ਐਚਐਮਈਐਲ ਅਤੇ ਏਮਜ਼ ਬਠਿੰਡਾ ਨੇ ਸਿਹਤ ਕੈਂਪ ਦੌਰਾਨ ਮੈਡੀਕਲ ਸੇਵਾਵਾਂ ਉਪਲਬੱਧ ਕਰਵਾਈਆਂ
ਅਸ਼ੋਕ ਵਰਮਾ
ਬਠਿੰਡਾ, 3 ਸਤੰਬਰ 2026 : ਐਚਪੀਸੀਐਲ-ਮਿੱਤਲ ਐਨਰਜੀ ਲਿਮਟਿਡ (ਐਚਐਮਈਐਲ) ਵੱਲੋਂ ਏਮਜ਼ ਬਠਿੰਡਾ ਦੇ ਸਹਿਯੋਗ ਨਾਲ ਆਪਣੀ ਇੰਟੀਗ੍ਰੇਟਿਡ ਮੋਬਾਈਲ ਮੈਡੀਕਲ ਯੂਨਿਟ (MMU) ਅਤੇ ਟੈਲੀਮੈਡੀਸਨ ਪ੍ਰੋਜੈਕਟ ਤਹਿਤ ਰਾਮਾਂ ਪਿੰਡ ਦੇ ਸਰਭੰਗੀ ਡੇਰਾ ਵਿਖੇ ਮੈਗਾ ਹੈਲਥ ਕੈਂਪ ਲਾਇਆ ਗਿਆ ਜਿਸ ਦਾ ਉਦੇਸ਼ ਐਚਐਮਈਐਲ ਦੇ ਕਾਰਜ ਖੇਤਰ ਦੇ ਆਸ-ਪਾਸ ਰਹਿਣ ਵਾਲੇ ਪਿੰਡਾਂ ਦੇ ਲੋਕਾਂ ਤੱਕ ਗੁਣਵੱਤਾ ਭਰਪੂਰ ਸਿਹਤ ਸੇਵਾਵਾਂ ਅਤੇ ਮਾਹਿਰ ਡਾਕਟਰੀ ਸਲਾਹ ਪਹੁੰਚਾਉਣਾ ਹੈ, ਤਾਂ ਜੋ ਲੋਕਾਂ ਨੂੰ ਇਲਾਜ ਅਤੇ ਸਿਹਤ ਸਬੰਧੀ ਸਲਾਹ ਲਈ ਦੂਰ-ਦੁਰਾਡੇ ਸਿਹਤ ਕੇਂਦਰਾਂ ਜਾਂ ਹਸਪਤਾਲਾਂ ਤੱਕ ਜਾਣ ਦੀ ਲੋੜ ਘੱਟ ਹੋਵੇ।
ਮੈਗਾ ਹੈਲਥ ਕੈਂਪ ਦੌਰਾਨ ਪਿੰਡ ਵਾਸੀਆਂ ਨੂੰ ਹੱਡੀਆਂ ਅਤੇ ਜੋੜਾਂ ਦੇ ਰੋਗ, ਅੱਖਾਂ ਦੇ ਰੋਗ, ਦੰਦਾਂ ਦੀ ਜਾਂਚ, ਚਮੜੀ ਦੇ ਰੋਗ ਅਤੇ ਜਨਰਲ ਮੈਡੀਸਨ ਸਮੇਤ ਵੱਖ-ਵੱਖ ਖੇਤਰਾਂ ਵਿੱਚ ਮਾਹਿਰ ਡਾਕਟਰੀ ਸੇਵਾਵਾਂ ਉਪਲਬਧ ਕਰਵਾਈਆਂ ਗਈਆਂ। ਕੈਂਪ ਦੌਰਾਨ 150 ਤੋਂ ਵੱਧ ਮਰੀਜ਼ਾਂ ਦੀ ਜਾਂਚ ਅਤੇ ਡਾਕਟਰੀ ਸਲਾਹ ਦਿੱਤੀ ਗਈ।
ਇੰਟੀਗ੍ਰੇਟਿਡ ਮੋਬਾਈਲ ਮੈਡੀਕਲ ਯੂਨਿਟ ਅਤੇ ਟੈਲੀਮੈਡੀਸਨ ਪ੍ਰੋਜੈਕਟ ਤਹਿਤ ਹੁਣ ਤੱਕ 267 ਮੈਡੀਕਲ ਕੈਂਪ ਆਯੋਜਿਤ ਕੀਤੇ ਜਾ ਚੁੱਕੇ ਹਨ, ਜਿਨ੍ਹਾਂ ਰਾਹੀਂ ਕੁੱਲ 14,681 ਮਰੀਜ਼ਾਂ ਨੂੰ ਲਾਭ ਮਿਲਿਆ ਹੈ। ਪਿੰਡਾਂ ਤੱਕ ਮਾਹਿਰ ਸਿਹਤ ਸੇਵਾਵਾਂ ਦੀ ਪਹੁੰਚ ਨੂੰ ਹੋਰ ਮਜ਼ਬੂਤ ਕਰਨ ਲਈ ਮੌਜੂਦਾ ਪੜਾਅ ਤਹਿਤ ਕੁੱਲ ਅੱਠ ਮੈਗਾ ਹੈਲਥ ਕੈਂਪ ਲਗਾਉਣ ਦੀ ਯੋਜਨਾ ਬਣਾਈ ਗਈ ਹੈ। ਇਨ੍ਹਾਂ ਵਿੱਚੋਂ ਤਿੰਨ ਮੈਗਾ ਹੈਲਥ ਕੈਂਪ ਲਗਾਏ ਜਾ ਚੁੱਕੇ ਹਨ, ਜਦਕਿ ਪੰਜ ਹੋਰ ਕੈਂਪ ਆਉਣ ਵਾਲੇ ਸਮੇਂ ਵਿੱਚ ਲਗਾਏ ਜਾਣਗੇ। ਇਸ ਲੜੀ ਤਹਿਤ ਅਗਲਾ ਮੈਗਾ ਹੈਲਥ ਕੈਂਪ 8 ਸਤੰਬਰ ਨੂੰ ਸੇਖੂ ਪਿੰਡ ਵਿੱਚ ਲਗਾਇਆ ਜਾਵੇਗਾ, ਜਿਸ ਰਾਹੀਂ ਪਿੰਡ ਵਾਸੀਆਂ ਨੂੰ ਮਾਹਿਰ ਡਾਕਟਰੀ ਸਲਾਹ ਅਤੇ ਸਿਹਤ ਜਾਗਰੂਕਤਾ ਸੇਵਾਵਾਂ ਉਪਲਬਧ ਕਰਵਾਈਆਂ ਜਾਣਗੀਆਂ।
ਸਿਹਤ ਜਾਂਚ ਅਤੇ ਮਾਹਿਰ ਡਾਕਟਰੀ ਸਲਾਹ ਦੇ ਨਾਲ ਕੈਂਪ ਦੌਰਾਨ ਕਾਰਡੀਓਪਲਮੋਨਰੀ ਰੀਸਸਿਟੇਸ਼ਨ (CPR) ਸਬੰਧੀ ਜਾਗਰੂਕਤਾ ਅਤੇ ਸਿਖਲਾਈ ਸੈਸ਼ਨ ਵੀ ਕਰਵਾਇਆ ਗਿਆ। ਪਿੰਡ ਵਾਸੀਆਂ ਨੇ ਇਸ ਸੈਸ਼ਨ ਵਿੱਚ ਉਤਸ਼ਾਹ ਨਾਲ ਭਾਗ ਲਿਆ ਅਤੇ ਉਨ੍ਹਾਂ ਨੂੰ CPR ਦੀਆਂ ਜ਼ਰੂਰੀ ਤਕਨੀਕਾਂ ਦੇ ਨਾਲ-ਨਾਲ ਐਮਰਜੈਂਸੀ ਸਥਿਤੀਆਂ ਦੌਰਾਨ ਮੁੱਢਲੀ ਪ੍ਰਤੀਕਿਰਿਆ ਅਤੇ ਸਹਾਇਤਾ ਦੇ ਬੁਨਿਆਦੀ ਤਰੀਕਿਆਂ ਬਾਰੇ ਜਾਣਕਾਰੀ ਦਿੱਤੀ ਗਈ।ਇਸ ਸਿਖਲਾਈ ਦਾ ਉਦੇਸ਼ ਪਿੰਡ ਵਾਸੀਆਂ ਨੂੰ ਅਚਾਨਕ ਪੈਦਾ ਹੋਣ ਵਾਲੀਆਂ ਸਿਹਤ ਸਬੰਧੀ ਐਮਰਜੈਂਸੀ ਸਥਿਤੀਆਂ ਵਿੱਚ ਮੁੱਢਲੇ ਪੱਧਰ ’ਤੇ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਤੀਕਿਰਿਆ ਦੇਣ ਲਈ ਜਾਗਰੂਕ ਅਤੇ ਤਿਆਰ ਕਰਨਾ ਸੀ। ਇਸ ਤਰ੍ਹਾਂ ਦੀਆਂ ਪਹਿਲਕਦਮੀਆਂ ਪਿੰਡ ਪੱਧਰ ’ਤੇ ਸਿਹਤ ਜਾਗਰੂਕਤਾ ਦੇ ਨਾਲ-ਨਾਲ ਐਮਰਜੈਂਸੀ ਸਥਿਤੀਆਂ ਨਾਲ ਨਜਿੱਠਣ ਦੀ ਤਿਆਰੀ ਨੂੰ ਵੀ ਮਜ਼ਬੂਤ ਕਰਦੀਆਂ ਹਨ।ਸਰਭੰਗੀ ਡੇਰਾ ਦੇ ਮੈਂਬਰਾਂ ਨੇ ਮੈਗਾ ਹੈਲਥ ਕੈਂਪ ਦੇ ਆਯੋਜਨ ਵਿੱਚ ਸਰਗਰਮ ਸਹਿਯੋਗ ਦਿੱਤਾ ਅਤੇ ਕੈਂਪ ਦੇ ਸੁਚਾਰੂ ਸੰਚਾਲਨ ਲਈ ਲੋੜੀਂਦੇ ਪ੍ਰਬੰਧਾਂ ਵਿੱਚ ਅਹਿਮ ਭੂਮਿਕਾ ਨਿਭਾਈ।
