ਗਰੀਬੀ ਤੇ ਆਰਥਿਕ ਤੰਗੀ ਦੇ ਦਰਦ ਸਬੰਧੀ ਨਾਟਕ 'ਸਲਵਾਨ' ਦੇ ਮੰਚਨ ਨੇ ਦਰਸ਼ਕਾਂ ਨੂੰ ਝੰਜੋੜਿਆ
ਅਸ਼ੋਕ ਵਰਮਾ
ਬਠਿੰਡਾ, 28 ਸਤੰਬਰ 2026: ਨਾਟਿਅਮ ਦੇ 15ਵੇਂ ਨੈਸ਼ਨਲ ਥੀਏਟਰ ਫੈਸਟੀਵਲ ਦੀ ਦੂਜੀ ਰਾਤ ਪੰਜਾਬੀ ਦੇ ਪ੍ਰਸਿੱਧ ਨਾਟਕਕਾਰ ਅਜਮੇਰ ਸਿੰਘ ਔਲਖ ਵੱਲੋਂ ਲਿਖੇ ਮਸ਼ਹੂਰ ਨਾਟਕ ‘ਸਲਵਾਨ’ ਦਾ ਮੰਚਨ ਕੀਤਾ ਗਿਆ। ਥੀਏਟਰ ਫਾਰ ਥੀਏਟਰ, ਚੰਡੀਗੜ੍ਹ ਦੀ ਟੀਮ ਵੱਲੋਂ ਗੁਰਪ੍ਰੀਤ ਸਿੰਘ ਦੀ ਨਿਰਦੇਸ਼ਨਾ ਹੇਠ ਪੇਸ਼ ਕੀਤੇ ਗਏ ਇਸ ਨਾਟਕ ਨੇ ਦਰਸ਼ਕਾਂ ਨੂੰ ਭਾਵੁਕ ਕਰਨ ਦੇ ਨਾਲ-ਨਾਲ ਗਰੀਬੀ, ਆਰਥਿਕ ਤੰਗੀ ਅਤੇ ਮਨੁੱਖੀ ਰਿਸ਼ਤਿਆਂ ਨਾਲ ਜੁੜੇ ਗੰਭੀਰ ਸਵਾਲਾਂ ’ਤੇ ਸੋਚਣ ਲਈ ਮਜਬੂਰ ਕਰ ਦਿੱਤਾ।ਨਾਟਕ ਵਿੱਚ ਦਰਸਾਇਆ ਗਿਆ ਕਿ ਗਰੀਬੀ ਅਤੇ ਆਰਥਿਕ ਤੰਗੀ ਕਈ ਵਾਰ ਮਨੁੱਖ ਨੂੰ ਅਜਿਹੇ ਫੈਸਲੇ ਲੈਣ ਲਈ ਮਜਬੂਰ ਕਰ ਦਿੰਦੀ ਹੈ, ਜਿਨ੍ਹਾਂ ਦਾ ਪ੍ਰਭਾਵ ਉਸ ਦੀ ਆਪਣੀ ਜ਼ਿੰਦਗੀ ਦੇ ਨਾਲ-ਨਾਲ ਉਸ ਦੇ ਪਰਿਵਾਰ ਅਤੇ ਆਉਣ ਵਾਲੀਆਂ ਪੀੜ੍ਹੀਆਂ ’ਤੇ ਵੀ ਪੈਂਦਾ ਹੈ। ਪੈਸਾ ਕਮਾਉਣ ਦੀ ਦੌੜ ਵਿੱਚ ਪਰਿਵਾਰ ਅਤੇ ਮਨੁੱਖੀ ਰਿਸ਼ਤਿਆਂ ਤੋਂ ਦੂਰ ਹੁੰਦੇ ਜਾਣ ਦੀ ਪੀੜ ਨੂੰ ਨਾਟਕ ਵਿੱਚ ਬੇਹੱਦ ਮਾਰਮਿਕ ਢੰਗ ਨਾਲ ਪੇਸ਼ ਕੀਤਾ ਗਿਆ।
