ਰਾਜਨੀਤਿਕ ਬਦਲਾਖੋਰੀ ਲਈ ਭਾਜਪਾ ਕਰ ਰਹੀ ਈਡੀ ਦਾ ਇਸਤੇਮਾਲ: ਧਾਲੀਵਾਲ
Kulwinder Singh
ਅਮ੍ਰਿਤਸਰ 02 ਸਿਤੰਬਰ
ਆਮ ਆਦਮੀ ਪਾਰਟੀ ਦੇ ਪੰਜਾਬ ਮੁੱਖ ਬੁਲਾਰੇ ਅਤੇ ਅਜਨਾਲਾ ਤੋਂ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਅੰਮ੍ਰਿਤਸਰ ਵਿੱਚ ਪ੍ਰੈੱਸ ਕਾਨਫਰੰਸ ਕੀਤੀ ਗਈ। ਇਸ ਦੌਰਾਨ ਉਨ੍ਹਾਂ ਨੇ ਈ.ਡੀ. ਦੀ ਕਾਰਵਾਈ ਨੂੰ ਲੈ ਕੇ ਕੇਂਦਰ ਦੀ ਭਾਜਪਾ ਸਰਕਾਰ ’ਤੇ ਤਿੱਖੇ ਨਿਸ਼ਾਨੇ ਸਾਧੇ। ਧਾਲੀਵਾਲ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਪਹਿਲਾਂ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ, ਸੰਜੇ ਸਿੰਘ, ਮਨੀਸ਼ ਸਿਸੋਦੀਆ ਅਤੇ ਸਤਿੰਦਰ ਜੈਨ ਨੂੰ ਈ.ਡੀ. ਰਾਹੀਂ ਕੇਸਾਂ ਵਿੱਚ ਫਸਾਇਆ ਗਿਆ ਅਤੇ ਸਾਲਾਂ ਤੱਕ ਜੇਲ੍ਹਾਂ ਵਿੱਚ ਬੰਦ ਰੱਖਿਆ ਗਿਆ। ਉਨ੍ਹਾਂ ਦਾਅਵਾ ਕੀਤਾ ਕਿ ਆਖ਼ਰਕਾਰ ਸੱਚ ਸਾਹਮਣੇ ਆਇਆ ਅਤੇ ‘ਆਪ’ ਆਗੂਆਂ ਨੂੰ ਰਾਹਤ ਮਿਲੀ। ਧਾਲੀਵਾਲ ਨੇ ਕਿਹਾ ਕਿ ਹੁਣ ਪੰਜਾਬ ਵਿੱਚ ਭਾਜਪਾ, ਜਿਸ ਦਾ ਸੂਬੇ ਵਿੱਚ ਕੋਈ ਮਜ਼ਬੂਤ ਆਧਾਰ ਨਹੀਂ ਹੈ, ਈ.ਡੀ. ਰਾਹੀਂ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਪਾਰਟੀ ਦੇ ਹੋਰ ਆਗੂਆਂ ਨੂੰ ਵੱਖ-ਵੱਖ ਮਾਮਲਿਆਂ ਵਿੱਚ ਫਸਾਉਣ ਲਈ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਹਨ। ਧਾਲੀਵਾਲ ਨੇ ਦੱਸਿਆ ਕਿ ਈ.ਡੀ. ਵੱਲੋਂ ਪੰਜਾਬ ਪੁਲਿਸ ਨੂੰ ਚਿੱਠੀਆਂ ਲਿਖ ਕੇ ਕਾਨੂੰਨੀ ਕਾਰਵਾਈ ਕਰਨ ਲਈ ਕਿਹਾ ਗਿਆ ਸੀ। ਉਨ੍ਹਾਂ ਮੁਤਾਬਕ ਪੰਜਾਬ ਪੁਲਿਸ ਨੇ ਈ.ਡੀ. ਨੂੰ ਜਵਾਬ ਦਿੰਦਿਆਂ ਕਿਹਾ ਕਿ ਭੇਜੇ ਗਏ ਦਸਤਾਵੇਜ਼ ਅਤੇ ਚੈਟ ਸਪਸ਼ਟ ਤੌਰ ’ਤੇ ਪੜ੍ਹੇ ਨਹੀਂ ਜਾ ਰਹੇ, ਇਸ ਲਈ ਸਬੰਧਤ ਅਧਿਕਾਰੀ ਪੁਲਿਸ ਹੈੱਡਕੁਆਰਟਰ ਆ ਕੇ ਸਾਰੇ ਸਬੂਤ ਅਤੇ ਦਸਤਾਵੇਜ਼ ਮੁਹੱਈਆ ਕਰਵਾਏ। ਉਨ੍ਹਾਂ ਦਾਅਵਾ ਕੀਤਾ ਕਿ ਪੁਲਿਸ ਵੱਲੋਂ ਅਧਿਕਾਰੀ ਨੂੰ ਦਸਤਾਵੇਜ਼ ਲੈ ਕੇ ਆਉਣ ਲਈ ਕਿਹਾ ਗਿਆ ਸੀ, ਪਰ ਨਾ ਕੱਲ੍ਹ ਅਤੇ ਨਾ ਹੀ ਅੱਜ ਈ.ਡੀ. ਦਾ ਕੋਈ ਅਧਿਕਾਰੀ ਸਬੂਤ ਲੈ ਕੇ ਪੰਜਾਬ ਪੁਲਿਸ ਕੋਲ ਪਹੁੰਚਿਆ।ਧਾਲੀਵਾਲ ਨੇ ਕਿਹਾ ਕਿ ਈ.ਡੀ. ਵੱਲੋਂ ਵਾਰ-ਵਾਰ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ, ਪਰ ਜਦੋਂ ਪੰਜਾਬ ਪੁਲਿਸ ਵੱਲੋਂ ਸਬੂਤ ਮੰਗੇ ਜਾਂਦੇ ਹਨ ਤਾਂ ਉਹ ਮੁਹੱਈਆ ਨਹੀਂ ਕਰਵਾਏ ਜਾ ਰਹੇ। ਉਨ੍ਹਾਂ ਇਸ ਨੂੰ ਸਿਰਫ਼ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਾਰ ਦਿੱਤਾ। ਧਾਲੀਵਾਲ ਨੇ ਕਿਹਾ ਕਿ ਭਾਜਪਾ ਵੱਲੋਂ ‘ਆਪ’ ਦੇ ਵੱਡੇ ਆਗੂਆਂ ਨੂੰ ਜੇਲ੍ਹਾਂ ਵਿੱਚ ਬੰਦ ਕਰਕੇ ਵੀ ਦੇਖ ਲਿਆ ਗਿਆ ਹੈ, ਪਰ ਪਾਰਟੀ ਅੱਜ ਵੀ ਚੱਟਾਨ ਵਾਂਗ ਖੜ੍ਹੀ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨਾ ਕਿਸੇ ਦਬਾਅ ਤੋਂ ਘਬਰਾਈ ਹੈ ਅਤੇ ਨਾ ਹੀ ਡਰਦੀ ਹੈ।
- Download Babushahi App
-
-