ਪਾਕਿਸਤਾਨ ’ਚ 125 ਸਾਲ ਪੁਰਾਣੇ ਹਿੰਦੂ ਮੰਦਰ ਨੂੰ ਲੈ ਕੇ ਵਿਵਾਦ, ਘੱਟਗਿਣਤੀ ਸੰਗਠਨ ਨੇ ਮੰਦਰ ਨੂੰ ਢਾਹੁਣ ਦਾ ਲਾਇਆ ਦੋਸ਼
ਘੱਟਗਿਣਤੀ ਮਾਮਲਿਆਂ ਬਾਰੇ ਮੰਤਰੀ ਸਰਦਾਰ ਰਮੇਸ਼ ਸਿੰਘ ਅਰੋੜਾ ਨੇ ਮੌਕੇ ਦਾ ਦੌਰਾ ਕਰਕੇ ਮੰਦਰ ਦੇ ਡਿੱਗੇ ਹਿੱਸੇ ਦੀ ਮੁੜ ਉਸਾਰੀ ਦਾ ਭਰੋਸਾ ਦਿੱਤਾ
ਨਵੀਂ ਦਿੱਲੀ, 2 ਸਤੰਬਰ 2026: ਪਾਕਿਸਤਾਨ ਦੇ ਪੰਜਾਬ ਸੂਬੇ ਦੇ ਨਾਰੋਵਾਲ ਜ਼ਿਲ੍ਹੇ ਦੇ ਸਿਰਾਜ ਪਿੰਡ ਵਿੱਚ ਕਰੀਬ 125 ਸਾਲ ਪੁਰਾਣੇ ਹਿੰਦੂ ਮੰਦਰ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਘੱਟਗਿਣਤੀ ਹੱਕਾਂ ਲਈ ਕੰਮ ਕਰਨ ਵਾਲੀ ਪਾਕਿਸਤਾਨ ਮਸੀਹਾ ਮਿਲਤ ਪਾਰਟੀ ਨੇ ਦੋਸ਼ ਲਾਇਆ ਹੈ ਕਿ 21 ਅਗਸਤ ਨੂੰ ਮੰਦਰ ਨੂੰ ਜਾਣਬੁੱਝ ਕੇ ਢਾਹ ਦਿੱਤਾ ਗਿਆ ਤਾਂ ਜੋ ਨਾਲ ਲੱਗਦੀ ਇੱਕ ਮਦਰੱਸੇ ਦੀ ਜ਼ਮੀਨ ਦਾ ਵਿਸਥਾਰ ਕੀਤਾ ਜਾ ਸਕੇ। ਹਾਲਾਂਕਿ ਪਾਕਿਸਤਾਨ ਦੇ ਸਰਕਾਰੀ ਅਦਾਰੇ ਇਵੈਕਿਊ ਟਰੱਸਟ ਪ੍ਰਾਪਰਟੀ ਬੋਰਡ (ETPB) ਨੇ ਇਸ ਦੋਸ਼ ਨੂੰ ਰੱਦ ਕਰਦਿਆਂ ਕਿਹਾ ਹੈ ਕਿ ਮੰਦਰ ਨੂੰ ਢਾਹਿਆ ਨਹੀਂ ਗਿਆ, ਸਗੋਂ ਭਾਰੀ ਮੀਂਹ ਕਾਰਨ ਇਸ ਦਾ ਇੱਕ ਹਿੱਸਾ ਡਿੱਗਿਆ ਹੈ।
ਡਾਨ ਦੀ ਰਿਪੋਰਟ ਮੁਤਾਬਕ ਘੱਟਗਿਣਤੀ ਹੱਕ ਸੰਗਠਨ ਦੇ ਚੇਅਰਮੈਨ ਅਸਲਮ ਪਰਵੇਜ਼ ਸਹੋਤਰਾ ਨੇ ਦੋਸ਼ ਲਾਇਆ ਕਿ ਕੁਝ ਲੋਕਾਂ ਨੇ ਮੰਦਰ ਦੇ ਢਾਂਚੇ ਨੂੰ ਤੋੜਿਆ ਅਤੇ ਉੱਥੋਂ ਇੱਟਾਂ, ਗੁੰਬਦ ਦੀਆਂ ਧਾਤੂ ਫਿਟਿੰਗਾਂ ਅਤੇ ਹੋਰ ਸਮੱਗਰੀ ਹਟਾ ਲਈ। ਉਨ੍ਹਾਂ ਦੱਸਿਆ ਕਿ ਉਹ ਅਤੇ ਸਥਾਨਕ ਵਸਨੀਕ 28 ਅਗਸਤ ਨੂੰ ਪੰਜਾਬ ਦੇ ਵਧੀਕ ਗ੍ਰਹਿ ਸਕੱਤਰ ਨੂੰ ਮਿਲੇ ਅਤੇ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕਰਦਿਆਂ ਲਿਖਤੀ ਸ਼ਿਕਾਇਤ ਦਿੱਤੀ।
