ਕੇਂਦਰੀ ਏਜੰਸੀਆਂ ਦੀ ਦੁਰਵਰਤੋਂ ਕਰਕੇ ਲੋਕਤੰਤਰ ਦਾ ਘਾਣ ਕਰ ਰਹੀ ਹੈ ਭਾਜਪਾ: ਚੀਮਾ, ਬੈਂਸ ਅਤੇ ਅਮਨ ਅਰੋੜਾ ਦਾ ਦਾਅਵਾ
Babushahi Network
ਚੰਡੀਗੜ੍ਹ / ਮੋਹਾਲੀ / ਸੰਗਰੂਰ, 6 ਅਕਤੂਬਰ 2026- ਪੰਜਾਬ ਦੀ ਰਾਜਨੀਤੀ ਵਿੱਚ ਅੱਜ ਉਸ ਵੇਲੇ ਵੱਡਾ ਭੂਚਾਲ ਆ ਗਿਆ, ਜਦੋਂ ਸੀ.ਬੀ.ਆਈ. (CBI) ਦੀਆਂ ਵੱਖ-ਵੱਖ ਟੀਮਾਂ ਨੇ ਇੱਕੋ ਸਮੇਂ ਪੰਜਾਬ ਅਤੇ ਚੰਡੀਗੜ੍ਹ ਵਿੱਚ ਕਈ ਅਹਿਮ ਠਿਕਾਣਿਆਂ 'ਤੇ ਛਾਪੇਮਾਰੀ ਕੀਤੀ। ਸਭ ਤੋਂ ਵੱਡੀ ਕਾਰਵਾਈ ਚੰਡੀਗੜ੍ਹ ਦੇ ਸੈਕਟਰ 2 ਸਥਿਤ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਕੈਂਪ ਆਫਿਸ (ਕੋਠੀ ਨੰਬਰ 50) ਵਿਖੇ ਦੇਖਣ ਨੂੰ ਮਿਲੀ, ਜਿੱਥੇ ਸੀ.ਬੀ.ਆਈ. ਦੀਆਂ ਟੀਮਾਂ ਨੇ ਪਹੁੰਚ ਕੇ ਮਹੱਤਵਪੂਰਨ ਦਸਤਾਵੇਜ਼ਾਂ ਅਤੇ ਰਿਕਾਰਡਾਂ ਦੀ ਖੰਗਾਲਣਾ ਸ਼ੁਰੂ ਕਰ ਦਿੱਤੀ। ਇਸ ਤੋਂ ਇਲਾਵਾ ਸੀ.ਬੀ.ਆਈ. ਨੇ ਮੋਹਾਲੀ ਦੇ ਫੇਜ਼ 11 ਅਤੇ ਸੰਗਰੂਰ ਦੇ ਪਿੰਡ ਘਰਾਚੋਂ ਵਿੱਚ ਵੀ ਦਬਿਸ਼ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਸੰਗਰੂਰ ਦੇ ਪਿੰਡ ਘਰਾਚੋਂ ਵਿੱਚ ਮੁੱਖ ਮੰਤਰੀ ਦੇ ਓ.ਐੱਸ.ਡੀ. (OSD) ਰਾਜਵੀਰ ਘੁੰਮਣ ਨਾਲ ਸਬੰਧਤ ਠਿਕਾਣਿਆਂ 'ਤੇ ਵੀ ਜਾਂਚ ਏਜੰਸੀਆਂ ਵੱਲੋਂ ਕਾਰਵਾਈ ਕੀਤੀ ਗਈ ਹੈ। ਹਾਈ ਕੋਰਟ ਦੇ ਆਦੇਸ਼ਾਂ ਤੋਂ ਬਾਅਦ ਹੋਈ ਇਸ ਅਚਾਨਕ ਛਾਪੇਮਾਰੀ ਨੇ ਪੰਜਾਬ ਦੇ ਸਿਆਸੀ ਪਾਰੇ ਨੂੰ ਪੂਰੀ ਤਰ੍ਹਾਂ ਗਰਮਾ ਦਿੱਤਾ ਹੈ।
ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕੇਂਦਰ ਸਰਕਾਰ 'ਤੇ ਤਿੱਖੇ ਹਮਲੇ ਬੋਲਦਿਆਂ ਕਿਹਾ ਕਿ ਜਿੱਥੇ ਵੀ ਚੋਣਾਂ ਹੁੰਦੀਆਂ ਹਨ, ਉੱਥੇ ਦੋ-ਤਿੰਨ ਮਹੀਨੇ ਪਹਿਲਾਂ ਸੀ.ਬੀ.ਆਈ. ਅਤੇ ਈ.ਡੀ. ਭੇਜਣਾ ਭਾਜਪਾ ਦਾ ਪੁਰਾਣਾ ਤਰੀਕਾ ਹੈ। ਉਹਨਾਂ ਦਿੱਲੀ ਅਤੇ ਪੱਛਮੀ ਬੰਗਾਲ ਦੀਆਂ ਚੋਣਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਉੱਥੇ ਵੀ ਵਿਰੋਧੀ ਧਿਰਾਂ ਨੂੰ ਡਰਾਉਣ ਅਤੇ ਲੋਕਤੰਤਰ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਸਨ। ਚੀਮਾ ਨੇ ਕਿਹਾ, "ਸਾਡੇ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਸਾਡੀ ਪੂਰੀ ਟੀਮ ਖਿਲਾਫ ਝੂਠੇ ਕੇਸ ਬਣਾਏ ਗਏ, ਜੋ ਅਦਾਲਤ ਵਿੱਚ ਢਹਿ-ਢੇਰੀ ਹੋ ਗਏ। ਪੰਜਾਬ ਦੇ 3 ਕਰੋੜ ਲੋਕਾਂ ਨੇ ਦੇਸ਼ ਦੀ ਆਜ਼ਾਦੀ ਲਈ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਹਨ ਅਤੇ ਪੰਜਾਬੀ ਅਜਿਹੀਆਂ ਕੋਝੀਆਂ ਚਾਲਾਂ ਅੱਗੇ ਕਦੇ ਨਹੀਂ ਝੁਕਣਗੇ।"
ਪੰਜਾਬ 'ਚ ਭਾਜਪਾ ਦਾ ਬਲੰਡਰ ਸਾਬਤ ਹੋਵੇਗਾ ਇਹ ਐਕਸ਼ਨ: ਹਰਜੋਤ ਸਿੰਘ ਬੈਂਸ
ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਇਹ ਕਾਰਵਾਈ ਪੂਰੀ ਤਰ੍ਹਾਂ ਪੋਲੀਟੀਕਲੀ ਮੋਟੀਵੇਟਡ ਹੈ। ਉਹਨਾਂ ਕਿਹਾ ਕਿ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਦੁਆਰਾ ਦਿੱਤੇ ਸੰਵਿਧਾਨਕ ਅਧਿਕਾਰਾਂ ਅਤੇ ਲੋਕਤੰਤਰ ਨੂੰ ਭਾਜਪਾ ਕਮਜ਼ੋਰ ਕਰਨਾ ਚਾਹੁੰਦੀ ਹੈ। ਬੈਂਸ ਨੇ ਕਿਹਾ, "ਮਹਾਰਾਸ਼ਟਰ ਵਿੱਚ ਭਾਜਪਾ ਦੇ ਫਾਰਮੂਲੇ ਕਾਮਯਾਬ ਹੋ ਗਏ ਹੋਣਗੇ, ਪਰ ਪੰਜਾਬ ਵੱਖਰਾ ਸੂਬਾ ਹੈ। ਇੱਥੇ ਲੋਕ ਇਸ ਕਾਰਵਾਈ 'ਤੇ ਬਹੁਤ ਤਿੱਖਾ ਰਿਐਕਸ਼ਨ ਦੇਣਗੇ। ਭਾਜਪਾ ਦਾ ਜੋ 2-4 ਫੀਸਦੀ ਵੋਟ ਬੈਂਕ ਪੰਜਾਬ ਵਿੱਚ ਸੀ, ਉਹ ਵੀ ਇਸ ਹਰਕਤ ਨਾਲ ਖਤਮ ਹੋ ਜਾਵੇਗਾ। ਸਾਡੇ ਮੰਤਰੀਆਂ, ਵਿਧਾਇਕਾਂ ਅਤੇ ਵਰਕਰਾਂ ਨੂੰ ਟਾਰਗੇਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਮੁੱਖ ਮੰਤਰੀ ਭਗਵੰਤ ਮਾਨ ਦੀ ਲੋਕਪ੍ਰਿਯਤਾ ਹੋਰ ਵਧੇਗੀ।"
ਇਹ ਬੀਜੇਪੀ ਦਾ ਚੋਣ ਪ੍ਰਚਾਰ ਹੈ, ਅਸੀਂ ਲੀਗਲ ਲੜਾਈ ਲੜਾਂਗੇ: ਅਮਨ ਅਰੋੜਾ
ਪੰਜਾਬ ਆਮ ਆਦਮੀ ਪਾਰਟੀ ਦੇ ਆਗੂ ਅਮਨ ਅਰੋੜਾ ਨੇ ਕਿਹਾ ਕਿ ਭਾਜਪਾ ਨੇ ਪੰਜਾਬ ਵਿੱਚ ਆਪਣੀ ਚੋਣ ਮੁਹਿੰਮ (Campaign) ਦੀ ਲਾਂਚਿੰਗ ਏਜੰਸੀਆਂ ਰਾਹੀਂ ਕੀਤੀ ਹੈ। ਉਹਨਾਂ ਕਿਹਾ, "ਪੰਜਾਬ ਵਿੱਚ ਸਰਕਾਰ ਦੇ ਵਿਕਾਸ ਕਾਰਜਾਂ ਦਾ ਭਾਜਪਾ ਕੋਲ ਕੋਈ ਜਵਾਬ ਨਹੀਂ ਹੈ। ਇਸੇ ਲਈ ਉਹ ਟੌਪ ਲੀਡਰਸ਼ਿਪ ਨੂੰ ਝੂਠੇ ਕੇਸਾਂ ਵਿੱਚ ਉਲਝਾ ਕੇ ਡਰ ਦਾ ਮਾਹੌਲ ਬਣਾਉਣਾ ਚਾਹੁੰਦੇ ਹਨ।"
ਅਮਨ ਅਰੋੜਾ ਨੇ ਸਵਾਲ ਕੀਤਾ ਕਿ ਜੇਕਰ ਸੀ.ਬੀ.ਆਈ. ਇੰਨੀ ਹੀ ਨਿਰਪੱਖ ਹੈ, ਤਾਂ ਭਾਜਪਾ ਸ਼ਾਸਿਤ ਰਾਜਾਂ ਵਿੱਚ ਹੋ ਰਹੇ ਭ੍ਰਿਸ਼ਟਾਚਾਰ 'ਤੇ ਕਾਰਵਾਈ ਕਿਉਂ ਨਹੀਂ ਹੁੰਦੀ? ਉਹਨਾਂ ਕਿਹਾ ਕਿ ਹਜੇ ਇਸ ਮਾਮਲੇ 'ਤੇ ਸੁਪਰੀਮ ਕੋਰਟ ਅਤੇ ਲੀਗਲ ਆਪਸ਼ਨਜ਼ ਦੇ ਰਸਤੇ ਖੁੱਲ੍ਹੇ ਹਨ। ਆਮ ਆਦਮੀ ਪਾਰਟੀ ਕਾਨੂੰਨੀ ਤੌਰ 'ਤੇ ਅਦਾਲਤ ਦਾ ਦਰਵਾਜ਼ਾ ਖੜਕਾਏਗੀ ਅਤੇ ਰਾਜਨੀਤਿਕ ਮੈਦਾਨ ਵਿੱਚ ਵੀ ਭਾਜਪਾ ਦੀਆਂ ਇਹਨਾਂ ਚਾਲਾਂ ਦਾ ਡੱਟ ਕੇ ਮੁਕਾਬਲਾ ਕਰੇਗੀ।
- Download Babushahi App
-
-