ਮਜੀਠਾ ’ਚ ‘ਆਪ’ ਦਾ ਬਿਕਰਮ ਮਜੀਠੀਆ ’ਤੇ ਤਿੱਖਾ ਹਮਲਾ, ਤਲਬੀਰ ਗਿੱਲ ਨੇ ਲਾਏ ਗੰਭੀਰ ਦੋਸ਼
‘ਕਾਲ ਰਿਕਾਰਡਿੰਗ ਤੇ CCTV ਜਾਲੀ, ਸਬੂਤ ਪੇਸ਼ ਕਰਨ ਵਿਰੋਧੀ’—ਤਲਬੀਰ ਗਿੱਲ
‘ਮਜੀਠੀਆ ਨੂੰ ਮੇਰੇ ਤੋਂ ਹਾਰਨ ਦਾ ਸਵਾਦ ਆਵੇਗਾ, CM ਮਾਨ ਨੂੰ ਆਉਣ ਦੀ ਲੋੜ ਨਹੀਂ’
‘ਅਕਾਲੀ ਦਲ ਭਾਜਪਾ ਅੱਗੇ ਤਰਲੇ ਮਾਰ ਰਿਹਾ’, ਤਲਬੀਰ ਗਿੱਲ ਦਾ ਗਠਜੋੜ ਨੂੰ ਲੈ ਕੇ ਵੱਡਾ ਦਾਅਵਾ
ਅੰਮ੍ਰਿਤਸਰ, 3 ਅਗਸਤ 2026 - ਅੰਮ੍ਰਿਤਸਰ ਵਿੱਚ ਆਮ ਆਦਮੀ ਪਾਰਟੀ ਦੇ ਹਲਕਾ ਮਜੀਠਾ ਇੰਚਾਰਜ ਤਲਬੀਰ ਸਿੰਘ ਗਿੱਲ ਵੱਲੋਂ ਪ੍ਰੈੱਸ ਕਾਨਫਰੰਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਅਤੇ ਵਿਰੋਧੀ ਧਿਰ ’ਤੇ ਤਿੱਖੇ ਹਮਲੇ ਕੀਤੇ ਗਏ। ਤਲਬੀਰ ਗਿੱਲ ਨੇ ਵਿਰੋਧੀਆਂ ਵੱਲੋਂ ਹਾਲ ਹੀ ਵਿੱਚ ਕੀਤੇ ਗਏ ਦਾਅਵਿਆਂ, ਕਥਿਤ ਕਾਲ ਰਿਕਾਰਡਿੰਗਾਂ ਅਤੇ CCTV ਫੁਟੇਜ ਨੂੰ ਝੂਠਾ ਅਤੇ ਪਲਾਨਡ ਪ੍ਰੋਪੋਗੰਡਾ ਕਰਾਰ ਦਿੱਤਾ। ਤਲਬੀਰ ਗਿੱਲ ਨੇ ਕਿਹਾ ਕਿ ਚੰਡੀਗੜ੍ਹ ਵਿੱਚ ਕੀਤੀ ਗਈ ਪ੍ਰੈੱਸ ਕਾਨਫਰੰਸ ਦੌਰਾਨ ਜਿਹੜੀਆਂ ਰਿਕਾਰਡਿੰਗਾਂ ਅਤੇ ਵੀਡੀਓਜ਼ ਦਿਖਾਈਆਂ ਗਈਆਂ ਹਨ, ਉਹ ਸਰਾਸਰ ਝੂਠੀਆਂ ਹਨ। ਉਨ੍ਹਾਂ ਕਿਹਾ ਕਿ ਜਿਸ ਵਿਅਕਤੀ ਦਾ ਹਵਾਲਾ ਦੇ ਕੇ ਇਲਜ਼ਾਮ ਲਗਾਏ ਜਾ ਰਹੇ ਹਨ, ਉਸ ਨੇ ਖੁਦ ਸਪੱਸ਼ਟ ਕੀਤਾ ਹੈ ਕਿ ਨਾ ਉਹ ਕਿਸੇ ਨੂੰ ਮਿਲਿਆ ਅਤੇ ਨਾ ਹੀ ਉਸ ਨੇ ਕਿਸੇ ਨੂੰ ਪੈਸੇ ਦਿੱਤੇ ਹਨ। ਅਜਿਹੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਪਰਿਵਾਰ ਅਤੇ ‘ਆਪ’ ਆਗੂਆਂ ’ਤੇ ਇਲਜ਼ਾਮ ਲਗਾਉਣ ਦਾ ਕੋਈ ਆਧਾਰ ਨਹੀਂ ਹੈ। ਤਲਬੀਰ ਗਿੱਲ ਨੇ ਵਿਰੋਧੀਆਂ ਵੱਲੋਂ ਕੀਤੇ ਜਾ ਰਹੇ ਦਾਅਵਿਆਂ ਦੇ ਜਵਾਬ ਵਿੱਚ ਕੁਝ ਤਸਵੀਰਾਂ ਵੀ ਮੀਡੀਆ ਸਾਹਮਣੇ ਦਿਖਾਈਆਂ। ਉਨ੍ਹਾਂ ਦਾਅਵਾ ਕੀਤਾ ਕਿ ਜਿਨ੍ਹਾਂ ਵਿਅਕਤੀਆਂ ਦਾ ਨਾਮ ਲੈ ਕੇ ‘ਆਪ’ ’ਤੇ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ, ਉਨ੍ਹਾਂ ਦੀਆਂ ਤਸਵੀਰਾਂ ਭਾਜਪਾ ਦੇ ਆਗੂਆਂ ਨਾਲ ਵੀ ਸਾਹਮਣੇ ਆ ਰਹੀਆਂ ਹਨ। ਉਨ੍ਹਾਂ ਇਸ ਨੂੰ ਪੂਰੀ ਤਰ੍ਹਾਂ ਯੋਜਨਾਬੱਧ ਮਾਮਲਾ ਕਰਾਰ ਦਿੱਤਾ।
