ਨਸ਼ੇ ਦੀ ਸਮੱਸਿਆ ਕਾਰਨ ਨਰੂਆਣਾ ਦੀ ਪੰਚਾਇਤ ਵੱਲੋਂ ਐਨਰਜੀ ਡ੍ਰਿੰਕ ਦੀ ਵਿਕਰੀ ’ਤੇ ਰੋਕ ਸਬੰਧੀ ਮਤਾ ਪਾਸ
ਅਸ਼ੋਕ ਵਰਮਾ
ਬਠਿੰਡਾ ,08 ਅਕਤੂਬਰ 2026: ਬਠਿੰਡਾ ਦੇ ਨਰੂਆਣਾ ਪਿੰਡ ਵਿੱਚ ਗ੍ਰਾਮ ਪੰਚਾਇਤ ਨੇ ਐਨਰਜੀ ਡ੍ਰਿੰਕ ਦੀ ਵਿਕਰੀ ’ਤੇ ਰੋਕ ਲਗਾਉਣ ਦਾ ਮਤਾ ਪਾਸ ਕੀਤਾ ਹੈ। ਪੰਚਾਇਤ ਦਾ ਕਹਿਣਾ ਹੈ ਕਿ ਪਿੰਡ ਨੇੜੇ ਸਥਿਤ ਬੀੜ ਤਾਲਾਬ ਬਸਤੀ ਵਿੱਚ ਨਸ਼ਾ ਤਸਕਰਾਂ ਦੀ ਸਰਗਰਮੀ ਕਾਰਨ ਚੋਰੀ ਅਤੇ ਅਪਰਾਧਿਕ ਗਤੀਵਿਧੀਆਂ ਦਾ ਖਤਰਾ ਬਣਿਆ ਰਹਿੰਦਾ ਹੈ। ਇਸੇ ਨੂੰ ਦੇਖਦੇ ਹੋਏ ਇਹ ਫੈਸਲਾ ਲਿਆ ਗਿਆ ਹੈ।
ਸਰਪੰਚ ਗੁਰਧਿਆਨ ਸਿੰਘ ਦੇ ਮੁਤਾਬਕ ਪੰਚਾਇਤ ਨੂੰ ਸ਼ੱਕ ਹੈ ਕਿ ਨਸ਼ਾ ਕਰਨ ਤੋਂ ਬਾਅਦ ਕੁਝ ਲੋਕ ਨਰੂਆਣਾ ਦੀਆਂ ਦੁਕਾਨਾਂ ’ਤੇ ਐਨਰਜੀ ਡ੍ਰਿੰਕ ਪੀਣ ਲਈ ਰੁਕਦੇ ਹਨ। ਇਸ ਦੌਰਾਨ ਉਹ ਪਿੰਡ ਵਿੱਚ ਘੁੰਮ ਕੇ ਘਰਾਂ ਅਤੇ ਹੋਰ ਥਾਵਾਂ ਦੀ ਰੇਕੀ ਕਰਦੇ ਹਨ। ਪੰਚਾਇਤ ਦਾ ਮੰਨਣਾ ਹੈ ਕਿ ਇਸ ਨਾਲ ਚੋਰੀ ਦੀਆਂ ਘਟਨਾਵਾਂ ਦਾ ਖਤਰਾ ਵਧ ਰਿਹਾ ਹੈ।
ਪੰਚਾਇਤ ਨੇ ਦੁਕਾਨਦਾਰਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਕੋਈ ਵਿਅਕਤੀ ਐਨਰਜੀ ਡ੍ਰਿੰਕ ਵੇਚਦਾ ਪਾਇਆ ਗਿਆ ਤਾਂ ਉਸ ’ਤੇ ਜੁਰਮਾਨਾ ਲਗਾਇਆ ਜਾਵੇਗਾ। ਇਸ ਦੇ ਨਾਲ ਹੀ ਪੰਚਾਇਤ ਪੱਧਰ ’ਤੇ ਉਸ ਦਾ ਸਮਾਜਿਕ ਬਾਈਕਾਟ ਕਰਨ ਦੀ ਗੱਲ ਵੀ ਕਹੀ ਗਈ ਹੈ। ਸਰਪੰਚ ਅਨੁਸਾਰ ਪਿੰਡ ਵਿੱਚ ਨਸ਼ੇ ਦੀਆਂ ਗਤੀਵਿਧੀਆਂ ਨੂੰ ਲੈ ਕੇ ਪੁਲਿਸ ਨੂੰ ਪਹਿਲਾਂ ਵੀ ਸੂਚਿਤ ਕੀਤਾ ਗਿਆ ਹੈ, ਪਰ ਸਮੱਸਿਆ ਦਾ ਸਥਾਈ ਹੱਲ ਨਹੀਂ ਹੋ ਸਕਿਆ।ਇਸੇ ਦੌਰਾਨ ਸਦਰ ਥਾਣੇ ਦੇ ਐਸਐਚਓ ਮਨੀਸ਼ ਕੁਮਾਰ ਨੇ ਕਿਹਾ ਕਿ ਨਰੂਆਣਾ ਵਿੱਚ ਚੋਰੀ ਦੀਆਂ ਘਟਨਾਵਾਂ ਜ਼ਿਆਦਾ ਨਹੀਂ ਹੋਈਆਂ ਹਨ। ਇੱਕ ਮਾਮਲੇ ਵਿੱਚ ਪੁਲਿਸ ਨੇ ਮੁਲਜ਼ਮ ਨੂੰ ਤੁਰੰਤ ਗ੍ਰਿਫ਼ਤਾਰ ਕਰ ਲਿਆ ਸੀ। ਉਨ੍ਹਾਂ ਨੇ ਬੀੜ ਤਾਲਾਬ ਬਸਤੀ ਵਿੱਚ ਨਸ਼ੇ ਦੀ ਸਮੱਸਿਆ ਹੋਣ ਦੀ ਗੱਲ ਤਾਂ ਮੰਨੀ, ਪਰ ਕਿਹਾ ਕਿ ਪੁਲਿਸ ਉੱਥੇ ਲਗਾਤਾਰ ਕਾਰਵਾਈ ਕਰ ਰਹੀ ਹੈ।
- Download Babushahi App
-
-