ਉਨ੍ਹਾਂ ਦੇ ਸਹਿਯੋਗ ਨਾਲ ਕੈਂਪ ਵਿੱਚ ਵੱਧ ਤੋਂ ਵੱਧ ਪਿੰਡ ਵਾਸੀਆਂ ਦੀ ਭਾਗੀਦਾਰੀ ਯਕੀਨੀ ਬਣੀ ਅਤੇ ਸਿਹਤ ਸੇਵਾਵਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲੋਕਾਂ ਤੱਕ ਪਹੁੰਚਾਇਆ ਜਾ ਸਕਿਆ। ਕੈਂਪ ਦੌਰਾਨ ਐਚਐਮਈਐਲ ਦੇ ਕਰਮਚਾਰੀਆਂ ਨੇ CSR ਵਲੰਟੀਅਰਾਂ ਵਜੋਂ ਸਰਗਰਮ ਭਾਗੀਦਾਰੀ ਕੀਤੀ। ਉਨ੍ਹਾਂ ਨੇ ਕੈਂਪ ਦੀਆਂ ਵੱਖ-ਵੱਖ ਗਤੀਵਿਧੀਆਂ ਵਿੱਚ ਸਹਿਯੋਗ ਦਿੱਤਾ ਅਤੇ ਮਰੀਜ਼ਾਂ ਅਤੇ ਪਿੰਡ ਵਾਸੀਆਂ ਨੂੰ ਲੋੜੀਂਦੀ ਸਹਾਇਤਾ ਪ੍ਰਦਾਨ ਕੀਤੀ।
ਇਨ੍ਹਾਂ ਸਿਹਤ ਸਬੰਧੀ ਪਹਿਲਕਦਮੀਆਂ ਰਾਹੀਂ ਪਿੰਡਾਂ ਦੇ ਲੋਕਾਂ ਨੂੰ ਮੁੱਢਲੀਆਂ ਸਿਹਤ ਸੇਵਾਵਾਂ ਦੇ ਨਾਲ-ਨਾਲ ਲੋੜ ਅਨੁਸਾਰ ਮਾਹਿਰ ਡਾਕਟਰੀ ਸਲਾਹ ਵੀ ਉਪਲਬਧ ਕਰਵਾਈ ਜਾ ਰਹੀ ਹੈ। ਇਸ ਦੇ ਨਾਲ ਹੀ ਸਿਹਤ ਜਾਂਚ, ਬਿਮਾਰੀਆਂ ਦੀ ਸ਼ੁਰੂਆਤੀ ਪਛਾਣ, ਇਲਾਜ ਸਬੰਧੀ ਸਲਾਹ ਅਤੇ ਰੋਕਥਾਮੀ ਸਿਹਤ ਸੰਭਾਲ ਪ੍ਰਤੀ ਜਾਗਰੂਕਤਾ ਨੂੰ ਵੀ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਇਹ ਪਹਿਲਕਦਮੀ ਪਿੰਡਾਂ ਵਿੱਚ ਸਿਹਤ ਸੇਵਾਵਾਂ ਦੀ ਪਹੁੰਚ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਲੋਕਾਂ ਨੂੰ ਸਿਹਤਮੰਦ ਅਤੇ ਸੁਰੱਖਿਅਤ ਜੀਵਨ ਵੱਲ ਪ੍ਰੇਰਿਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਹੀ ਹੈ।
- Download Babushahi App
-
-