ਬਿਕਰਮ ਮਜੀਠੀਆ ਅਤੇ ਸੁਖਪਾਲ ਸਿੰਘ ਖਹਿਰਾ ’ਤੇ ਨਿਸ਼ਾਨਾ ਸਾਧਦਿਆਂ ਤਲਬੀਰ ਗਿੱਲ ਨੇ ਕਿਹਾ ਕਿ ਇਹ ਆਗੂ ਪੰਜਾਬ ਵਿੱਚ ਝੂਠਾ ਪ੍ਰਚਾਰ ਕਰ ਰਹੇ ਹਨ। ਉਨ੍ਹਾਂ ਮਜੀਠੀਆ ’ਤੇ ਨਸ਼ਿਆਂ ਦੇ ਮਾਮਲੇ ਨੂੰ ਲੈ ਕੇ ਵੀ ਤਿੱਖੇ ਸਵਾਲ ਚੁੱਕੇ ਅਤੇ ਕਿਹਾ ਕਿ ਜੇਕਰ ਵਿਰੋਧੀਆਂ ਕੋਲ 5 ਕਰੋੜ ਰੁਪਏ ਦੀ ਰਿਸ਼ਵਤ ਮੰਗਣ ਦੇ ਸਬੂਤ ਹਨ ਤਾਂ ਉਹ ਉਨ੍ਹਾਂ ਨੂੰ ਜਨਤਕ ਕਰਨ। CCTV ਅਤੇ ਕਾਲ ਰਿਕਾਰਡਿੰਗਾਂ ਬਾਰੇ ਪੁੱਛੇ ਸਵਾਲ ’ਤੇ ਤਲਬੀਰ ਗਿੱਲ ਨੇ ਦਾਅਵਾ ਕੀਤਾ ਕਿ ਕਾਲ ਰਿਕਾਰਡਿੰਗਾਂ ਜਾਲੀ ਹਨ ਅਤੇ CCTV ਫੁਟੇਜ ਨੂੰ ਲੀਕ ਕਰਕੇ ਬਲੈਕਮੇਲਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਇਸ ਪੂਰੇ ਮਾਮਲੇ ਨੂੰ ‘ਪਲਾਨਡ ਪ੍ਰੋਪੋਗੰਡਾ’ ਦੱਸਿਆ। ਭਾਜਪਾ ਅਤੇ ਅਕਾਲੀ ਦਲ ਦੇ ਸੰਭਾਵਿਤ ਗਠਜੋੜ ਬਾਰੇ ਤਲਬੀਰ ਗਿੱਲ ਨੇ ਦਾਅਵਾ ਕੀਤਾ ਕਿ ਅਕਾਲੀ ਦਲ ਭਾਜਪਾ ਨਾਲ ਸਮਝੌਤੇ ਲਈ ਤਰਲੇ ਮਾਰ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਅਤੇ ਭਗਵੰਤ ਮਾਨ ਦਾ ਕੋਈ ਤੋੜ ਨਾ ਮਿਲਣ ਕਾਰਨ ਵਿਰੋਧੀ ਅਜਿਹੇ ਹਥਕੰਡੇ ਅਪਣਾ ਰਹੇ ਹਨ। ਮਜੀਠਾ ਤੋਂ ਬਿਕਰਮ ਸਿੰਘ ਮਜੀਠੀਆ ਦੇ ਖ਼ਿਲਾਫ਼ ਮੁੱਖ ਮੰਤਰੀ ਭਗਵੰਤ ਮਾਨ ਦੇ ਚੋਣ ਲੜਨ ਸਬੰਧੀ ਸਵਾਲ ’ਤੇ ਤਲਬੀਰ ਗਿੱਲ ਨੇ ਕਿਹਾ ਕਿ ਉਹ ਖੁਦ ਮੁੱਖ ਮੰਤਰੀ ਦੇ ਸਿਪਾਹੀ ਹਨ ਅਤੇ ਦਾਅਵਾ ਕੀਤਾ ਕਿ “ਮਜੀਠੀਆ ਨੂੰ ਮੇਰੇ ਤੋਂ ਹਾਰਨ ਦਾ ਸਵਾਦ ਆਵੇਗਾ, ਮੁੱਖ ਮੰਤਰੀ ਸਾਹਿਬ ਨੂੰ ਆਉਣ ਦੀ ਲੋੜ ਨਹੀਂ।” ਉਨ੍ਹਾਂ ਕਿਹਾ ਕਿ ਸੱਚ ਹਮੇਸ਼ਾ ਸੱਚ ਹੀ ਰਹੇਗਾ ਅਤੇ ਪੰਜਾਬ ਸਰਕਾਰ ਵਿਰੋਧੀਆਂ ਦੀ ਕਥਿਤ ਬਲੈਕਮੇਲਿੰਗ ਤੋਂ ਡਰਨ ਵਾਲੀ ਨਹੀਂ ਹੈ।
- Download Babushahi App
-
-