ਬਟਾਲਾ ‘ਚ 6 ਤੇ 11 ਸਤੰਬਰ ਨੂੰ ਹੋਵੇਗਾ ਪ੍ਰਸਿੱਧ ਨਾਟਕ ‘ਹਮਾਰੇ ਰਾਮ’ ਦਾ ਮੰਚਨ
ਆਸ਼ੂਤੋਸ਼ ਰਾਣਾ ਤੇ ਉਨ੍ਹਾਂ ਦੀ ਟੀਮ ਭਗਵਾਨ ਰਾਮ ਜੀ ਦੇ ਜੀਵਨ, ਦਰਸ਼ਨ ’ਤੇ ਆਧਾਰਿਤ ਨਾਟਕ ਦੀ ਕਰਨਗੇ ਪੇਸ਼ਕਾਰੀ
ਰੋਹਿਤ ਗੁਪਤਾ
ਬਟਾਲਾ, 3 ਸਤੰਬਰ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਤੇ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਦੀ ਅਗਵਾਈ ਹੇਠ ਬਟਾਲਾ ਵਿੱਚ 6 ਅਤੇ 11 ਸਤੰਬਰ ਨੂੰ ਪ੍ਰਸਿੱਧ ਨਾਟਕ ‘ਹਮਾਰੇ ਰਾਮ’ ਦਾ ਮੰਚਨ ਕੀਤਾ ਜਾਵੇਗਾ।
ਸਥਾਨਕ ਸ਼ਿਵ ਕੁਮਾਰ ਬਟਾਲਵੀ ਆਡੀਟੋਰੀਅਮ ਬਟਾਲਾ ਵਿੱਚ ਹੋਣ ਵਾਲੀਆਂ ਇਨ੍ਹਾਂ ਪੇਸ਼ਕਾਰੀਆਂ ਦੌਰਾਨ ਪ੍ਰਸਿੱਧ ਅਦਾਕਾਰ ਆਸ਼ੂਤੋਸ਼ ਰਾਣਾ ਆਪਣੀ ਪੂਰੀ ਟੀਮ ਸਮੇਤ ਭਗਵਾਨ ਰਾਮ ਜੀ ਦੇ ਜੀਵਨ, ਆਦਰਸ਼ਾਂ ਅਤੇ ਦਰਸ਼ਨ ’ਤੇ ਆਧਾਰਿਤ ਨਾਟਕ ਪੇਸ਼ ਕਰਨਗੇ।
ਨਗਰ ਨਿਗਮ ਬਟਾਲਾ ਦਫਤਰ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਮੇਅਰ ਭੁਪਿੰਦਰ ਸਿੰਘ ਬਾਜਵਾ ਨੇ ਜਾਣਕਾਰੀ ਦਿੱਤੀ। ਇਸ ਮੌਕੇ ਐੱਸ ਡੀ ਐੱਮ ਬਟਾਲਾ ਸਾਰੰਗਪ੍ਰੀਤ ਸਿੰਘ, ਵਿਧਾਇਕ ਸ਼ੈਰੀ ਕਲਸੀ ਦੇ ਭਰਾਤਾ ਅੰਮਿ੍ਤ ਕਲਸੀ, ਕੌਂਸਲਰ ਦਾਸ ਕਰਨ ਸੰਧੂ ਵੀ ਮੌਜੂਦ ਸਨ।
ਮੇਅਰ ਭੁਪਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਵਿੱਚ ਆਪਸੀ ਭਾਈਚਾਰੇ, ਧਾਰਮਿਕ ਸਦਭਾਵਨਾ ਅਤੇ ਸਾਰੇ ਧਰਮਾਂ ਪ੍ਰਤੀ ਸਤਿਕਾਰ ਨੂੰ ਮਜ਼ਬੂਤ ਕਰਨ ਲਈ ਲਗਾਤਾਰ ਯਤਨ ਕਰ ਰਹੀ ਹੈ। ਇਸੇ ਦਿਸ਼ਾ ਵਿੱਚ ਭਗਵਾਨ ਰਾਮ ਜੀ ਦੇ ਜੀਵਨ ਨਾਲ ਜੁੜੇ ਆਦਰਸ਼ਾਂ ਨੂੰ ਲੋਕਾਂ ਤੱਕ ਪਹੁੰਚਾਉਣ ਦੇ ਉਦੇਸ਼ ਨਾਲ ‘ਸਾਡੇ ਰਾਮ’ ਨਾਟਕ ਦਾ ਕਰਵਾਇਆ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ 6 ਅਤੇ 11 ਸਤੰਬਰ ਨੂੰ ਹਰ ਰੋਜ਼ ਦੋ-ਦੋ ਸ਼ੋਅ ਦੁਪਹਿਰ 2 ਵਜੇ ਅਤੇ ਸ਼ਾਮ 6.30 ਵਜੇ ਕਰਵਾਏ ਜਾਣਗੇ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਹ ਸ਼ੋਅ ਮੁਫ਼ਤ ਕਰਵਾਏ ਜਾ ਰਹੇ ਹਨ। ਸ਼ੋਅ ਵਿੱਚ ਐਂਟਰੀ ਕਾਰਡ ਰਾਹੀਂ ਹੋਵੇਗੀ ਅਤੇ ਐਂਟਰੀ ਕਾਰਡ 'ਬੁੱਕ ਮਾਈ ਸ਼ੋਅ' ਐਪ ਰਾਹੀਂ ਬਿਲਕੁਲ ਮੁਫ਼ਤ ਡਾਊਨਲੋਡ ਕੀਤਾ ਜਾ ਸਕਦਾ ਹੈ।
ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਵੱਡੀ ਗਿਣਤੀ ਵਿੱਚ ਇਨ੍ਹਾਂ ਪੇਸ਼ਕਾਰੀਆਂ ਵਿੱਚ ਸ਼ਾਮਲ ਹੋਣ ਅਤੇ ਭਗਵਾਨ ਰਾਮ ਜੀ ਦੇ ਜੀਵਨ ਅਤੇ ਦਰਸ਼ਨ ਨਾਲ ਜੁੜੇ ਸੰਦੇਸ਼ ਨੂੰ ਸਮਝਣ ਦੇ ਨਾਲ-ਨਾਲ ਇਸ ਸ਼ਾਨਦਾਰ ਸੱਭਿਆਚਾਰਕ ਪੇਸ਼ਕਾਰੀ ਦਾ ਅਨੁਭਵ ਪ੍ਰਾਪਤ ਕਰਨ।
ਇਸ ਮੌਕੇ ਗੱਲ ਕਰਦਿਆਂ ਅੰਮਿ੍ਤ ਕਲਸੀ ਨੇ ਕਿਹਾ ਕਿ ਵਿਧਾਇਕ ਸ਼ੈਰੀ ਕਲਸੀ ਦੇ ਯਤਨਾਂ ਸਦਕਾ ਜ਼ਿਲ੍ਹਾ ਪੱਧਰੀ 'ਹਮਾਰੇ ਰਾਮ' ਸ਼ੋਅ ਬਟਾਲਾ ਵਿਖੇ ਕਰਵਾਇਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ‘ਹਮਾਰੇ ਰਾਮ’ ਵਰਗੀਆਂ ਪੇਸ਼ਕਾਰੀਆਂ ਵਿਸ਼ੇਸ਼ ਤੌਰ ’ਤੇ ਨੌਜਵਾਨ ਪੀੜ੍ਹੀ ਨੂੰ ਭਾਰਤੀ ਸੱਭਿਆਚਾਰ, ਅਧਿਆਤਮਿਕ ਮੁੱਲਾਂ ਅਤੇ ਭਗਵਾਨ ਰਾਮ ਜੀ ਦੇ ਆਦਰਸ਼ ਜੀਵਨ ਨਾਲ ਜੋੜਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ। ਭਗਵਾਨ ਰਾਮ ਜੀ ਦਾ ਸਾਦਾ ਜੀਵਨ, ਮਰਿਆਦਾ, ਤਿਆਗ, ਕਰਤੱਵ ਨਿਸ਼ਠਾ ਅਤੇ ਧਾਰਮਿਕਤਾ ਸਮਾਜ ਲਈ ਹਮੇਸ਼ਾ ਪ੍ਰੇਰਨਾਦਾਇਕ ਰਹੇ ਹਨ।
ਉਨ੍ਹਾਂ ਕਿਹਾ ਕਿ ਸੂਬੇ ਵਿੱਚ ‘ਇੱਕ ਸ਼ਾਮ ਭਗਵਾਨ ਸ਼ਿਵ ਦੇ ਨਾਮ’ ਪ੍ਰੋਗਰਾਮ ਨੂੰ ਲੋਕਾਂ ਵੱਲੋਂ ਭਰਪੂਰ ਸਮਰਥਨ ਮਿਲਿਆ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸਾਰੇ ਧਰਮਾਂ ਦੇ ਧਾਰਮਿਕ ਅਤੇ ਅਧਿਆਤਮਿਕ ਮਹਾਂਪੁਰਖਾਂ ਦਾ ਸਨਮਾਨ ਕਰਦੀ ਹੈ। ਇਸੇ ਕੜੀ ਤਹਿਤ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350ਵੀਂ ਸ਼ਹੀਦੀ ਸ਼ਤਾਬਦੀ ਸਫਲਤਾਪੂਰਵਕ ਮਨਾਈ ਗਈ ਹੈ, ਜਦਕਿ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ 650ਵਾਂ ਪ੍ਰਕਾਸ਼ ਪੁਰਬ ਵੱਡੇ ਪੱਧਰ ’ਤੇ ਸਾਲ ਭਰ ਮਨਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਪਹਿਲੀ ਵਾਰ ਭਗਵਾਨ ਪਰਸ਼ੂਰਾਮ ਜਯੰਤੀ ਨੂੰ ਰਾਜ ਪੱਧਰ ’ਤੇ ਮਨਾਇਆ ਗਿਆ ਹੈ।
ਉਨ੍ਹਾਂ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ‘ਹਮਾਰੇ ਰਾਮ’ ਨਾਟਕ ਦੀਆਂ ਪੇਸ਼ਕਾਰੀਆਂ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਣ ਅਤੇ ਇਸ ਸੱਭਿਆਚਾਰਕ ਅਤੇ ਅਧਿਆਤਮਿਕ ਸਮਾਗਮ ਨੂੰ ਸਫਲ ਬਣਾਉਣ ਵਿੱਚ ਆਪਣਾ ਯੋਗਦਾਨ ਪਾਉਣ।
- Download Babushahi App
-
-