ਨਾਟਕ ਦਾ ਮੁੱਖ ਪਾਤਰ ਸਲਵਾਨ ਇੱਕ ਬੇਹੱਦ ਗਰੀਬ ਪਰਿਵਾਰ ਨਾਲ ਸਬੰਧਤ ਹੈ। ਗਰੀਬੀ ਅਤੇ ਆਰਥਿਕ ਤੰਗੀ ਤੋਂ ਪਰੇਸ਼ਾਨ ਹੋ ਕੇ ਉਹ ਆਪਣੀ ਗਰਭਵਤੀ ਪਤਨੀ ਅੱਛਰੋ ਅਤੇ ਘਰ-ਪਰਿਵਾਰ ਨੂੰ ਛੱਡ ਦਿੰਦਾ ਹੈ। ਉਸ ਦੇ ਮਨ ਵਿੱਚ ਇਹ ਧਾਰਨਾ ਬਣ ਜਾਂਦੀ ਹੈ ਕਿ ਪਿੰਡ ਵਿੱਚ ਗਰੀਬੀ ਨਾਲ ਜੂਝਦਿਆਂ ਉਸ ਦੀ ਜ਼ਿੰਦਗੀ ਨਹੀਂ ਬਦਲ ਸਕਦੀ। ਇਸ ਸੋਚ ਦੇ ਚਲਦਿਆਂ ਉਹ ਪੈਸਾ ਕਮਾਉਣ ਲਈ ਗਲਤ ਰਸਤਾ ਅਪਣਾਉਂਦਾ ਹੈ ਅਤੇ ਅਪਰਾਧ ਦੀ ਦੁਨੀਆ ਵਿੱਚ ਦਾਖਲ ਹੋ ਜਾਂਦਾ ਹੈ।ਸਮਾਂ ਬੀਤਦਾ ਜਾਂਦਾ ਹੈ ਅਤੇ ਸਲਵਾਨ ਆਪਣੇ ਪਰਿਵਾਰ ਤੋਂ ਦੂਰ ਰਹਿੰਦਿਆਂ ਧਨ-ਦੌਲਤ ਇਕੱਠੀ ਕਰਦਾ ਰਹਿੰਦਾ ਹੈ। ਕਰੀਬ 30 ਸਾਲ ਬਾਅਦ ਉਹ ਵੱਡੀ ਦੌਲਤ ਕਮਾ ਕੇ ਆਪਣੇ ਪਿੰਡ ਵਾਪਸ ਆਉਂਦਾ ਹੈ, ਪਰ ਉਦੋਂ ਤੱਕ ਹਾਲਾਤ ਪੂਰੀ ਤਰ੍ਹਾਂ ਬਦਲ ਚੁੱਕੇ ਹੁੰਦੇ ਹਨ। ਨਾਟਕ ਦਰਸ਼ਕਾਂ ਸਾਹਮਣੇ ਇਹ ਸਵਾਲ ਛੱਡ ਜਾਂਦਾ ਹੈ ਕਿ ਦੌਲਤ ਕਮਾਉਣ ਦੀ ਦੌੜ ਵਿੱਚ ਮਨੁੱਖ ਆਖਿਰ ਕੀ ਕੁਝ ਗੁਆ ਬੈਠਦਾ ਹੈ।
ਪ੍ਰੋਗਰਾਮ ਦਾ ਉਦਘਾਟਨ ਮੁੱਖ ਮਹਿਮਾਨ ਮੀਡੀਅਮ ਇੰਡਸਟਰੀ ਦੇ ਚੇਅਰਮੈਨ ਨੀਲ ਗਰਗ ਨੇ ਸ਼ਮਾ ਰੋਸ਼ਨ ਕਰਕੇ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਸਾਗਾ ਦੇ ਐਮਡੀ ਅਨੀਸ਼ ਗੁਪਤਾ, ਸੀਏ ਵਿਜੇ ਰਾਜ ਜਿੰਦਲ, ਕਾਰੋਬਾਰੀ ਰੋਹਿਤ ਗੁਪਤਾ, ਨਾਟਿਅਮ ਦੇ ਮੁੱਖ ਸਰਪ੍ਰਸਤ ਡਾ. ਕਸ਼ਿਸ਼ ਗੁਪਤਾ, ਪ੍ਰਧਾਨ ਸੁਰਿੰਦਰ ਕੌਰ, ਡਾਇਰੈਕਟਰ ਕੀਰਤੀ ਕ੍ਰਿਪਾਲ, ਸਰਪ੍ਰਸਤ ਸੁਦਰਸ਼ਨ ਗੁਪਤਾ ਅਤੇ ਫੈਸਟੀਵਲ ਡਾਇਰੈਕਟਰ ਗੁਰਨੂਰ ਸਿੰਘ ਸਮੇਤ ਹੋਰ ਪਤਵੰਤੇ ਵੀ ਮੌਜੂਦ ਸਨ।ਇਸ ਮੌਕੇ ਸੁਰਿੰਦਰ ਪ੍ਰਕਾਸ਼ ਸ਼ਰਮਾ, ਡਾ. ਬਲਜੀਤ ਸਿੰਘ, ਲਲਿਤ ਸੈਨ, ਪ੍ਰੋ. ਰਾਜੇਸ਼ ਬੱਤਰਾ, ਪਵਨ ਬਾਂਸਲ, ਪਵਨ ਗੁਪਤਾ, ਸੰਦੀਪ ਭਾਗੀ, ਰਜਿੰਦਰ ਖੁਰਮੀ, ਨੀਲਿਮਾ, ਸੁਰੇਸ਼ ਕੁਮਾਰ, ਅਨਿਲ ਗਰਗ, ਮਹਿੰਦਰ ਸਿੰਗਲਾ ਅਤੇ ਹਰੀਸ਼ ਨਾਰੰਗ ਸਮੇਤ ਹੋਰ ਮੈਂਬਰਾਂ ਨੇ ਗੀਤ ਪੇਸ਼ ਕੀਤੇ। ਇਸ ਤੋਂ ਇਲਾਵਾ ਨੈਸ਼ਨਲ ਬੁੱਕ ਟਰੱਸਟ ਸਮੇਤ ਵੱਖ-ਵੱਖ ਪ੍ਰਕਾਸ਼ਕਾਂ ਵੱਲੋਂ ਲਗਾਈਆਂ ਗਈਆਂ ਪੁਸਤਕ ਪ੍ਰਦਰਸ਼ਨੀਆਂ ਵੀ ਫੈਸਟੀਵਲ ਦੇ ਦੂਜੇ ਦਿਨ ਜਾਰੀ ਰਹੀਆਂ।
ਰਫੀ ਸੋਸਾਇਟੀ ਦੇ ਮੈਂਬਰਾਂ ਨੇ ਬੰਨ੍ਹਿਆ ਸਮਾਂ
ਇਸੇ ਦੌਰਾਨ ਦਿਨ ਵੇਲੇ ਯਾਦਗਾਰ-ਏ-ਰਫੀ ਸੋਸਾਇਟੀ ਵੱਲੋਂ ਗਾਇਕੀ ਦਾ ਪ੍ਰੋਗਰਾਮ ਕਰਵਾਇਆ ਗਿਆ। ਸੋਸਾਇਟੀ ਦੇ ਪ੍ਰਧਾਨ ਬੀਡੀ ਸਿੰਗਲਾ, ਸਕੱਤਰ ਕੁਲਦੀਪ ਢੀਂਗੜਾ, ਪ੍ਰਾਜੈਕਟ ਸਕੱਤਰ ਐਸਪੀ ਸ਼ਰਮਾ ਅਤੇ ਖਜ਼ਾਨਚੀ ਵਿਨੋਦ ਗੋਇਲ ਦੀ ਅਗਵਾਈ ਹੇਠ ਮੈਂਬਰਾਂ ਨੇ ਮਹਾਨ ਗਾਇਕ ਮੁਹੰਮਦ ਰਫੀ ਨੂੰ ਯਾਦ ਕਰਦਿਆਂ ਉਨ੍ਹਾਂ ਦੇ ਪ੍ਰਸਿੱਧ ਗੀਤ ਪੇਸ਼ ਕੀਤੇ।
- Download Babushahi App
-
-