ਫਿਊਚਰ ਯੂਥ ਲੀਡਰਜ਼ ਬੂਟ ਕੈਂਪ :ਨੌਜਵਾਨਾਂ ਨੇ ਲੀਡਰਸ਼ਿਪ, ਵਿੱਤੀ ਪ੍ਰਬੰਧਨ, ਏਆਈ ਅਤੇ ਕਰੀਅਰ ਨਿਰਮਾਣ ਦੇ ਸਿੱਖੇ ਗੁਰ
ਅਸ਼ੋਕ ਵਰਮਾ
ਬਠਿੰਡਾ, 29 ਬਠਿੰਡਾ 2026 : ਯੁਵਾ ਮਾਮਲੇ ਅਤੇ ਖੇਡ ਮੰਤਰਾਲਾ, ਭਾਰਤ ਸਰਕਾਰ ਦੇ ਮੇਰਾ ਯੁਵਾ ਭਾਰਤ, ਬਠਿੰਡਾ ਵੱਲੋਂ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਸਹਿਯੋਗ ਨਾਲ ਕਰਵਾਏ ਗਏ ਤਿੰਨ ਰੋਜ਼ਾ ‘ਫਿਊਚਰ ਯੂਥ ਲੀਡਰਜ਼ ਬੂਟ ਕੈਂਪ’ ਸਫਲਤਾਪੂਰਵਕ ਨੇਪਰੇ ਚਾੜ੍ਹਿਆ ਗਿਆ।
25 ਤੋਂ 27 ਅਗਸਤ ਤੱਕ ਕਰਵਾਏ ਗਏ ਇਸ ਬੂਟ ਕੈਂਪ ਵਿੱਚ 35 ਨੌਜਵਾਨਾਂ ਨੇ ਭਾਗ ਲਿਆ। ਕੈਂਪ ਦਾ ਮੁੱਖ ਉਦੇਸ਼ ਨੌਜਵਾਨਾਂ ਵਿੱਚ ਲੀਡਰਸ਼ਿਪ ਸਮਰੱਥਾ, ਸ਼ਖ਼ਸੀਅਤ ਵਿਕਾਸ, ਹੁਨਰ ਨਿਰਮਾਣ, ਸਮਾਜਿਕ ਜ਼ਿੰਮੇਵਾਰੀ ਅਤੇ ਭਵਿੱਖ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਲੋੜੀਂਦੀਆਂ ਸਮਰੱਥਾਵਾਂ ਦਾ ਵਿਕਾਸ ਕਰਨਾ ਸੀ। ਇਹ ਜਾਣਕਾਰੀ ਜ਼ਿਲ੍ਹਾ ਯੁਵਾ ਅਧਿਕਾਰੀ ਸ਼੍ਰੀਮਤੀ ਮਿਸ਼ਾ ਨੇ ਸਾਂਝੀ ਕੀਤੀ।
ਡਾ. ਸਾਜਿਦ ਮੀਰ ਨੇ ਵਿੱਤੀ ਸਾਖਰਤਾ ਸਬੰਧੀ ਲੈਕਚਰ ਦਿੰਦਿਆਂ ਨੌਜਵਾਨਾਂ ਨੂੰ ਬਜਟ ਪ੍ਰਬੰਧਨ, ਬੱਚਤ, ਵਿੱਤੀ ਯੋਜਨਾਬੰਦੀ ਅਤੇ ਜ਼ਿੰਮੇਵਾਰ ਵਿੱਤੀ ਫੈਸਲੇ ਲੈਣ ਬਾਰੇ ਜਾਣਕਾਰੀ ਦਿੱਤੀ।
ਡਾ. ਰੂਪਾਲੀ ਨੇ ਆਰਟੀਫਿਸ਼ੀਅਲ ਇੰਟੈਲੀਜੈਂਸ (ਏਆਈ) ਵਿਸ਼ੇ ’ਤੇ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਏਆਈ ਦੀ ਵਧ ਰਹੀ ਵਰਤੋਂ, ਵੱਖ-ਵੱਖ ਖੇਤਰਾਂ ਵਿੱਚ ਇਸ ਦੇ ਉਪਯੋਗ ਅਤੇ ਭਵਿੱਖ ਦੇ ਕਰੀਅਰ ਵਿੱਚ ਇਸ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ। ਇਸੇ ਤਰ੍ਹਾਂ ਡਾ. ਸਤੀਸ਼ ਕੁਮਾਰ ਨੇ ‘ਕਰੀਅਰ ਰੈਡੀਨੈੱਸ ਐਂਡ ਗਾਈਡੈਂਸ’ ਵਿਸ਼ੇ ’ਤੇ ਵਿਸ਼ੇਸ਼ ਸੈਸ਼ਨ ਦੌਰਾਨ ਨੌਜਵਾਨਾਂ ਨੂੰ ਕਰੀਅਰ ਦੀ ਚੋਣ, ਹੁਨਰ ਵਿਕਾਸ, ਰੋਜ਼ਗਾਰ ਲਈ ਲੋੜੀਂਦੀਆਂ ਸਮਰੱਥਾਵਾਂ ਅਤੇ ਭਵਿੱਖ ਦੇ ਮੌਕਿਆਂ ਲਈ ਤਿਆਰੀ ਸਬੰਧੀ ਮਾਰਗਦਰਸ਼ਨ ਦਿੱਤਾ।
ਬੂਟ ਕੈਂਪ ਦੌਰਾਨ ਪ੍ਰੋ. (ਡਾ.) ਪ੍ਰਿਯੰਕਾ ਧਈਆ ਅਤੇ ਪ੍ਰੋ. ਸਿਕੰਦਰ ਸਿੰਘ ਵੱਲੋਂ ਇੱਕ ਵਿਸ਼ੇਸ਼ ਸਮੂਹ ਸੈਸ਼ਨ ਕਰਵਾਇਆ ਗਿਆ। ਇਸ ਦੌਰਾਨ ਭਾਗੀਦਾਰਾਂ ਨੇ ਯੂਥ ਪਾਰਲੀਮੈਂਟ ਦਾ ਆਯੋਜਨ ਕੀਤਾ ਅਤੇ ਵੱਖ-ਵੱਖ ਗਰੁੱਪ ਐਕਸਰਸਾਈਜ਼ ਅਤੇ ਟੀਮ-ਬਿਲਡਿੰਗ ਗਤੀਵਿਧੀਆਂ ਵਿੱਚ ਉਤਸ਼ਾਹ ਨਾਲ ਭਾਗ ਲਿਆ।
ਯੂਥ ਆਈਕਨ ਸ੍ਰੀ ਹੁਸਨਦੀਪ ਸਿੰਘ ਨੇ ਭਾਗੀਦਾਰਾਂ ਨਾਲ ਗੱਲ ਕਰਦਿਆਂ ਯੂਥ ਕਲੱਬਾਂ ਦੀ ਮਹੱਤਤਾ, ਉਨ੍ਹਾਂ ਦੇ ਗਠਨ ਅਤੇ ਵੱਖ-ਵੱਖ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ।
ਇਸ ਮੌਕੇ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. (ਡਾ.) ਬਲਰਾਜ ਸਿੰਘ ਨੇ ਭਾਗੀਦਾਰਾਂ ਨਾਲ ਗੱਲਬਾਤ ਕੀਤੀ। ਮੇਰਾ ਯੁਵਾ ਭਾਰਤ, ਬਠਿੰਡਾ ਵੱਲੋਂ ਵੱਖ-ਵੱਖ ਗਤੀਵਿਧੀਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਜੇਤੂਆਂ ਨੂੰ ਯਾਦਗਾਰੀ ਚਿੰਨ੍ਹ (ਮੋਮੈਂਟੋ) ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਸਰਟੀਫਿਕੇਟ ਵੰਡੇ ਗਏ।
- Download Babushahi App
-
-