ) ਸ਼ਾਮਲ ਹਨ।
ਅੰਮ੍ਰਿਤਸਰ ਪੁਲਿਸ ਦੀ ਇੱਕ ਵਿਸ਼ੇਸ਼ ਟੀਮ ਮੁੱਖ ਸ਼ੂਟਰ ਪਰਮਿੰਦਰ ਉਰਫ਼ ਕਾਕਾ ਨੂੰ ਰਸਮੀ ਤੌਰ 'ਤੇ ਹਿਰਾਸਤ 'ਚ ਲੈਣ ਲਈ ਹਵਾਈ ਰਸਤੇ ਗੁਜਰਾਤ ਰਵਾਨਾ ਹੋ ਚੁੱਕੀ ਹੈ। ਲੋੜੀਂਦੀਆਂ ਕਾਨੂੰਨੀ ਰਸਮਾਂ ਪੂਰੀਆਂ ਕਰਨ ਤੋਂ ਬਾਅਦ ਦੋਸ਼ੀ ਨੂੰ ਡੂੰਘਾਈ ਨਾਲ ਪੁੱਛਗਿੱਛ ਲਈ ਅੰਮ੍ਰਿਤਸਰ ਲਿਆਂਦਾ ਜਾਵੇਗਾ। ਮੁਢਲੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਮੁਲਜ਼ਮਾਂ ਨੇ ਇਹ ਕਤਲ ਤਰਨਤਾਰਨ ਦੇ ਗੈਂਗਸਟਰ ਜੱਗਾ ਗੈਂਗ ਦੇ ਇਸ਼ਾਰੇ 'ਤੇ ਕੀਤਾ ਸੀ। ਪੁਲਿਸ ਅਨੁਸਾਰ ਘਟਨਾ ਨਾਲ ਜੁੜੇ ਬਾਕੀ ਚਿਹਰਿਆਂ ਅਤੇ ਵਾਰਦਾਤ ਦੇ ਪਿੱਛੇ ਦੀ ਪੂਰੀ ਸਾਜ਼ਿਸ਼ ਦਾ ਪਰਦਾਫਾਸ਼ ਕਰਨ ਲਈ ਅੱਗੇ ਦੀ ਜਾਂਚ ਜਾਰੀ ਹੈ।
- Download Babushahi App
-
-