ਦੂਜੇ ਪਾਸੇ ETPB ਦੇ ਅਧਿਕਾਰੀ ਇਫ਼ਤਿਖਾਰ ਰਾਣਾ ਨੇ ਮੰਦਰ ਢਾਹੁਣ ਦੇ ਦੋਸ਼ ਨੂੰ ਨਕਾਰਦਿਆਂ ਕਿਹਾ ਕਿ ਭਾਰੀ ਮੀਂਹ ਕਾਰਨ ਮੰਦਰ ਦਾ ਹਿੱਸਾ ਢਹਿ ਗਿਆ। ਉਨ੍ਹਾਂ ਮੰਨਿਆ ਕਿ ਮੰਦਰ ਕਾਫ਼ੀ ਪੁਰਾਣਾ ਹੈ, ਪਰ ETPB ਦੇ ਰਿਕਾਰਡ ਵਿੱਚ ਇਸ ਦਾ ਕੋਈ ਰਸਮੀ ਨਾਮ ਦਰਜ ਨਹੀਂ ਹੈ। ਪੰਜਾਬ ਸਰਕਾਰ (ਪਾਕਿ) ਨੇ ਵੀ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਮੰਦਰ ਦੀ ਆਪਣੀ ਜ਼ਮੀਨ ਕਿਸੇ ਨੂੰ ਲੀਜ਼ ’ਤੇ ਨਹੀਂ ਦਿੱਤੀ ਗਈ ਸੀ। ਨਾਲ ਲੱਗਦੀ ਜ਼ਮੀਨ ਇੱਕ ਮਦਰੱਸੇ ਨੂੰ ਲੀਜ਼ ’ਤੇ ਦਿੱਤੀ ਗਈ ਸੀ। ਘੱਟਗਿਣਤੀ ਮਾਮਲਿਆਂ ਬਾਰੇ ਮੰਤਰੀ ਸਰਦਾਰ ਰਮੇਸ਼ ਸਿੰਘ ਅਰੋੜਾ ਨੇ ਮੌਕੇ ਦਾ ਦੌਰਾ ਕਰਕੇ ਮੰਦਰ ਦੇ ਡਿੱਗੇ ਹਿੱਸੇ ਦੀ ਮੁੜ ਉਸਾਰੀ ਦਾ ਭਰੋਸਾ ਦਿੱਤਾ ਹੈ।
ਇਸ ਦੌਰਾਨ ਘੱਟਗਿਣਤੀ ਸੰਗਠਨ ਨੇ ਮੰਦਰ ਨੂੰ ਇਸ ਦੇ ਅਸਲ ਰੂਪ ਵਿੱਚ ਮੁੜ ਬਣਾਉਣ ਅਤੇ ਹਿੰਦੂ ਮੰਦਰਾਂ, ਸਿੱਖ ਗੁਰਦੁਆਰਿਆਂ ਤੇ ਇਸਾਈ ਚਰਚਾਂ ਦੀ ਸੁਰੱਖਿਆ ਮਜ਼ਬੂਤ ਕਰਨ ਦੀ ਮੰਗ ਕੀਤੀ ਹੈ। ਜ਼ਿਕਰਯੋਗ ਹੈ ਕਿ ਜੁਲਾਈ ਵਿੱਚ ਫ਼ਾਰੂਕਾਬਾਦ ਸਥਿਤ 125 ਸਾਲ ਪੁਰਾਣੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਹਿਬ ਨੂੰ ਢਾਹੇ ਜਾਣ ਦਾ ਮਾਮਲਾ ਵੀ ਸਾਹਮਣੇ ਆਇਆ ਸੀ, ਜਿਸ ਦੀ ਭਾਰਤ ਨੇ ਸਖ਼ਤ ਨਿੰਦਾ ਕੀਤੀ ਸੀ।
- Download Babushahi App
-
-