ਖੜਗੇ ਦੀ ਰੈਲੀ ਤੋਂ ਬਾਅਦ ਰਾਮਲੀਲਾ ਗ੍ਰਾਊਂਡ ਦੇ ‘ਸ਼ੁੱਧੀਕਰਨ’ ’ਤੇ ਵੇਰਕਾ ਵੱਲੋਂ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ
ਬੀਜੇਪੀ ਕਰ ਰਹੀ ਦੋਸ਼ੀਆਂ ਦੀ ਪੁਸਤਪਨਾਹੀ; ਮਾਫੀ ਦੀ ਬਜਾਏ ਬੀਜੇਪੀ ਸੂਬਾ ਪ੍ਰਧਾਨ ਠਹਿਰਾ ਰਹੇ ਘਟਨਾ ਨੂੰ ਸਹੀ
ਕੁਲਵਿੰਦਰ ਸਿੰਘ
ਅੰਮ੍ਰਿਤਸਰ 29 ਅਗਸਤ 2026-ਉੱਤਰਾਖੰਡ ਦੇ ਹਲਦਵਾਨੀ ਵਿੱਚ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਮਲਿਕਾਰਜੁਨ ਖੜਗੇ ਦੀ ਰੈਲੀ ਤੋਂ ਬਾਅਦ ਰਾਮਲੀਲਾ ਗ੍ਰਾਊਂਡ ਦੇ ਕਥਿਤ ‘ਸ਼ੁੱਧੀਕਰਨ’ ਨੂੰ ਲੈ ਕੇ ਸਿਆਸੀ ਵਿਵਾਦ ਖੜ੍ਹਾ ਹੋ ਗਿਆ ਹੈ। ਇਸ ਮਾਮਲੇ ਨੂੰ ਲੈ ਕੇ ਕਾਂਗਰਸ ਵੱਲੋਂ ਅੰਮ੍ਰਿਤਸਰ ਵਿੱਚ ਰੋਸ ਜ਼ਾਹਰ ਕੀਤਾ ਗਿਆ।
ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਦਫ਼ਤਰ ਪਹੁੰਚੇ ਕਾਂਗਰਸ ਦੇ ਸੀਨੀਅਰ ਨੇਤਾ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਵਾਈਸ ਪ੍ਰਧਾਨ ਡਾ. ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਉੱਤਰਾਖੰਡ ਦੇ ਹਲਦਵਾਨੀ ਵਿੱਚ ਮਲਿਕਾਰਜੁਨ ਖੜਗੇ ਦੀ ਰੈਲੀ ਤੋਂ ਬਾਅਦ ਰਾਮਲੀਲਾ ਗ੍ਰਾਊਂਡ ਦਾ ਸ਼ੁੱਧੀਕਰਨ ਕੀਤਾ ਗਿਆ। ਡਾ. ਵੇਰਕਾ ਨੇ ਦੋਸ਼ ਲਗਾਇਆ ਕਿ ਇਸ ਕਾਰਵਾਈ ਨੂੰ ਉੱਤਰਾਖੰਡ ਭਾਜਪਾ ਦੇ ਪ੍ਰਧਾਨ ਮਹਿੰਦਰ ਭੱਟ ਵੱਲੋਂ ਜਾਇਜ਼ ਠਹਿਰਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਘਟਨਾ ਨੂੰ ਲੈ ਕੇ ਦੇਸ਼ ਭਰ ਦੇ ਦਲਿਤ ਸਮਾਜ ਵਿੱਚ ਭਾਰੀ ਰੋਸ ਅਤੇ ਗੁੱਸਾ ਹੈ।
ਡਾ. ਵੇਰਕਾ ਨੇ ਕਿਹਾ ਕਿ ਕਾਂਗਰਸ ਵੱਲੋਂ ਭਾਜਪਾ ਅਤੇ ਖਾਸ ਤੌਰ ’ਤੇ ਪ੍ਰਧਾਨ ਮੰਤਰੀ ਤੋਂ ਮੁਆਫ਼ੀ ਦੀ ਮੰਗ ਕੀਤੀ ਗਈ ਸੀ। ਇਸ ਦੇ ਨਾਲ ਹੀ ਕਥਿਤ ਤੌਰ ’ਤੇ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਐੱਫ.ਆਈ.ਆਰ. ਦਰਜ ਕਰਕੇ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਭਾਜਪਾ ਸਰਕਾਰ ਵੱਲੋਂ ਕਾਰਵਾਈ ਕਰਨ ਦੀ ਬਜਾਏ ਮੁਲਜ਼ਮਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸੇ ਦੇ ਚੱਲਦਿਆਂ ਉਹ ਅੱਜ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਨੂੰ ਹਲਦਵਾਨੀ ਦੀ ਘਟਨਾ ਸਬੰਧੀ ਐੱਫ.ਆਈ.ਆਰ. ਦਰਜ ਕਰਨ ਲਈ ਅਰਜ਼ੀ ਦੇਣ ਪਹੁੰਚੇ ਹਨ।
ਡਾ. ਵੇਰਕਾ ਨੇ ਮੰਗ ਕੀਤੀ ਕਿ ਮਾਮਲੇ ਵਿੱਚ ਤੁਰੰਤ ਐੱਫ.ਆਈ.ਆਰ. ਦਰਜ ਕੀਤੀ ਜਾਵੇ ਅਤੇ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇ। ਉਨ੍ਹਾਂ ਐਟਰੋਸਿਟੀ ਐਕਟ ਦੇ ਤਹਿਤ ਵੀ ਮਾਮਲਾ ਦਰਜ ਕਰਨ ਦੀ ਮੰਗ ਕੀਤੀ।
ਉਨ੍ਹਾਂ ਕਿਹਾ ਕਿ ਜੇਕਰ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਬਣਦੀ ਕਾਰਵਾਈ ਨਹੀਂ ਕੀਤੀ ਜਾਂਦੀ ਤਾਂ ਕਾਂਗਰਸ ਵੱਲੋਂ ਹਾਈ ਕੋਰਟ ਦਾ ਰੁਖ ਕੀਤਾ ਜਾਵੇਗਾ ਅਤੇ ਰਿੱਟ ਦਾਇਰ ਕੀਤੀ ਜਾਵੇਗੀ। ਡਾ. ਰਾਜ ਕੁਮਾਰ ਵੇਰਕਾ ਨੇ ਭਾਜਪਾ ਅਤੇ ਆਰ.ਐੱਸ.ਐੱਸ. ’ਤੇ ਦਲਿਤਾਂ ਪ੍ਰਤੀ ਕਥਿਤ ਮਾਨਸਿਕਤਾ ਦੇ ਦੋਸ਼ ਲਗਾਉਂਦਿਆਂ ਕਿਹਾ ਕਿ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਮਲਿਕਾਰਜੁਨ ਖੜਗੇ ਨੂੰ ਨਫ਼ਰਤ ਦੇ ਘੇਰੇ ਵਿੱਚ ਲਿਆਉਣ ਦੀ ਕੋਸ਼ਿਸ਼ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
- Download Babushahi App
-
-