ਬਠਿੰਡਾ ਪੁਲਿਸ ਵੱਲੋਂ ਸੁਰੱਖਿਆ ਲੈਣ ਲਈ ਖੁਦ 'ਤੇ ਹਮਲਾ ਕਰਵਾਉਣ ਵਾਲਾ ਗ੍ਰਿਫਤਾਰ
ਮੁਲਜਮ ਦੇ ਦੋ ਸਾਥੀਆਂ ਦੀ ਤਲਾਸ਼ ਜਾਰੀ
ਅਸ਼ੋਕ ਵਰਮਾ
ਬਠਿੰਡਾ, 29 ਅਗਸਤ 2026 :ਬਠਿੰਡਾ ਪੁਲੀਸ ਅਤੇ ਕਾਊਂਟਰ ਇੰਟੈਲੀਜੈਂਸ ਨੇ ਜਲਣਸ਼ੀਲ ਪਦਾਰਥ ਨਾਲ ਹਮਲੇ ਦੀ ਘਟਨਾ ਦੀ ਗੁੱਥੀ ਸੁਲਝਾਉਂਦਿਆਂ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ ਜਿਸ ਨੇ ਸਰਕਾਰੀ ਸੁਰੱਖਿਆ ਹਾਸਿਲ ਕਰਨ ਲਈ ਆਪਣੇ ਹੀ ਘਰ ’ਤੇ ਹਮਲਾ ਕਰਵਾਉਣ ਦੀ ਸਾਜ਼ਿਸ਼ ਰਚੀ ਸੀ।
ਐਸ ਐਸ ਪੀ ਡਾ. ਜੋਤੀ ਯਾਦਵ ਨੇ ਪੁਲਿਸ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ 26 ਅਗਸਤ ਦੀ ਰਾਤ ਨੂੰ ਕਰੀਬ 11.20 ਵਜੇ ਥਾਣਾ ਕੈਂਟ ਬਠਿੰਡਾ ਨੂੰ ਵਾਰਡ ਨੰਬਰ-9, ਭੁੱਚੋ ਖੁਰਦ ਵਾਸੀ ਹਰਜੀਤ ਸਿੰਘ ਦੇ ਘਰ ’ਤੇ ਜਲਣਸ਼ੀਲ ਪਦਾਰਥ ਸੁੱਟ ਕੇ, ਅੱਗ ਲਾਉਣ ਦੀ ਸੂਚਨਾ ਮਿਲੀ ਸੀ। ਮੌਕੇ ’ਤੇ ਪੁੱਜੀ ਪੁਲੀਸ ਨੇ ਜਾਂਚ ਦੌਰਾਨ ਦੇਖਿਆ ਕਿ ਅਣਪਛਾਤੇ ਵਿਅਕਤੀਆਂ ਨੇ ਘਰ ਕੋਲ ਖੜ੍ਹੀ ਗੱਡੀ ਨੂੰ ਵੀ ਨੁਕਸਾਨ ਪਹੁੰਚਾਇਆ ਸੀ।
ਐਸ ਐਸ ਪੀ ਨੇ ਅੱਗੇ ਦੱਸਿਆ ਕਿ ਘਟਨਾ ਦੀ ਜਾਂਚ ਲਈ ਬਠਿੰਡਾ ਪੁਲੀਸ ਅਤੇ ਕਾਊਂਟਰ ਇੰਟੈਲੀਜੈਂਸ ਦੀਆਂ ਵੱਖ-ਵੱਖ ਟੀਮਾਂ ਬਣਾਈਆਂ ਗਈਆਂ। ਤਕਨੀਕੀ ਜਾਂਚ, ਸੀਸੀਟੀਵੀ ਕੈਮਰਿਆਂ ਅਤੇ ਮਨੁੱਖੀ ਸੂਚਨਾ ਦੇ ਆਧਾਰ ’ਤੇ ਪੁਲੀਸ ਨੇ ਕਥਿਤ ਦੋਸ਼ੀ ਦੀ ਪਛਾਣ ਕਰ ਲਈ। ਇਸ ਮਗਰੋਂ ਤਰਨਤਾਰਨ ਜ਼ਿਲ੍ਹੇ ਦੇ ਥਾਣਾ ਝਬਾਲ ਅਧੀਨ ਪਿੰਡ ਪੱਧਰੀ ਖੁਰਦ ਵਾਸੀ ਅਨਮੋਲਪ੍ਰੀਤ ਸਿੰਘ ਉਰਫ਼ ਮੋਲਾ (18 ਸਾਲ) ਨੂੰ ਗ੍ਰਿਫ਼ਤਾਰ ਕੀਤਾ ਗਿਆ। ਪੁੱਛ-ਪੜਤਾਲ ਦੌਰਾਨ ਅਨਮੋਲਪ੍ਰੀਤ ਸਿੰਘ ਨੇ ਕਥਿਤ ਤੌਰ ’ਤੇ ਮੰਨਿਆ ਕਿ ਇਹ ਹਮਲਾ ਹਰਜੀਤ ਸਿੰਘ ਨੇ ਪੁਲੀਸ ਸੁਰੱਖਿਆ ਲੈਣ ਲਈ ਖੁਦ ਕਰਵਾਇਆ ਸੀ। ਪੁਲੀਸ ਨੇ ਇਸ ਮਾਮਲੇ ਵਿੱਚ ਹਰਜੀਤ ਸਿੰਘ (31 ਸਾਲ) ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ। ਐਸ ਐਸ ਪੀ ਮੁਤਾਬਿਕ ਅਨਮੋਲਪ੍ਰੀਤ ਸਿੰਘ ਨੇ ਦੋ ਹੋਰ ਵਿਅਕਤੀਆਂ ਬਾਰੇ ਵੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਦੋਵਾਂ ਨੂੰ ਮਾਮਲੇ ਵਿੱਚ ਨਾਮਜ਼ਦ ਕਰਕੇ ਜਲਦੀ ਗ੍ਰਿਫ਼ਤਾਰ ਕੀਤਾ ਜਾਵੇਗਾ।
- Download Babushahi App
-
-